ਟਰਾਂਸਪੋਰਟੇਸ਼ਨ ਟੈਂਡਰ ਘਪਲਾ: ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਆਸ਼ੂ ਦੇ PA ਮੀਨੂੰ ਮਲਹੋਤਰਾ ਦੇ ਘਰ ਛਾਪੇਮਾਰੀ

Thursday, Sep 08, 2022 - 04:32 PM (IST)

ਟਰਾਂਸਪੋਰਟੇਸ਼ਨ ਟੈਂਡਰ ਘਪਲਾ: ਵਿਜੀਲੈਂਸ ਵੱਲੋਂ ਸਾਬਕਾ ਮੰਤਰੀ ਆਸ਼ੂ ਦੇ PA ਮੀਨੂੰ ਮਲਹੋਤਰਾ ਦੇ ਘਰ ਛਾਪੇਮਾਰੀ

ਲੁਧਿਆਣਾ : ਪੰਜਾਬ 'ਚ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਚ ਗ੍ਰਿਫਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ ਮੀਨੂੰ ਮਲਹੋਤਰਾ 'ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਹੋਇਆ ਹੈ। ਬੁੱਧਵਾਰ ਨੂੰ ਚੰਡੀਗੜ੍ਹ ਤੋਂ ਵਿਜੀਲੈਂਸ ਦੀ ਐਕਸੀਅਨ ਟੀਮ ਨਾਲ ਪੰਕਜ ਮੀਨੂੰ ਮਲਹੋਤਰਾ ਦੀ ਜਾਇਦਾਦ ਨੂੰ ਦੇਖਣ ਅਤੇ ਮਾਪਣ ਲਈ ਆਏ ਸੀ। ਮੀਨੂੰ ਮਲਹੋਤਰਾ ਕਈ ਦਿਨਾਂ ਤੋਂ ਫਰਾਰ ਹੈ ਤੇ ਉਸ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : SYL ਦੇ ਮੁੱਦੇ 'ਤੇ ਸੁਖਬੀਰ ਬਾਦਲ ਨੇ ਘੇਰੀ ਪੰਜਾਬ ਸਰਕਾਰ, 'ਪੰਜਾਬ ਦੇ ਪਾਣੀਆਂ ਦੀ ਇੱਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ

ਬੁੱਧਵਾਰ ਨੂੰ ਪੰਕਜ ਮੀਨੂੰ ਮਲਹੋਤਰਾ ਦੀ ਨਿਊ ਮਾਡਲ ਟਾਊਨ 'ਚ 200 ਗਜ 'ਚ ਬਣ ਰਹੀ ਕੋਠੀ ਤੇ ਉਸ ਦੀ ਇਕ ਹੋਰ ਪ੍ਰਾਪਰਟੀ ਦੀ ਮਿਣਤੀ ਕੀਤੀ ਤੇ ਉਸ ਤੋਂ ਬਾਅਦ ਇਸ 'ਚ ਹੋ ਰਹੀ ਉਸਾਰੀ 'ਤੇ ਕਿੰਨਾ ਖਰਚ ਆਇਆ ਦਾ ਪੂਰਾ ਜਾਇਜ਼ਾ ਲਿਆ ਗਿਆ। ਵਿਜੀਲੈਂਸ ਦੀ ਇਸ ਤਕਨੀਕੀ ਟੀਮ ਵਿੱਚ ਐਕਸੀਅਨ ਅਤੇ ਐਸ.ਡੀ.ਓ ਪੱਧਰ ਦੇ ਅਧਿਕਾਰੀ ਹਾਜ਼ਰ ਸਨ। 
ਕੁਝ ਦਿਨ ਪਹਿਲਾਂ ਪੰਕਜ ਮੀਨੂੰ ਮਲਹੋਤਰਾ ਦੇ ਘਰ ਜਵਾਹਰ ਨਗਰ ਕੈਂਪ ਅਤੇ ਉਸ ਦੇ ਵੱਖ-ਵੱਖ ਹੋਟਲਾਂ ਆਦਿ ਵਿੱਚ ਛਾਪੇਮਾਰੀ ਕੀਤੀ ਗਈ ਸੀ। ਦੱਸਿਆ ਜਾਂਦਾ ਹੈ ਕਿ ਮੀਨੂੰ ਮਲਹੋਤਰਾ ਇੱਥੇ ਆਪਣੇ ਰਹਿਣ ਲਈ ਕੋਠੀ ਤਿਆਰ ਕਰ ਰਿਹਾ ਸੀ ਅਤੇ ਉਸ ਨੇ ਕੁਝ ਸਮਾਂ ਪਹਿਲਾਂ ਇਸ ਦੇ ਨਾਲ ਵਾਲਾ ਮਕਾਨ ਵੀ ਖਰੀਦਿਆ ਸੀ।

