ਸਿੰਗਲਾ ਦਾ ਹੁਕਮ, ਜਨਤਾ ਦੀਆਂ ਸਮੱਸਿਆਵਾਂ ਦੇ ਹੱਲ ਲਈ ਬਣਾਇਆ ਜਾਵੇ ਵਟਸਐਪ ਗਰੁੱਪ
Tuesday, Jun 25, 2019 - 06:31 PM (IST)

ਰੂਪਨਗਰ (ਸੱਜਣ ਸੈਣੀ)— ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਬਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਦੇ ਹੱਲ ਲਈ ਸਾਰੇ ਮੈਬਰਾਂ ਅਤੇ ਅਧਿਕਾਰੀਆਂ ਦਾ ਵਟਸਐਪ ਗਰੁੱਪ ਬਣਾਇਆ ਜਾਵੇ। ਇਸ ਵਟਸਐਪ ਗਰੁੱਪ 'ਤੇ ਸਮੱਸਿਆ ਦੇ ਹੱਲ ਅਤੇ ਕੀਤੇ ਗਏ ਯਤਨਾਂ ਦੀ ਰਿਪੋਰਟ ਸਮੇਂ-ਸਮੇਂ 'ਤੇ ਸ਼ੇਅਰ ਕੀਤੀ ਜਾਵੇ ਤਾਂ ਜੋ ਕਮੇਟੀ ਦੇ ਸਾਰੇ ਮੈਬਰਾਂ ਨੂੰ ਸਮੇਂ-ਸਮੇਂ ਸਿਰ ਜਾਣਕਾਰੀ ਮਿਲ ਸਕੇ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕਿਸ ਪੱਧਰ 'ਤੇ ਕੀਤਾ ਜਾ ਰਿਹਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਨਿਰਮਾਣ ਮੰਤਰੀ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਸ਼ਿਕਾਇਤ ਨਿਰਵਾਰਨ ਕਮੇਟੀ ਦੀ ਬੈਠਕ ਦੌਰਾਨ ਅਧਿਕਾਰੀਆ ਨੂੰ ਦਿਸ਼ਾ ਨਿਰਦੇਸ਼ ਦਿੰਦੇ ਹੋਇਆ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਵਿਧਾਇਕ ਅਮਰਜੀਤ ਸਿੰਘ ਸੰਧੋਆ, ਡਾ. ਸੁਮਿਤ ਜਾਰੰਗਲ ਡਿਪਟੀ ਕਮਿਸ਼ਨਰ, ਸਵਪਨ ਸ਼ਰਮਾ ਸੀਨੀਅਰ ਪੁਲਿਸ ਕਪਤਾਨ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਇਸ ਮੌਕੇ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਬਰਾਂ ਵੱਲੋਂ ਉਠਾਈਆਂ ਗਈਆਂ ਸਮੱਸਿਆਵਾਂ ਨਵੀਆਂ ਸੜਕਾਂ ਬਨਾਉਣ, ਸਵੀਰੇਜ ਗੰਦੇ ਪਾਣੀ ਦੀ ਨਿਕਾਸੀ, ਟ੍ਰੈਫਿਕ ਸਮੱਸਿਆ, ਅਵਾਰਾ ਪਸ਼ੂਆਂ ਦੇ ਰੱਖ ਰਖਾਵ, ਪੀਣ ਵਾਲੇ ਪਾਣੀ ਦੀ ਸਮੱਸਿਆ ਸਮੇਤ ਹੋਰ ਬੁਨਿਆਦੀ ਸਮੱਸਿਆ ਸਬੰਧੀ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਸ ਦੇ ਨਾਲ ਹੀ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨ੍ਹਾਂ ਸਮੱÎਸਿਆਵਾਂ ਦੇ ਹੱਲ ਲਈ ਤੁਰੰਤ ਨਿਰਦੇਸ਼ ਦਿੱਤੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਸਿੰਗਲਾ ਨੇ ਕਿਹਾ ਕਿ ਸਿੱਖਿਆ ਵਿਭਾਗ 'ਚ ਕਾਫੀ ਨਵੇਂ ਸੁਧਾਰ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਲੈ ਕੇ ਵੱਡਾ ਫੋਕਸ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਵਧਾਈਆਂ ਫੀਸਾਂ 'ਤੇ ਪੁੱਛੇ ਸਵਾਲ 'ਤੇ ਮੰਤਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ 'ਚ ਇਹ ਮੁੱਦਾ ਨਹੀਂ ਆਇਆ।
ਫੰਡਾਂ ਦੀ ਘਾਟ ਬਾਰੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਕਾਸ ਕਾਰਜ ਲਈ ਫੰਡਾਂ ਦੀ ਘਾਟ ਨਹੀਂ ਆਉਣ ਦੇਵੇਗੀ। ਜੇਕਰ ਕੇਂਦਰ ਸਰਕਾਰ ਸੂਬੇ ਦੇ ਹਿੱਸੇ ਦੀ ਜੀ. ਐੱਸ. ਟੀ. ਦੀ ਅਦਾਇਗੀ ਜਲਦੀ ਅਦਾ ਕਰ ਦਿੰਦੀ ਹੈ ਤਾਂ ਫੰਡਾਂ ਦੀ ਕੋਈ ਘਾਟ ਨਹੀਂ ਹੈ। ਪੰਜਾਬ 'ਚ ਲਗਾਤਾਰ ਨਸ਼ੇ ਦੀ ਓਵਰਡੋਜ ਕਾਰਨ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ 'ਤੇ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਖਿਲਾਫ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਅਤੇ ਸਪਲਾਈ ਲਾਈਨ ਨੂੰ ਤੋੜਨ ਦਾ ਸਰਕਾਰ ਨੇ ਕੰਮ ਕੀਤਾ ਹੈ, ਜਿੱਥੇ-ਜਿੱਥੇ ਪਤਾ ਚਲਦਾ ਹੈ, ਉਥੇ ਸਰਕਾਰ ਸਖਤੀ ਨਾਲ ਕਾਰਵਾਈ ਕਰ ਰਹੀ ਹੈ।