ਕਰੋੜਾਂ ਦੀ ਠੱਗੀ ਕਰਨ ਵਾਲੇ ਵ੍ਹਿਜ ਪਾਵਰ ਦੇ ਮਾਲਕ ਗਗਨਦੀਪ ਦੀ ਕੋਰੋਨਾ ਰਿਪੋਰਟ ਦੀ ਉਡੀਕ

7/27/2020 7:13:40 PM

ਜਲੰਧਰ (ਵਰੁਣ) — ਕਰੋੜਾਂ ਰੁਪਏ ਦਾ ਘਪਲਾ ਕਰਨ ਵਾਲੀ ਓ.ਐੱਲ.ਐੱਸ ਵਿਜ਼ ਪਾਵਰ ਕੰਪਨੀ ਦੇ ਮਾਮਲੇ ਵਿਚ ਅਜੇ ਤੱਕ ਕੁਝ ਵੀ ਨਵਾਂ ਅਪਡੇਟ ਨਹੀਂ ਆਇਆ ਹੈ। ਆਤਮ-ਸਮਰਪਣ ਕਰਨ ਵਾਲੇ ਕੰਪਨੀ ਦੇ ਮਾਲਕ ਰਣਜੀਤ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਰਿਪੋਰਟ ਆਉਣ ਤੋਂ ਬਾਅਦ ਪੁਲਸ ਹੁਣ ਉਸ ਦੇ ਸਾਲੇ ਗਗਨਦੀਪ ਸਿੰਘ ਦੀ ਕੋਰੋਨਾ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ। ਇਸ ਕੇਸ ਦੇ ਦੋ ਕਥਿਤ ਮੁਲਜ਼ਮਾਂ ਤੋਂ ਅਜੇ ਤੱਕ ਪੁੱਛਗਿੱਛ ਨਹੀਂ ਹੋ ਸਕੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਗਗਨਦੀਪ ਦੀ ਕੋਰੋਨਾ ਟੈਸਟ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਜਾਂਚ ਅੱਗੇ ਵਧ ਸਕਦੀ ਹੈ।

ਪੁਲਸ ਕਰ ਰਹੀ ਕੋਰੋਨਾ ਰਿਪੋਰਟ ਦਾ ਇੰਤਜ਼ਾਰ

ਏਸੀਪੀ ਮਾਡਲ ਟਾਊਨ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਕੋਰੋਨਾ ਲਾਗ ਕਾਰਨ ਆਤਮ ਸਮਰਪਣ ਕਰਨ ਵਾਲੇ ਰਣਜੀਤ ਸਿੰਘ ਅਤੇ ਗਗਨਦੀਪ ਸਿੰਘ ਤੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਪੁੱਛਗਿੱਛ ਨਹੀਂ ਕੀਤੀ ਗਈ ਹੈ। ਪੁਲਸ ਕੋਲ ਧੋਖਾਧੜੀ ਵਾਲੀ ਕੰਪਨੀ ਅਤੇ ਉਨ੍ਹਾਂ ਦੇ ਮਾਲਕਾਂ ਦੇ ਬੈਂਕ ਖਾਤਿਆਂ ਦੀ ਬੈਂਕ ਦੀ ਅਪਡੇਟਿਡ ਸਟੇਟਮੈਂਟ ਵੀ ਨਹੀਂ ਹੈ ਜਿਸ ਵਿਚ ਸ਼ੱਕੀ ਪੈਸਿਆਂ ਦੇ ਲੈਣ-ਦੇਣ ਦਾ ਪਤਾ ਲੱਗ ਸਕੇ। ਪੁਲਸ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੇ ਕੋਲ ਜਿਹੜੀ  ਬੈਂਕ ਸਟੇਟਮੈਂਟ ਹੈ ਉਸ ਵਿਚ ਪੈਸੇ ਦਾ ਕੋਈ ਸ਼ੱਕੀ ਲੈਣ-ਦੇਣ ਨਜ਼ਰ ਨਹੀਂ ਆਉਂਦਾ ਹੈ। ਪਰ ਕੰਪਨੀ ਵਿਚ ਨਿਵੇਸ਼ ਕਰਨ ਵਾਲੇ ਲੋਕ ਦੋਸ਼ ਲਗਾ ਰਹੇ ਹਨ ਕਿ ਮੁਹਾਲੀ ਵਿਚ ਹੋਏ 30 ਲੱਖ ਦੇ ਟਰਾਂਜੈਕਸ਼ਨ ਨੂੰ ਪੁਲਸ ਲੁਕਾ ਰਹੀ ਹੈ। ਇਸ ਮਾਮਲੇ ਵਿਚ ਕੰਪਨੀ ਦਾ ਤੀਜਾ ਮਾਲਕ ਗੁਰਿੰਦਰ ਸਿੰਘ ਅਤੇ ਮੈਨੇਜਮੈਂਟ ਮੈਂਬਰ ਸ਼ੀਲਾ ਦੇਵੀ ਅਜੇ ਵੀ ਫਰਾਰ ਹਨ। ਜਿਨ੍ਹਾਂ ਦੀ ਭਾਲ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਏਸੀਪੀ ਹਰਿੰਦਰ ਪਾਲ ਨੇ ਦੱਸਿਆ ਕਿ ਇਨ੍ਹਾਂ ਚਾਰਾਂ ਤੋਂ ਇਲਾਵਾ ਅਜੇ ਤੱਕ ਕੰਪਨੀ ਦੇ ਕਿਸੇ ਹੋਰ ਮੈਨੇਜਮੈਂਟ ਮੈਂਬਰ ਨੂੰ ਨਾਮਜ਼ਦ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੰਪਨੀ ਖ਼ਿਲਾਫ ਚੰਡੀਗੜ੍ਹ ਅਤੇ ਹਰਿਆਣਾ ਵਿਚ ਕੀਤੀ ਸ਼ਿਕਾਇਤਾਂ 'ਤੇ ਅਜੇ ਤੱਕ ਕੋਈ ਐਫ.ਆਈ.ਆਰ. ਦਰਜ ਨਹੀਂ ਕੀਤੀ ਗਈ ਹੈ। ਉਥੇ ਸ਼ਿਕਾਇਤਕਰਤਾਵਾਂ ਦਾ ਕਹਿਣਾ ਹੈ ਕਿ ਹਰਿਆਣਾ ਅਤੇ ਚੰਡੀਗੜ੍ਹ ਪੁਲਸ ਦੀ ਨਜ਼ਰ ਵੀ ਜਲੰਧਰ ਪੁਲਸ ਵੱਲ ਕੇਂਦਰਿਤ ਹੈ।

