ਪੁੱਡਾ ਅਧਿਕਾਰੀਆਂ ਨੂੰ  ਨਾਲ ਲੈ ਕੇ ਜਾਂਚ ਕਰਨ ਪਹੁੰਚੀ ਵਿਜੀਲੈਂਸ ਦੀ ਟੀਮ

04/26/2018 2:56:40 AM

ਮਾਮਲਾ ਮਾਈਸਰਖਾਨਾ ਵਿਖੇ  ਵਿਕਾਸ ਕਾਰਜਾਂ ਦੇ ਹੋਏ ਘਪਲੇ ਦਾ  
ਮੌੜ ਮੰਡੀ(ਪ੍ਰਵੀਨ)- ਪਿੰਡ ਮਾਈਸਰਖਾਨਾ ਵਿਖੇ ਪਿਛਲੇ ਸਮੇਂ ਅਕਾਲੀ-ਭਾਜਪਾ ਸਰਕਾਰ ਦੇ ਰਾਜ ਦੌਰਾਨ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਹੋਣ ਦੇ ਬਾਵਜੂਦ ਵੀ ਪਿੰਡ 'ਚ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੋਇਆ ਸੀ, ਜਿਸ ਨਾਲ ਜਿੱਥੇ ਪਿੰਡ ਦੀ ਹਾਲਤ ਬਦ ਤੋਂ ਬਦਤਰ ਹੋ ਗਈ, ਉਥੇ ਭਾਰੀ ਗਿਣਤੀ ਪਿੰਡ ਵਾਸੀਆਂ ਨੇ ਇਹ ਵੀ ਦੋਸ਼ ਲਾਏ ਸਨ ਕਿ ਠੇਕੇਦਾਰ ਨੇ ਪਿੰਡ ਦੇ ਕਈ ਪੰਚਾਇਤ ਮੈਂਬਰਾਂ ਤੇ ਵਿਭਾਗ ਨਾਲ ਮਿਲੀਭੁਗਤ ਕਰ ਕੇ ਕਰੋੜਾਂ ਰੁਪਏ ਖੁਰਦ-ਬੁਰਦ ਕਰ ਦਿੱਤੇ, ਜਿਸ ਦੀ ਜਾਂਚ ਕੀਤੇ ਜਾਣ ਸਬੰਧੀ ਭਾਰੀ ਗਿਣਤੀ ਪਿੰਡ ਵਾਸੀਆਂ ਨੇ ਲਿਖਤੀ ਦਰਖਾਸਤਾਂ ਉੱਚ-ਅਧਿਕਾਰੀਆਂ ਨੂੰ ਭੇਜੀਆਂ ਸਨ। ਵਿਕਾਸ ਕਾਰਜਾਂ ਦੌਰਾਨ ਖੁਰਦ-ਬੁਰਦ ਹੋਏ ਰੁਪਏ ਦੀ ਜਾਂਚ ਕਰਵਾਉਣ ਲਈ ਰਮਨਦੀਪ ਸਿੰਘ ਮਾਈਸਰਖਾਨਾ, ਸੁਖਵੀਰ ਸਿੰਘ ਮਾਈਸਰਖਾਨਾ ਤੇ ਕਈ ਹੋਰ ਪਿੰਡ ਵਾਸੀਆਂ ਨੇ ਲੰਮਾਂ ਸਮਾਂ ਸੰਘਰਸ਼ ਕੀਤਾ ਤੇ ਵਿਜੀਲੈਂਸ ਵਿਭਾਗ ਤੋਂ ਮਾਮਲੇ ਦੀ ਜਾਂਚ ਕਰਵਾਉਣ ਲਈ ਹਲਫ਼ੀਆਂ ਬਿਆਨ ਪੇਸ਼ ਕੀਤੇ ਪਰ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਇਸ ਜਾਂਚ ਨੂੰ ਕਰਨ ਲਈ ਅੱਜ ਐੱਸ. ਐੱਸ. ਪੀ. ਵਿਜੀਲੈਂਸ ਜਗਜੀਤ ਸਿੰਘ ਭੁਗਤਾਨਾ ਦੇ ਨਿਰਦੇਸ਼ਾਂ 'ਤੇ ਵਿਭਾਗ ਦੇ ਏ.