ਪੰਜਾਬ ''ਚ ਟੋਲ ਪਲਾਜ਼ਿਆਂ ''ਤੇ ਇਲੈਕਟ੍ਰਾਨਿਕ ਵਿਧੀ ਲਾਗੂ ਕਰਨ ਦੀ ਤਿਆਰੀ : ਸਿੰਗਲਾ

Tuesday, Oct 15, 2019 - 01:41 PM (IST)

ਪੰਜਾਬ ''ਚ ਟੋਲ ਪਲਾਜ਼ਿਆਂ ''ਤੇ ਇਲੈਕਟ੍ਰਾਨਿਕ ਵਿਧੀ ਲਾਗੂ ਕਰਨ ਦੀ ਤਿਆਰੀ : ਸਿੰਗਲਾ

ਚੰਡੀਗੜ੍ਹ (ਰਮਨਜੀਤ) : ਪੰਜਾਬ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਇਕੱਤਰ (ਐੱਨ. ਈ. ਟੀ. ਸੀ.) ਪ੍ਰੋਗਰਾਮ ਨੂੰ ਸੂਬੇ ਦੇ ਰਾਜ ਮਾਰਗਾਂ 'ਤੇ ਲੱਗੇ ਟੋਲ ਪਲਾਜ਼ਿਆਂ ਉਪਰ ਲਾਗੂ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਵਿਵਸਥਾ ਨੂੰ ਕੇਂਦਰੀ ਸੜਕੀ ਆਵਾਜਾਈ ਮੰਤਰਾਲੇ ਵਲੋਂ ਨਿਰਧਾਰਿਤ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਮਲ 'ਚ ਲਿਆਂਦਾ ਜਾਵੇਗਾ। ਇਹ ਵਿਚਾਰ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵਲੋਂ ਨਵੀਂ ਦਿੱਲੀ ਦੇ ਡਾ. ਅੰਬੇਡਕਰ ਅੰਤਰਰਾਸ਼ਟਰੀ ਕੇਂਦਰ ਵਿਖੇ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੀ ਪ੍ਰਧਾਨਗੀ ਹੇਠ ਵਨ-ਨੇਸ਼ਨ ਵਨ ਟੈਗ-ਫਾਸਟੈਗ ਵਿਸ਼ੇ 'ਤੇ ਹੋਈ ਕਾਨਫਰੰਸ 'ਚ ਸ਼ਿਰਕਤ ਕਰਨ ਮੌਕੇ ਪ੍ਰਗਟਾਏ ਗਏ।

ਉਨ੍ਹਾਂ ਦੱਸਿਆ ਕਿ ਰੇਡੀਓ ਫਰੀਕੁਐਂਸੀ ਆਈਡੈਂਟੀਫਿਕੇਸ਼ਨ (ਆਰ. ਐੱਫ. ਆਈ. ਡੀ.) ਤਕਨੀਕ ਜ਼ਰੀਏ ਲਾਗੂ ਹੋਣ ਵਾਲੀ ਇਸ ਵਿਵਸਥਾ ਦਾ ਮਕਸਦ ਆਵਾਜਾਈ ਨੂੰ ਹੋਰ ਸੁਚਾਰੂ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਇਲੈਕਟ੍ਰਾਨਿਕ ਵਿਧੀ ਜ਼ਰੀਏ ਟੋਲ ਫੀਸ ਇਕੱਤਰ ਕਰਨਾ ਹੈ, ਜੋ ਕਿ ਆਰ. ਐੱਫ. ਆਈ. ਡੀ. ਤਕਨੀਕ ਨਾਲ ਸੰਭਵ ਹੋਵੇਗਾ ਜਿਸ ਦੇ ਨਤੀਜੇ ਵਜੋਂ ਵਾਹਨ ਟੋਲ ਪਲਾਜ਼ਿਆਂ ਰਾਹੀਂ ਬਿਨਾਂ ਦੇਰੀ ਸੁਚਾਰੂ ਢੰਗ ਨਾਲ ਲੰਘ ਸਕਣਗੇ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਸਬੰਧਤ ਅਧਿਕਾਰੀ ਪਹਿਲਾਂ ਹੀ ਲੋੜੀਂਦੇ ਤਕਨੀਕੀ ਯੰਤਰਾਂ ਨੂੰ ਲਾਉਣ ਸਬੰਧੀ ਤੇਜ਼ੀ ਨਾਲ ਕੰਮ ਕਰ ਰਹੇ ਹਨ ਤਾਂ ਜੋ ਇਸ ਨਵੀਂ ਵਿਵਸਥਾ ਨੂੰ ਅਮਲ 'ਚ ਲਿਆਂਦਾ ਜਾ ਸਕੇ। ਜ਼ਿਕਰਯੋਗ ਹੈ ਕਿ ਰਾਸ਼ਟਰੀ ਇਲੈਕਟ੍ਰਾਨਿਕ ਟੋਲ ਕੁਲੈਕਸ਼ਨ (ਐੱਨ.ਈ.ਟੀ.ਸੀ) ਕੇਂਦਰ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਫਾਸਟੈਗ ਜ਼ਰੀਏ ਟੋਲ ਫੀਸ ਦੀ ਕਟੌਤੀ ਲਈ 1 ਦਸੰਬਰ 2019 ਨਿਸ਼ਚਿਤ ਕੀਤੀ ਗਈ ਹੈ।


author

Anuradha

Content Editor

Related News