ਵਿਜੀਲੈਂਸ ਨੇ ਰਿਸ਼ਵਤ ਦੀ ਪੇਸ਼ਕਸ਼ ਕਰਨ ਦੇ ਮਾਮਲੇ ’ਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖਿਲਾਫ਼ ਚਲਾਨ ਕੀਤਾ ਪੇਸ਼
Monday, Dec 12, 2022 - 07:22 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰਿਸ਼ਵਤਖੋਰੀ ਦੇ ਕੇਸ ’ਚ ਅੰਸ਼ਿਕ ਜਾਂਚ ਪੂਰੀ ਕਰਨ ਉਪਰੰਤ ਮੁਲਜ਼ਮ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਖ਼ਿਲਾਫ਼ ਐੱਸ. ਏ. ਐੱਸ. ਨਗਰ ਦੀ ਸਮਰੱਥ ਅਦਾਲਤ ’ਚ ਚਾਰਜਸ਼ੀਟ (ਚਲਾਨ) ਦਾਖ਼ਲ ਕਰ ਦਿੱਤੀ ਹੈ। ਇਸ ਕੇਸ ਦਾ ਸਪਲੀਮੈਂਟਰੀ ਚਲਾਨ ਬਾਅਦ ’ਚ ਪੇਸ਼ ਕਰ ਦਿੱਤਾ ਜਾਵੇਗਾ ਕਿਉਂਕਿ ਇਸ ਮਾਮਲੇ ’ਚ ਅਜੇ ਅਗਲੇਰੀ ਜਾਂਚ ਜਾਰੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸਹਾਇਕ ਇੰਸਪੈਕਟਰ ਜਨਰਲ (ਏ. ਆਈ. ਜੀ.) ਆਫ਼ ਪੁਲਸ ਵਜੋਂ ਵਿਜੀਲੈਂਸ ਬਿਊਰੋ ਦੇ ਫਲਾਇੰਗ ਸਕੁਐਡ-1, ਐੱਸ. ਏ. ਐੱਸ. ਨਗਰ ਵਿਖੇ ਤਾਇਨਾਤ ਮਨਮੋਹਨ ਕੁਮਾਰ ਦੀ ਸ਼ਿਕਾਇਤ ’ਤੇ ਪੰਜਾਬ ਦੇ ਸਾਬਕਾ ਮੰਤਰੀ ਵਿਰੁੱਧ ਰਿਸ਼ਵਤਖੋਰੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਨੇ ਉਕਤ ਏ. ਆਈ. ਜੀ. ਨੂੰ ਰਿਸ਼ਵਤ ਦੀ ਪੇਸ਼ਕਸ਼ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਸੀ ਅਤੇ ਇਸ ਸਬੰਧੀ ਐੱਫ. ਆਈ.ਆਰ. ਨੰ. 19 ਮਿਤੀ 15-10-2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 8 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ, ਫਲਾਇੰਗ ਸਕੁਐਡ-1, ਪੰਜਾਬ ਐੱਸ. ਏ.ਐੱਸ. ਨਗਰ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ’ਤੇ ਮੁੜ ਪਵੇਗਾ ਕਾਂਗਰਸ ਦਾ ਗੁਣੀਆ ! ਨੇਤਾਵਾਂ ’ਚ ਮੁਲਾਕਾਤਾਂ ਤੇ ਹਲਚਲ
