ਵਿਜੀਲੈਂਸ ਦੇ ਹੱਥੀਂ ਚੜ੍ਹਿਆ ASI ਪਹਿਲਾਂ ਵੀ ਲੈ ਚੁੱਕਾ ਸੀ 25 ਹਜ਼ਾਰ ਦੀ ਰਿਸ਼ਵਤ

06/21/2023 3:57:26 PM

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਅਧੀਨ ਅੱਜ ਥਾਣਾ ਮੇਹਰਬਾਨ (ਲੁਧਿਆਣਾ) ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਅਰੁਣ ਕੁਮਾਰ ਨੂੰ ਇੱਕ ਮਜ਼ਦੂਰ ਤੋਂ 6,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ. ਐੱਸ. ਆਈ. ਨੂੰ ਮਜ਼ਦੂਰ (ਪੱਲੇਦਾਰ) ਕਿਰਪਾ ਸ਼ੰਕਰ ਵਾਸੀ ਪੰਜਾਬੀ ਬਾਗ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਪੁਲਿਸ ਮੁਲਾਜ਼ਮ ਪਿਛਲੇ ਕੁਝ ਮਹੀਨਿਆਂ ਤੋਂ ਉਸ ਨੂੰ ਵਾਰ-ਵਾਰ ਰਿਸ਼ਵਤ ਦੀ ਮੰਗ ਕਰਕੇ ਪਰੇਸ਼ਾਨ ਕਰ ਰਿਹਾ ਹੈ। ਉਸ ਨੇ ਦੱਸਿਆ ਕਿ ਉਕਤ ਏ.ਐੱਸ.ਆਈ. ਉਸ (ਸ਼ਿਕਾਇਤਕਰਤਾ) ਖ਼ਿਲਾਫ਼ ਥਾਣਾ ਮੇਹਰਬਾਨ ਵਿਖੇ ਆਈ. ਪੀ. ਸੀ. ਦੀਆਂ ਧਾਰਾਵਾਂ 365,323/34 ਅਧੀਨ ਦਰਜ ਐੱਫ. ਆਈ. ਆਰ. ਨੰ. 163/2020 ’ਚ ਉਸ ਦੀ ਜ਼ਮਾਨਤ ਰੱਦ ਕਰਵਾਉਣ ਦੀਆਂ ਧਮਕੀਆਂ ਦੇ ਕੇ ਉਸ ਕੋਲੋਂ ਕਿਸ਼ਤਾਂ ’ਚ ਰਿਸ਼ਵਤ ਵਜੋਂ 25,000 ਰੁਪਏ ਪਹਿਲਾਂ ਹੀ ਲੈ ਚੁੱਕਾ ਹੈ। ਏ. ਐੱਸ. ਆਈ. ਅਰੁਣ ਕੁਮਾਰ ਇਸ ਕੇਸ ਦਾ ਤਫਤੀਸ਼ ਅਫ਼ਸਰ ਸੀ। ਸ਼ਿਕਾਇਤਕਰਤਾ ਨੂੰ ਉਕਤ ਕੇਸ ’ਚ 09/02/2021 ਨੂੰ ਅਗਾਊਂ ਜ਼ਮਾਨਤ ਮਿਲ ਗਈ ਸੀ। ਬੁਲਾਰੇ ਨੇ ਦੱਸਿਆ ਕਿ ਏ. ਐੱਸ. ਆਈ ਨੇ 19 ਜੂਨ 2023 ਨੂੰ ਇਸ ਮਜ਼ਦੂਰ ਕੋਲੋਂ 1500 ਰੁਪਏ ਰਿਸ਼ਵਤ ਲਈ ਸੀ ਅਤੇ ਉਹ 10,000 ਰੁਪਏ ਹੋਰ ਮੰਗ ਰਿਹਾ ਸੀ ਪਰ ਸ਼ਿਕਾਇਤਕਰਤਾ ਦੇ ਵਾਰ-ਵਾਰ ਬੇਨਤੀ ਕਰਨ ’ਤੇ ਉਹ 8000 ਰੁਪਏ ਲੈਣ ਲਈ ਰਾਜ਼ੀ ਹੋ ਗਿਆ ਅਤੇ ਉਕਤ ਰਕਮ ’ਚੋਂ ਮੁਲਜ਼ਮ ਏ. ਐੱਸ. ਆਈ. 20 ਜੂਨ, 2023 ਨੂੰ 2000 ਰੁਪਏ ਲੈ ਚੁੱਕਾ ਹੈ ਅਤੇ ਹੁਣ ਉਹ ਬਾਕੀ 6000 ਰੁਪਏ ਦੀ ਮੰਗ ਕਰ ਰਿਹਾ ਸੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਆਪਣੇ ਕਾਨੂੰਨੀ ਹੱਕ ਲੈਣ ਲਈ ਪਿੱਛੇ ਨਹੀਂ ਹਟੇਗੀ : ਖੁੱਡੀਆਂ

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਉਪਰੰਤ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਦੀ ਟੀਮ ਨੇ ਜਾਲ ਵਿਛਾਇਆ ਅਤੇ ਉਕਤ ਪੁਲਸ ਮੁਲਾਜ਼ਮ ਨੂੰ ਕੋਰਟ ਕੰਪਲੈਕਸ, ਲੁਧਿਆਣਾ ਨੇੜਿਓਂ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਸ਼ਿਕਾਇਤਕਰਤਾ ਤੋਂ 6,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਏ. ਐੱਸ. ਆਈ. ਖ਼ਿਲਾਫ਼ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਨੂੰ ਭਲਕੇ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਹੁਕਮ ਮੰਨ ਲਿਆ ਹੁੰਦਾ ਤਾਂ ਟਕਰਾਅ ਦੀ ਸਥਿਤੀ ਪੈਦਾ ਨਾ ਹੁੰਦੀ : ਰੰਧਾਵਾ     

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News