ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਤੀਜੀ ਵਾਰ ਰੱਦ
Tuesday, Oct 24, 2017 - 07:34 AM (IST)

ਚੰਡੀਗੜ੍ਹ, (ਸੰਦੀਪ)- ਆਈ. ਏ. ਐੱਸ. ਦੀ ਬੇਟੀ ਨਾਲ ਛੇੜਛਾੜ ਮਾਮਲੇ 'ਚ ਦੋਸ਼ੀ ਵਿਕਾਸ ਬਰਾਲਾ ਦੀ ਜ਼ਮਾਨਤ ਪਟੀਸ਼ਨ ਨੂੰ ਜ਼ਿਲਾ ਅਦਾਲਤ ਨੇ ਤੀਜੀ ਵਾਰ ਰੱਦ ਕਰ ਦਿੱਤਾ। ਵਿਕਾਸ ਵਲੋਂ ਦਾਇਰ ਜ਼ਮਾਨਤ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਥਾਣਾ ਪੁਲਸ ਮਾਮਲੇ 'ਚ ਚਲਾਨ ਦਾਖਲ ਕਰ ਚੁੱਕੀ ਹੈ ਤੇ ਦੋਨਾਂ ਮੁਲਜ਼ਮਾਂ ਖਿਲਾਫ ਦੋਸ਼ ਤੈਅ ਹੋ ਚੁੱਕੇ ਹਨ। ਇਸ ਤਰ੍ਹਾਂ ਹੁਣ ਜਾਂਚ ਵੀ ਪੂਰੀ ਹੋ ਚੁੱਕੀ ਹੈ ਤੇ ਪੁਲਸ ਨੇ ਕਿਸੇ ਤਰ੍ਹਾਂ ਦੀ ਪੁੱਛਗਿੱਛ ਵੀ ਨਹੀਂ ਕਰਨੀ ਹੈ। ਇਸ ਆਧਾਰ 'ਤੇ ਵਿਕਾਸ ਨੂੰ ਜ਼ਮਾਨਤ ਦਾ ਲਾਭ ਦਿੱਤਾ ਜਾਵੇ। ਉਥੇ ਦੂਜੇ ਪਾਸੇ ਅਭਿਯੋਜਨ ਪੱਖ ਨੇ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਪੁਲਸ ਦੀ ਜਾਂਚ ਹਾਲੇ ਖਤਮ ਨਹੀਂ ਹੋਈ ਹੈ, ਮਾਮਲੇ 'ਚ ਹਾਲੇ ਸੀ. ਐੱਫ. ਐੱਸ. ਐੱਲ. ਰਿਪੋਰਟ ਆਉਣੀ ਬਾਕੀ ਹੈ। ਇਸ ਲਈ ਮੁਲਜ਼ਮ ਨੂੰ ਜ਼ਮਾਨਤ ਦਾ ਲਾਭ ਨਾ ਦਿੱਤਾ ਜਾਵੇ। 27 ਅਕਤੂਬਰ ਤੋਂ ਕੇਸ ਦਾ ਟ੍ਰਾਈਲ ਸ਼ੁਰੂ ਕੀਤਾ ਜਾਵੇਗਾ।