ਕੇਂਦਰੀ ਮੰਤਰੀ ਸਾਂਪਲਾ ਦੀ ਟਿਕਟ ''ਤੇ ਵੀ ਮੰਡਰਾ ਰਿਹੈ ਖਤਰਾ

Friday, Apr 05, 2019 - 03:30 PM (IST)

ਕੇਂਦਰੀ ਮੰਤਰੀ ਸਾਂਪਲਾ ਦੀ ਟਿਕਟ ''ਤੇ ਵੀ ਮੰਡਰਾ ਰਿਹੈ ਖਤਰਾ

ਲੁਧਿਆਣਾ (ਹਿਤੇਸ਼) : ਲੋਕ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਵਲੋਂ ਹੁਣ ਤੱਕ ਜਾਰੀ ਕੀਤੀ ਗਈ ਉਮੀਦਵਾਰਾਂ ਦੀ ਸੂਚੀ 'ਚ ਲਾਲ ਕ੍ਰਿਸ਼ਨ ਅਡਵਾਣੀ ਅਤੇ ਮੁਰਲੀ ਮਨੋਹਰ ਜੋਸ਼ੀ ਵਰਗੇ ਧੁੰਨਤਰ ਆਗੂਆਂ ਦਾ ਨਾਂ ਸ਼ਾਮਲ ਨਾ ਕਰਨ ਦਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਇਸ ਤੋਂ ਇਲਾਵਾ ਕਈ ਮੌਜੂਦਾ ਮੰਤਰੀਆਂ ਅਤੇ ਐੱਮ. ਪੀ. ਨੂੰ ਵੀ ਹੁਣ ਤੱਕ ਟਿਕਟ ਨਹੀਂ ਦਿੱਤੀ ਗਈ ਹੈ, ਜਿਸ 'ਚ ਪੰਜਾਬ 'ਚ ਭਾਜਪਾ ਦੇ ਇਕਲੌਤੇ ਐੱਮ. ਪੀ. ਅਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਦਾ ਨਾਂ ਵੀ ਸ਼ਾਮਲ ਨਹੀਂ ਕੀਤਾ ਗਿਆ, ਜਿਸ ਨੂੰ ਲੈ ਕੇ ਭਾਜਪਾ ਦੇ ਅੰਦਰ ਅਤੇ ਬਾਹਰ ਚਰਚਾ ਛਿੜ ਗਈ ਹੈ ਕਿ ਕਿਤੇ ਪੰਜਾਬ ਦੀ ਪ੍ਰਧਾਨਗੀ ਤੋਂ ਬਾਅਦ ਸਾਂਪਲਾ ਦੀ ਟਿਕਟ 'ਤੇ ਵੀ ਖਤਰਾ ਤਾਂ ਨਹੀਂ ਮੰਡਰਾਅ ਰਿਹਾ ਹੈ।
ਇੱਥੇ ਦੱਸਣਾ ਉਚਿਤ ਹੋਵੇਗਾ ਕਿ ਸਾਂਪਲਾ ਪਹਿਲੀ ਵਾਰ 2014 'ਚ ਹੁਸ਼ਿਆਰਪੁਰ ਸੀਟ ਤੋਂ ਐੱਮ. ਪੀ. ਚੁਣੇ ਗਏ ਸਨ। ਉਸ ਤੋਂ ਬਾਅਦ ਭਾਜਪਾ ਨੇ ਉਨ੍ਹਾਂ ਨੂੰ ਦਲਿਤ ਚਿਹਰੇ ਦੇ ਰੂਪ 'ਚ ਪਹਿਲਾ ਪੰਜਾਬ ਦਾ ਪ੍ਰਧਾਨ ਅਤੇ ਫਿਰ ਕੇਂਦਰ ਸਰਕਾਰ 'ਚ ਮੰਤਰੀ ਬਣਾ ਦਿੱਤਾ ਗਿਆ ਪਰ ਕੁਝ ਦੇਰ ਬਾਅਦ ਹੀ ਪਾਰਟੀ ਹਾਈਕਮਾਨ ਦਾ ਮਨ ਸਾਂਪਲਾ ਤੋਂ ਅੱਕ ਗਿਆ ਅਤੇ ਵਿਧਾਨ ਸਭਾ ਚੋਣਾਂ 'ਚ ਮਿਲੀ ਹਾਰ ਤੋਂ ਬਾਅਦ ਉਨ੍ਹਾਂ ਤੋਂ ਪੰਜਾਬ ਪ੍ਰਧਾਨ ਦੀ ਕੁਰਸੀ ਖੁੱਸ ਗਈ, ਜਿਨ੍ਹਾਂ ਦੀ ਥਾਂ ਹੁਣ ਅਰੁਣ ਜੇਤਲੀ ਦੇ ਕਰੀਬੀ ਸ਼ਵੇਤ ਮਲਿਕ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸੇ ਤਰ੍ਹਾਂ ਲੋਕ ਸਭਾ ਚੋਣਾਂ 'ਚ ਪਹਿਲੀ ਲਿਸਟ 'ਚ ਹੁਣ ਤੱਕ ਸਾਂਪਲਾ ਦੀ ਟਿਕਟ ਕਲੀਅਰ ਨਹੀਂ ਕੀਤੀ ਗਈ ਹੈ, ਜਿਸ ਦਾ ਕਾਰਨ ਹੁਸ਼ਿਆਰਪੁਰ ਦੇ ਲੋਕਾਂ 'ਚ ਉਨ੍ਹਾਂ ਦੀ ਵਰਕਿੰਗ ਨੂੰ ਲੈ ਕੇ ਨਾਰਾਜ਼ਗੀ ਹੋਣ ਦੀ ਹਾਈਕਮਾਨ ਤੱਕ ਪਹੁੰਚ ਰਹੀਆਂ ਰਿਪੋਰਟਾਂ ਨੂੰ ਵੀ ਮੰਨਿਆ ਜਾ ਰਿਹਾ ਹੈ।


author

Babita

Content Editor

Related News