ਇਸ ਨਾਲ ਲੱਗਦੇ ਮਕਾਨ ਨੂੰ ਉਸ ਨੇ ਆਪਣੀ ਭੈਣ ਦੇ ਨਾਂ 'ਤੇ ਖਰੀਦਿਆ ਸੀ। ਕੱਲ੍ਹ ਟੀਮ ਹੋਰ ਜਾਇਦਾਦਾਂ ਦਾ ਬਲੂਪ੍ਰਿੰਟ ਤਿਆਰ ਕਰਨ ਲਈ ਉਨ੍ਹਾਂ ਦੀ ਵੀ ਮਿਣਤੀ ਕਰੇਗੀ ਅਤੇ ਇਸ ਦੀ ਰਿਪੋਰਟ ਲੁਧਿਆਣਾ ਵਿਜੀਲੈਂਸ ਨੂੰ ਦੇਵੇਗੀ। ਬੁੱਧਵਾਰ ਨੂੰ ਦੋ ਜਾਇਦਾਦਾਂ ਦੀ ਮਿਣਤੀ ਕੀਤੀ ਗਈ ਹੈ, ਬਾਕੀ 4 ਤੋਂ 5 ਜਾਇਦਾਦਾਂ ਦੀ ਵੀ ਭਲਕੇ ਮਿਣਤੀ ਕੀਤੀ ਜਾਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਕੋਠੀਆਂ 'ਤੇ ਕਿੰਨਾ ਪੈਸਾ ਖਰਚ ਕੀਤਾ ਹੈ।

ਇਹ ਵੀ ਪੜ੍ਹੋ : ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਜੀ ਦਾ ਬਲੀਦਾਨ ਦਿਵਸ ਭਲਕੇ, ਵੱਖ-ਵੱਖ ਸ਼ਖ਼ਤੀਅਤਾਂ ਨੂੰ ਕੀਤਾ ਜਾਵੇਗਾ ਸਨਮਾਨਿਤ

ਵਿਜੀਲੈਂਸ ਆਪਣੀ ਜਾਂਚ ਦੇ ਹਿੱਸੇ ਵਜੋਂ ਇਹ ਪੂਰੀ ਰਿਪੋਰਟ ਭਲਕੇ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ। ਜੇਕਰ ਇਸ ਸਮੇਂ ਦੌਰਾਨ ਮੀਨੂੰ ਮਲਹੋਤਰਾ ਜਾਂ ਉਨ੍ਹਾਂ ਦਾ ਪਰਿਵਾਰ ਇਨ੍ਹਾਂ ਜਾਇਦਾਦਾਂ ਨਾਲ ਸਬੰਧਤ ਕੋਈ ਵੀ ਦਸਤਾਵੇਜ਼ ਮੁਹੱਈਆ ਨਹੀਂ ਕਰਵਾ ਸਕਿਆ ਤਾਂ ਉਹ ਇਨ੍ਹਾਂ ਜਾਇਦਾਦਾਂ ਨੂੰ ਬੇਨਾਮੀ ਕਰਕੇ ਕੇਸ ਵਿੱਚ ਸ਼ਾਮਲ ਕਰ ਸਕਦੇ ਹਨ।
ਦੱਸ ਦੇਈਏ ਕਿ ਇਸ ਘੁਟਾਲੇ 'ਚ 7 ਲੋਕ ਨਾਮਜ਼ਦ ਹਨ, ਜਿਨ੍ਹਾਂ ਵਿੱਚੋਂ ਸਿਰਫ਼ ਦੋ ਲੋਕ ਠੇਕੇਦਾਰ ਤੇਲੂਰਾਮ ਅਤੇ ਸਾਬਕਾ ਮੰਤਰੀ ਆਸ਼ੂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਦੇ ਨਾਲ ਹੀ ਮੀਨੂੰ ਮਲਹੋਤਰਾ, ਇੰਦਰਜੀਤ ਇੰਡੀ, ਰਾਕੇਸ਼ ਸਿੰਗਲਾ, ਜਗਰੂਪ ਸਿੰਘ, ਸੰਦੀਪ ਭਾਟੀਆ ਫਰਾਰ ਹਨ।

