ਵਿਜੀਲੈਂਸ ਨੇ ਰਿਸ਼ਵਤ ਲੈਂਦੇ ਪਾਵਰਕਾਮ ਮੁਲਾਜ਼ਮ ਨੂੰ ਕੀਤਾ ਕਾਬੂ
Thursday, Sep 05, 2019 - 09:04 PM (IST)

ਮੋਗਾ (ਆਜ਼ਾਦ)-ਵਿਜੀਲੈਂਸ ਬਿਊਰੋ ਵਲੋਂ ਰਿਸ਼ਵਤਖੋਰ ਮੁਲਾਜ਼ਮਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ, ਜਦ ਵਿਜੀਲੈਂਸ ਬਿਊੁਰੋ ਮੋਗਾ ਨੇ ਪਾਵਰਕਾਮ ਦੇ ਇਕ ਮੀਟਰ ਰੀਡਰ ਨੂੰ 7000 ਰੁਪਏ ਰਿਸ਼ਵਤ ਲੈਂਦੇ ਜਾ ਦਬੋਚਿਆ। ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਸੇਵਕ ਸਿੰਘ ਨਿਵਾਸੀ ਪਿੰਡ ਜੀਂਦੜਾ, ਜੋ ਹੁਣ ਆਪਣੇ ਸਹੁਰੇ ਘਰ ਚੁੱਘਾ ਰੋਡ ਬਸਤੀ ਧਰਮਕੋਟ ਵਿਚ ਰਹਿ ਰਿਹਾ ਹੈ। ਉਸਦੀ ਸੱਸ ਚਰਨਜੀਤ ਕੌਰ ਦੇ ਨਾਮ 'ਤੇ ਘਰ ਵਿਚ ਬਿਜਲੀ ਦਾ ਮੀਟਰ ਲੱਗਾ ਹੋਇਆ ਸੀ, ਜੋ ਅਚਾਨਕ ਬਿਜਲੀ ਸਪਾਰਕ ਹੋਣ 'ਤੇ ਸੜ ਗਿਆ ਸੀ, ਜਿਸ ਨੂੰ ਪਾਵਰਕਾਮ ਵੱਲੋਂ ਬਦਲਾ ਕੇ ਨਵਾਂ ਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਗੁਰਸੇਵਕ ਸਿੰਘ ਨੂੰ ਸਬ ਡਵੀਜ਼ਨ ਧਰਮਕੋਟ ਦਫਤਰ ਵਿਚ ਪ੍ਰਾਈਵੇਟ ਤੌਰ 'ਤੇ ਤਾਇਨਾਤ ਮੀਟਰ ਰੀਡਰ ਜਸਪਾਲ ਸਿੰਘ ਆ ਕੇ ਮਿਲਿਆ ਅਤੇ ਕਿਹਾ ਕਿ ਤੂੰ ਆਪਣੇ ਬਿਜਲੀ ਮੀਟਰ ਨੂੰ ਖੁਦ ਸਾੜਿਆ ਹੈ, ਹੁਣ ਤੈਨੂੰ 70-80 ਹਜ਼ਾਰ ਰੁਪਏ ਜੁਰਮਾਨਾ ਭਰਨਾ ਪਵੇਗਾ, ਜੇਕਰ ਤੂੰ ਕਹੇ ਤਾਂ ਮੈਂ ਪਾਵਰਕਾਮ ਲੈਬ ਤੋਂ ਸੜੇ ਮੀਟਰ ਦੀ ਚੈਕਿੰਗ ਰਿਪੋਰਟ ਤੁਹਾਡੇ ਪੱਖ 'ਚ ਕਰਵਾ ਦੇਵਾਂਗਾ। ਜਿਸ 'ਤੇ ਉਸਨੇ 15000 ਰੁਪਏ ਰਿਸ਼ਵਤ ਦੇ ਤੌਰ 'ਤੇ ਮੰਗੇ। 5 ਸਤੰਬਰ ਨੂੰ ਉਸਨੇ 7000 ਰੁਪਏ ਦੀ ਪਹਿਲੀ ਕਿਸ਼ਤ ਲੈਣ ਲਈ ਗੱਲ ਕਹੀ ਸੀ। ਇਸ ਦੌਰਾਨ ਗੁਰਸੇਵਕ ਸਿੰਘ ਨੇ ਵਿਜੀਲੈਂਸ ਬਿਊਰੋ ਮੋਗਾ ਨਾਲ ਸੰਪਰਕ ਕੀਤਾ, ਜਿਨ੍ਹਾਂ ਨੇ ਅੱਜ ਜਸਪਾਲ ਸਿੰਘ ਮੀਟਰ ਰੀਡਰ ਨੂੰ 7000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਧਰਮਕੋਟ ਤੋਂ ਜਾ ਦਬੋਚਿਆ। ਇਸ ਸਮੇਂ ਜ਼ਿਲਾ ਖੇਡ ਅਧਿਕਾਰੀ ਅਤੇ ਐੱਸ. ਡੀ. ਓ. ਸੰਦੀਪ ਸਿੰਘ ਦੇ ਇਲਾਵਾ ਹੋਰ ਵਿਜੀਲੈਂਸ ਮੁਲਾਜ਼ਮ ਵੀ ਸ਼ਾਮਲ ਸਨ। ਡੀ. ਐੱਸ. ਪੀ. ਹਰਜਿੰਦਰ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਜਸਪਾਲ ਸਿੰਘ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਫਿਰੋਜ਼ਪੁਰ ਵਿਚ ਕੁਰੱਪਸ਼ਨ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।