ਐੱਸ. ਆਈ. ਬਲਜਿੰਦਰ ਸਿੰਘ ਦੀ ਅਗਵਾਈ 'ਚ ਸਿਰਫ਼ ਬੀ. ਐਂਡ. ਆਰ ਦੇ ਕੰਮਾਂ ਦੀ ਜਾਂਚ ਕਰਨ ਲਈ ਪੁੱਡਾ ਦੇ ਅਧਿਕਾਰੀਆਂ ਦੀ ਇਕ ਟੀਮ ਪੁੱਜੀ। ਪਰ ਇਨ੍ਹਾਂ ਅਧਿਕਾਰੀਆਂ ਵੱਲੋਂ ਸ਼ਿਕਾਇਤਕਰਤਾ ਵੱਲੋਂ ਦੱਸੀਆਂ ਗਈਆਂ ਥਾਵਾਂ ਤੋਂ ਸੈਂਪਲ ਨਾ ਲੈ ਕੇ ਠੇਕੇਦਾਰ ਵੱਲੋਂ ਦੱਸੀਆਂ ਗਈਆਂ ਥਾਵਾਂ ਤੋਂ ਸੈਂਪਲ ਭਰੇ ਗਏ, ਜਿਸ ਕਾਰਨ ਪਿੰਡ ਵਾਸੀਆਂ ਨੇ ਇਸ ਜਾਂਚ ਨੂੰ ਵਿਭਾਗ ਦੀ ਖਾਨਾ ਪੂਰਤੀ ਵਾਲੀ ਕਾਰਵਾਈ ਕਰਾਰ ਦਿੰਦਿਆਂ ਉਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਤੇ ਜਾਂਚ ਨੂੰ ਛੱਡ ਕੇ ਘਰ ਚਲੇ ਗਏ। 
ਕੀ ਕਹਿਣਾ ਸ਼ਿਕਾਇਤਕਰਤਾ ਰਮਨਦੀਪ ਸਿੰਘ ਤੇ ਪਿੰਡ ਵਾਸੀ ਸੁਖਵੀਰ ਸਿੰਘ ਦਾ
ਇਸ ਸਬੰਧੀ ਸ਼ਿਕਾਇਤਕਰਤਾ ਰਮਨਦੀਪ ਸਿੰਘ ਤੇ ਪਿੰਡ ਵਾਸੀ ਸੁਖਵੀਰ ਸਿੰਘ ਮਾਈਸਰਖਾਨਾ ਦਾ ਕਹਿਣਾ ਹੈ ਕਿ ਭਾਵੇਂ ਸਾਲ ਭਰ ਦੀ ਜੱਦੋ-ਜਹਿਦ ਤੋਂ ਬਾਅਦ ਬੜੀ ਮੁਸ਼ਕਲ ਨਾਲ ਵਿਜੀਲੈਂਸ ਦੀ ਟੀਮ ਸਿਰਫ਼ ਬੀ.ਐਂਡ.ਆਰ ਦੇ ਕੰਮਾਂ ਦੀ ਜਾਂਚ ਕਰਨ ਲਈ ਮਾਈਸਰਖਾਨਾ ਪਿੰਡ ਪੁੱਜੀ ਹੈ, ਜਦੋਂ ਕਿ ਅਸੀਂ ਪਿੰਡ 'ਚ ਕਈ ਕੰਮਾਂ 'ਚ ਹੋਏ ਘਪਲਿਆਂ ਸਬੰਧੀ ਜਾਂਚ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਕਿ ਜਾਂਚ ਟੀਮ ਤੇ ਠੇਕੇਦਾਰ ਦੀ ਗਿੱਟ ਮਿੱਟ ਇਸ ਗੱਲ 'ਤੇ ਸਾਹਮਣੇ ਆ ਗਈ ਹੈ ਕਿ ਜਿਸ ਜਗ੍ਹਾ ਤੋਂ ਅਸੀਂ ਘਟੀਆਂ ਕੰਮਾਂ ਦੇ ਸੈਂਪਲ ਭਰਵਾਉਣੇ ਚਾਹੁੰਦੇ ਹਾਂ ਉਸ ਜਗ੍ਹਾ ਤੋਂ ਸਾਡੇ ਵਾਰ-ਵਾਰ ਕਹਿਣ 'ਤੇ ਵੀ ਅਧਿਕਾਰੀ ਸੈਂਪਲ ਨਹੀਂ ਭਰ ਰਹੇ। ਇਸ ਤੋਂ ਉਲਟ ਵਿਭਾਗ ਦੇ ਅਧਿਕਾਰੀ ਉਸ ਜਗ੍ਹਾ ਤੋਂ ਹੀ ਸੈਂਪਲ ਲੈ ਰਹੇ ਹਨ, ਜਿਸ ਜਗ੍ਹਾ ਤੋਂ ਠੇਕੇਦਾਰ ਤੇ ਪੰਚਾਇਤੀ ਮੈਂਬਰ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸੜਕ ਦੀ ਸਲੈਬ ਦੀ ਮੋਟਾਈ ਜੋ ਕਿ ਨਿਰਧਾਰਤ ਮਾਪ ਤੋਂ ਘੱਟ ਹੈ ਨੂੰ ਵੀ ਅਧਿਕਾਰੀਆਂ ਵੱਲੋਂ ਬੇਧਿਆਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਅਸੀਂ ਜਾਂਚ ਵਾਲੀ ਜਗ੍ਹਾ ਤੋਂ ਵਾਪਸ ਆ ਗਏ ਹਾਂ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਵਿਕਾਸ ਕਾਰਜਾਂ ਦੌਰਾਨ ਇਕ ਦੋ ਪੰਚਾਇਤ ਮੈਂਬਰਾਂ ਨੇ ਅਕਾਲੀ ਸਰਕਾਰ ਦੇ ਰਾਜ ਦੌਰਾਨ ਆਪਣੇ ਖੇਤਾਂ 'ਚੋਂ ਨਾਜਾਇਜ਼ ਮਾਈਨਿੰਗ ਕਰ ਕੇ ਘਟੀਆ ਬਰੇਤੀ ਪਿੰਡ ਦੇ ਵਿਕਾਸ ਕਾਰਜਾਂ 'ਚ ਲਵਾਈ ਸੀ। ਜੇਕਰ ਸਹੀ ਜਾਂਚ ਹੁੰਦੀ ਹੈ ਤਾਂ ਨਿਰਧਾਰਤ ਮਾਨਕਾਂ ਤੋਂ ਨੀਵੇਂ ਪੱਧਰ ਦੀ ਵਰਤੀ ਗਈ ਇਸ ਬਰੇਤੀ ਨਾਲ ਹੋਏ ਲੱਖਾਂ ਰੁਪਏ ਦੇ ਘਪਲੇ ਦਾ ਪਰਦਾ ਵੀ ਫਾਸ਼ ਹੋ ਜਾਵੇਗਾ। ਇਸੇ ਕਾਰਨ ਹੀ ਕਈ ਅਕਾਲੀ ਪੰਚਾਇਤ ਮੈਂਬਰ ਵੀ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਹੋਣ ਦੇਣਾ ਚਾਹੁੰਦੇ। ਉਸ ਨੇ ਇਹ ਵੀ ਕਿਹਾ ਕਿ ਮੇਰੇ ਵੱਲੋਂ ਦੱਸੇ ਗਏ ਥਾਵਾਂ ਤੋਂ ਸੈਂਪਲ ਨਾ ਭਰੇ ਜਾਣ ਸਬੰਧੀ ਮੈਂ ਐੱਸ. ਐੱਸ. ਪੀ. ਵਿਜੀਲੈਂਸ ਬਠਿੰਡਾ ਨੂੰ ਵੀ ਮੋਬਾਇਲ 'ਤੇ ਸ਼ਿਕਾਇਤ ਕੀਤੀ ਹੈ ਤੇ ਉਨ੍ਹਾਂ ਭਰੋਸਾ ਦਿਵਾਇਆ ਹੈ ਕਿ ਉਹ ਇਸ ਮਾਮਲੇ ਦੀ ਦੁਬਾਰਾ ਜਾਂਚ ਕਰਵਾਉਣਗੇ।  