ਇਸ ਕੇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਏ. ਆਈ. ਜੀ. ਮਨਮੋਹਨ ਕੁਮਾਰ ਵੱਲੋਂ ਚੀਫ਼ ਡਾਇਰੈਕਟਰ, ਵਿਜੀਲੈਂਸ ਬਿਊਰੋ, ਪੰਜਾਬ ਨੂੰ ਸ਼ਿਕਾਇਤ ਦਿੱਤੀ ਗਈ ਸੀ, ਜਿਸ ’ਚ ਦੱਸਿਆ ਗਿਆ ਸੀ ਕਿ 14-10-2022 ਨੂੰ ਉਨ੍ਹਾਂ ਨੂੰ ਸੁੰਦਰ ਸ਼ਾਮ ਅਰੋੜਾ ਦੀ ਵ੍ਹਟਸਐਪ ਕਾਲ ਆਈ ਸੀ। ਉਸ ਨੇ ਆਪਣੇ ਆਪ ਨੂੰ ਸ਼ਿਕਾਇਤਕਰਤਾ ਦਾ ਪੁਰਾਣਾ ਜਾਣਕਾਰ ਦੱਸਿਆ ਅਤੇ ਅੱਗੇ ਆਪਣੀ ਪਤਨੀ ਦੇ ਦੇਹਾਂਤ ਬਾਰੇ ਵੀ ਦੱਸਿਆ। ਇਸ ਉਪਰੰਤ ਅਰੋੜਾ ਨੇ ਸ਼ਿਕਾਇਤਕਰਤਾ ਨੂੰ ਬੇਨਤੀ ਕੀਤੀ ਕਿ ਉਹ ਉਨ੍ਹਾਂ ਦੇ ਘਰ ਆ ਕੇ ਦੁੱਖ-ਸੁੱਖ ਸਾਂਝਾ ਕਰਨਾ ਚਾਹੁੰਦਾ ਹੈ। ਇਸ ਉਪਰੰਤ ਦੋਸ਼ੀ ਸਾਬਕਾ ਮੰਤਰੀ ਸ਼ਿਕਾਇਤਕਰਤਾ ਦੇ ਘਰ ਪਹੁੰਚਿਆ ਅਤੇ ਉਸ ਨੇ ਵਿਜੀਲੈਂਸ ਬਿਊਰੋ ’ਚ ਆਪਣੇ ਖਿਲਾਫ਼ ਚੱਲ ਰਹੇ ਮਾਮਲੇ ਬਾਰੇ ਗੱਲਬਾਤ ਸ਼ੁਰੂ ਕਰ ਦਿੱਤੀ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੱਧੂ ਦੇ ਗੰਨਮੈਨ ਨੇ ਚਲਾਈ ਗੋਲ਼ੀ, ਮਾਮਲਾ ਦਰਜ (ਵੀਡੀਓ)
ਇਸ ਮਾਮਲੇ ’ਚ ਮੱਦਦ ਕਰਨ ਲਈ ਉਸ ਨੇ 1,00,00,000 ਰੁਪਏ (ਇਕ ਕਰੋੜ ਰੁਪਏ) ਰਿਸ਼ਵਤ ਦੀ ਪੇਸ਼ਕਸ਼ ਕੀਤੀ। ਦੋਸ਼ੀ ਨੇ ਸ਼ਿਕਾਇਤਕਰਤਾ ਨੂੰ ਅੱਧੀ ਰਕਮ 50,00,000 (ਪੰਜਾਹ ਲੱਖ ਰੁਪਏ) ਅਗਲੇ ਦਿਨ ਭਾਵ 15-10-2022 ਨੂੰ ਪੇਸ਼ਗੀ ਰਿਸ਼ਵਤ ਵਜੋਂ ਦੇਣ ਅਤੇ ਬਾਕੀ ਦੀ ਰਕਮ ਬਾਅਦ ‘ਚ ਅਦਾ ਕਰਨ ਦੀ ਪੇਸ਼ਕਸ਼ ਕੀਤੀ।ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ ਸੁੰਦਰ ਸ਼ਾਮ ਅਰੋੜਾ ਤੋਂ ਇਸ ਦੀ ਉਮੀਦ ਨਹੀਂ ਸੀ, ਇਸ ਲਈ ਉਹ ਮੌਕੇ ’ਤੇ ਚੁੱਪ ਰਹੇ ਅਤੇ ਉਹ ਸਮਾਜ ’ਚ ਭ੍ਰਿਸ਼ਟਾਚਾਰ ਫੈਲਾਉਣ ਵਾਲੇ ਅਜਿਹੇ ਵਿਅਕਤੀ ਵਿਰੁੱਧ ਕਾਨੂੰਨੀ ਕਾਰਵਾਈ ਕਰਨਾ ਚਾਹੁੰਦੇ ਸਨ। ਤੱਥਾਂ ਦੀ ਪੜਤਾਲ ਉਪਰੰਤ ਸ਼ਿਕਾਇਤਕਰਤਾ ਮਨਮੋਹਨ ਕੁਮਾਰ ਏ.ਆਈ.ਜੀ./ਵਿਜੀਲੈਂਸ ਬਿਊਰੋ ਦੇ ਬਿਆਨ ਦਰਜ ਕਰਕੇ ਸਾਬਕਾ ਮੰਤਰੀ ਖ਼ਿਲਾਫ਼ ਉਕਤ ਕੇਸ ਦਰਜ ਕੀਤਾ। ਵਿਜੀਲੈਂਸ ਬਿਊਰੋ ਦੀ ਟੀਮ ਨੇ ਮੁਲਜ਼ਮ ਸੁੰਦਰ ਸ਼ਾਮ ਅਰੋੜਾ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਉਦੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ 50,00,000 ਰੁਪਏ ਰਿਸ਼ਵਤ ਦੀ ਰਕਮ ਵਾਲਾ ਬੈਗ ਸ਼ਿਕਾਇਤਕਰਤਾ ਦੇ ਹਵਾਲੇ ਕਰ ਰਿਹਾ ਸੀ। ਹੁਣ ਉਹ ਨਿਆਇਕ ਹਿਰਾਸਤ ਅਧੀਨ ਜੇਲ੍ਹ ’ਚ ਬੰਦ ਹੈ।