ਮੀਨੂੰ ਦੀ ਹੈ ਮੁੱਖ ਭੂਮਿਕਾ
ਵਿਜੀਲੈਂਸ ਦੀ ਜਾਂਚ ਅਨੁਸਾਰ ਇਸ ਘੁਟਾਲੇ ਵਿੱਚ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀ.ਏ ਮੀਨੂੰ ਮਲਹੋਤਰਾ ਦੀ ਸਭ ਤੋਂ ਅਹਿਮ ਭੂਮਿਕਾ ਸੀ। ਟੈਂਡਰ ਲਈ ਵਪਾਰੀਆਂ ਨੂੰ ਲੱਭਣ ਤੋਂ ਲੈ ਕੇ ਰੇਟ ਤੈਅ ਕਰਨ ਤੱਕ ਦਾ ਸਾਰਾ ਕੰਮ ਮੀਨੂੰ ਹੀ ਕਰਦਾ ਸੀ। ਸੌਦਾ ਤੈਅ ਹੋਣ ਤੋਂ ਬਾਅਦ ਮੀਨੂ ਹੀ ਪੈਸਿਆਂ ਦਾ ਲੈਣ-ਦੇਣ ਕਰਦਾ ਸੀ। ਅਫ਼ਸਰਾਂ ਤੋਂ ਲੈ ਕੇ ਲੀਡਰਾਂ ਤੱਕ ਹਿੱਸਾ ਪਹੁੰਚਾਉਣਾ ਉਸ ਦਾ ਹੀ ਕੰਮ ਸੀ। ਜਵਾਹਰ ਨਗਰ ਕੈਂਪ ਵਿੱਚ ਰਹਿਣ ਵਾਲਾ ਮੀਨੂੰ ਕੁਝ ਮਹੀਨਿਆਂ ਤੋਂ ਨਿਊ ਮਾਡਲ ਟਾਊਨ ਵਿੱਚ ਕੋਠੀ ਬਣਾ ਰਿਹਾ ਸੀ। ਵਿਜੀਲੈਂਸ ਵੱਲੋਂ ਇਸ ਕੋਠੀ ਦਾ ਰਿਕਾਰਡ ਚੈੱਕ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਾਰ-ਵਾਰ ਇਹੀ ਸੁਰ ਅਲਾਪ ਰਹੀ ਹੈ ਕਿ ਮੀਨੂੰ ਮਲਹੋਤਰਾ ਆਸ਼ੂ ਦੀ ਪੀ.ਏ ਨਹੀਂ ਹੈ।