ਕੀ ਕਹਿਣੈ ਪੁੱਡਾ ਦੇ ਐਕਸੀਅਨ ਦਾ
ਇਸ ਸਬੰਧੀ ਜਾਂਚ ਕਰਨ ਆਏ ਪੁੱਡਾ ਦੇ ਐਕਸੀਅਨ ਸੰਜੀਵ ਗੁਪਤਾ ਨੇ ਸੜਕ 'ਤੇ ਪਈ ਤੂੜੀ ਨੂੰ ਦੇਖ ਕੇ ਪਹਿਲਾਂ ਤਾਂ ਪੱਤਰਕਾਰਾਂ ਦੇ ਸਵਾਲ ਦਾ ਹਾਸੋਹੀਣਾ ਜਵਾਬ ਦਿੱਤਾ ਕਿ ਪਿੰਡਾਂ 'ਚ ਜ਼ਿਮੀਂਦਾਰ ਸੜਕ 'ਤੇ ਤੂੜੀ ਸੁੱਟ ਦਿੰਦੇ ਹਨ, ਜਿਸ ਕਾਰਨ ਸੜਕਾਂ ਦੀ ਹਾਲਤ ਖਰਾਬ ਤੇ ਲਾਈਫ ਘੱਟ ਹੋ ਜਾਂਦੀ ਹੈ। ਪਰ ਜਦ ਉਨ੍ਹਾਂ ਤੋਂ ਇਹ ਪੁੱÎਛਿਆ ਗਿਆ ਤੂੜੀ ਸੁੱਟਣ ਨਾਲ ਘਟੀਆ ਮਟੀਰੀਅਲ ਦਾ ਕੀ ਮੇਲ ਨਾਲੇ ਤੂੜੀ 'ਚ ਤਾਂ ਨਮੀ ਵੀ ਨਹੀਂ ਹੁੰਦੀ ਫਿਰ ਉਹ ਜਵਾਬ ਬਦਲ ਗਏ ਤੇ ਕਿਹਾ ਕਿ ਉਹ ਤਾਂ ਐੱਸ. ਐੱਸ. ਪੀ. ਵਿਜੀਲੈਂਸ ਬਠਿੰਡਾ ਦੇ ਨਿਰਦੇਸ਼ਾਂ 'ਤੇ ਜਾਂਚ ਕਰਨ ਪੁੱਜੇ ਹਨ ਉਹ ਆਪਣੀ ਰਿਪੋਰਟ ਉਨ੍ਹਾਂ ਕੋਲ ਹੀ ਪੇਸ਼ ਕਰਨਗੇ। ਤੁਸੀਂ ਇਸ ਸਬੰਧੀ ਜੋ ਵੀ ਗੱਲ ਕਰਨੀ ਹੈ। ਉਹ ਵਿਜੀਲੈਂਸ ਵਿਭਾਗ ਦੇ ਐੱਸ. ਐੱਸ. ਪੀ. ਸਾਹਿਬ ਨਾਲ ਕਰੋ।  
ਲਾਏ ਜਾ ਰਹੇ ਦੋਸ਼ ਬੇਬੁਨਿਆਦ : ਠੇਕੇਦਾਰ
ਇਸ ਸਬੰਧੀ ਜਦ ਠੇਕੇਦਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਲਈ ਤਿਆਰ ਹਨ ਤੇ ਉਨ੍ਹਾਂ ਵੱਲੋਂ ਜੋ ਵੀ ਕੰਮ ਕੀਤਾ ਗਿਆ ਹੈ ਉਹ ਸਰਕਾਰੀ ਤੌਰ 'ਤੇ ਅਪਰੂਵਡ ਮਾਨਕਾਂ ਅਨੁਸਾਰ ਕੀਤਾ ਗਿਆ ਹੈ। ਜੋ ਵੀ ਘਟੀਆ ਮਟੀਰੀਅਲ ਵਰਤਣ ਸਬੰਧੀ ਦੋਸ਼ ਲਾਏ ਜਾ ਰਹੇ ਹਨ ਉਹ ਬੇਬੁਨਿਆਦ ਹਨ। 


Related News