ਇਹ ਹੈ ਮਾਮਲਾ

ਜ਼ਿਕਰਯੋਗ ਹੈ ਕਿ ਓ.ਐੱਲ.ਐੱਸ ਵਿੱਜ਼ ਪਾਵਰ ਕੰਪਨੀ ਦੇ ਇਹ ਮਾਲਕ ਕਰੋੜਾਂ ਰੁਪਏ ਦੀ ਧੋਖਾਧੜੀ ਤੋਂ ਬਾਅਦ ਫਰਾਰ ਹੋ ਗਏ ਸਨ। ਇਸ ਕੰਪਨੀ ਵਿਚ ਤਕਰੀਬਨ ਇੱਕ ਲੱਖ ਤੋਂ ਵਧ ਲੋਕਾਂ ਨੇ ਆਪਣੇ ਪੈਸੇ ਦਾ ਨਿਵੇਸ਼ ਕੀਤਾ ਹੋਇਆ ਹੈ। ਇਹ ਕੰਪਨੀ ਗੋਲਡ ਕਿੱਟੀ ਦੇ ਨਾਮ 'ਤੇ ਲੋਕਾਂ ਨੂੰ ਭਰਮਾਉਂਦੀ ਸੀ ਅਤੇ ਕੰਪਨੀ ਵਿਚ ਪੈਸੇ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦੀ ਸੀ। ਇਸ ਕੰਪਨੀ ਦੀਆਂ ਪੰਜਾਬ ਸਮੇਤ ਹਰਿਆਣਾ ਅਤੇ ਚੰਡੀਗੜ੍ਹ ਵਿਚ ਵੀ ਸ਼ਾਖਾਵਾਂ ਸਨ। ਥਾਣਾ ਸੱਤ ਵਿਚ ਕੰਪਨੀ ਮਾਲਕ ਰਣਜੀਤ ਸਿੰਘ ਪੁੱਤਰ ਗੁਰਮੁਖ ਸਿੰਘ ਨਿਵਾਸੀ ਸ਼ਿਵ ਵਿਹਾਰ, ਗਗਨਦੀਪ ਸਿੰਘ ਪੁੱਤਰ ਗੁਰਵਿੰਦਰ ਸਿੰਘ ਨਿਵਾਸੀ ਹਰਦੀਪ ਨਗਰ ਅਤੇ ਗੁਰਮਿੰਦਰ ਸਿੰਘ ਪੁੱਤਰ ਜਗਤਾਰ ਸਿੰਘ ਨਿਵਾਸੀ ਜਲੰਧਰ ਹਾਈਟਸ -2 ਅਤੇ ਸ਼ੀਲਾ ਦੇਵੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਕੇਸ ਨੂੰ ਥਾਣਾ ਸੱਤ ਤੋਂ ਸਾਈਬਰ ਕ੍ਰਾਈਮ ਸੈੱਲ ਵਿਚ ਤਬਦੀਲ ਕਰਨ ਦੀ ਮੰਗ ਵੀ ਕੀਤੀ ਗਈ ਹੈ, ਜਦੋਂਕਿ ਹਾਲ ਹੀ ਵਿਚ ਇਹ ਕੇਸ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ., ਈ.ਡੀ. ਅਤੇ ਵਿਜੀਲੈਂਸ ਤੱਕ ਵੀ ਈ-ਮੇਲ ਰਾਹੀਂ ਪਹੁੰਚਾਇਆ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਫਰਾਰ ਚਲ ਰਹੇ ਤਿੰਨੋਂ ਦੋਸ਼ੀਆਂ ਵਿਚੋਂ ਰਣਜੀਤ ਸਿੰਘ ਅਤੇ ਗਗਨਦੀਪ ਨੇ ਆਤਮ-ਸਮਰਪਣ ਕਰ ਦਿੱਤਾ ਸੀ।


Harinder Kaur

Content Editor Harinder Kaur