ਤੇਲੂਰਾਮ ਨੇ ਖਰੀਦੀ ਸੀ 20 ਏਕੜ ਜ਼ਮੀਨ 
ਵਿਜੀਲੈਂਸ ਦੀ ਜਾਂਚ ਦੌਰਾਨ ਪਤਾ ਲੱਗਾ ਕਿ ਕਣਕ ਦੀ ਲੋਡਿੰਗ-ਅਨਲੋਡਿੰਗ ਨਾਲ ਸਬੰਧਤ ਇਸ ਟੈਂਡਰ ਘੁਟਾਲੇ ਦੇ ਮੁੱਖ ਮੁਲਜ਼ਮ ਤੇਲੂਰਾਮ ਨੇ ਕੁਝ ਸਮਾਂ ਪਹਿਲਾਂ ਕਰੀਬ 20 ਏਕੜ ਜ਼ਮੀਨ ਖਰੀਦੀ ਸੀ। ਮੀਨੂੰ ਮਲਹੋਤਰਾ ਨੇ ਵੀ ਕਈ ਜਾਇਦਾਦਾਂ ਬਣਾਈਆਂ। ਇਸ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਰਾਕੇਸ਼ ਕੁਮਾਰ ਸਿੰਗਲਾ ਦੀ ਤਾਇਨਾਤੀ ਅਤੇ ਉਸ ਦੀ ਜਾਇਦਾਦ ਦੇ ਦਸਤਾਵੇਜ਼ ਵੀ ਇਕੱਠੇ ਕੀਤੇ ਜਾ ਰਹੇ ਹਨ।

ਟਰੱਕਾਂ ਦੀ ਬਜਾਏ ਕਾਰ-ਮੋਟਰਸਾਈਕਲਾਂ ਦੇ ਨੰਬਰ
ਵਿਜੀਲੈਂਸ ਬਿਊਰੋ ਦੀ ਹੁਣ ਤੱਕ ਦੀ ਜਾਂਚ ਮੁਤਾਬਕ ਤੇਲੂਰਾਮ ਨੂੰ ਕਰੀਬ 25 ਕਰੋੜ ਰੁਪਏ ਮਿਲੇ ਹਨ। ਟੈਂਡਰ ਲੈਣ ਲਈ ਜਮ੍ਹਾਂ ਕਰਵਾਈ ਗਈ ਗੱਡੀਆਂ ਦੀ ਸੂਚੀ ਵਿੱਚ ਕਾਰਾਂ, ਸਕੂਟਰਾਂ, ਮੋਟਰਸਾਈਕਲਾਂ ਆਦਿ ਦੇ ਰਜਿਸਟ੍ਰੇਸ਼ਨ ਨੰਬਰ ਦਿੱਤੇ ਗਏ ਸਨ। ਜ਼ਿਲ੍ਹਾ ਟੈਂਡਰ ਕਮੇਟੀ ਨੇ ਕਣਕ ਢੋਣ ਵਾਲੇ ਵਾਹਨਾਂ ਦੀ ਸੂਚੀ ਦੀ ਜਾਂਚ ਕਰਨੀ ਸੀ ਪਰ ਕਮੇਟੀ ਦੇ ਮੈਂਬਰਾਂ ਨੇ ਮਿਲੀਭੁਗਤ ਨਾਲ ਟੈਂਡਰ ਵੀ ਅਲਾਟ ਕਰ ਦਿੱਤੇ। ਗੇਟ ਪਾਸ 'ਤੇ ਵੀ ਸਕੂਟਰਾਂ-ਕਾਰਾਂ ਦੇ ਨੰਬਰ ਲਿਖੇ ਹੋਏ ਸਨ। ਸਰਕਾਰੀ ਅਧਿਕਾਰੀ ਵੀ ਇਨ੍ਹਾਂ ਗੇਟ ਪਾਸਾਂ ਦੇ ਆਧਾਰ ’ਤੇ ਠੇਕੇਦਾਰਾਂ ਨੂੰ ਅਦਾਇਗੀ ਕਰਦੇ ਸਨ। ਇਸ ਸਬੰਧੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਨਾਲਾਗੜ੍ਹ ਕੋਰਟ ਕੰਪਲੈਕਸ ਫਾਇਰਿੰਗ ਮਾਮਲਾ:  ਪੁਲਸ 'ਤੇ ਗੋਲੀ ਚਲਾਉਣ ਵਾਲਿਆਂ ਨੂੰ ਪਨਾਹ ਦੇਣ ਦੇ ਦੋਸ਼ 'ਚ 2 ਕਾਬੂ


author

Anuradha

Content Editor

Related News