ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਸਿੱਖਿਆ ਵਿਭਾਗ ਦੇ ਕਲਰਕ ਖ਼ਿਲਾਫ਼ ਕੇਸ ਕੀਤਾ ਦਰਜ

Tuesday, Sep 06, 2022 - 08:01 PM (IST)

ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਸਿੱਖਿਆ ਵਿਭਾਗ ਦੇ ਕਲਰਕ ਖ਼ਿਲਾਫ਼ ਕੇਸ ਕੀਤਾ ਦਰਜ

ਫਾਜ਼ਿਲਕਾ (ਸੁਖਵਿੰਦਰ ਥਿੰਦ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਫਾਜ਼ਿਲਕਾ ਵਿਖੇ ਤਾਇਨਾਤ ਕਲਰਕ ਸੁਖਵਿੰਦਰ ਸਿੰਘ ਖ਼ਿਲਾਫ਼ 2,000 ਰੁਪਏ ਰਿਸ਼ਵਤ ਹਾਸਲ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਅੱਜ ਇਥੇ ਇਹ ਜਾਣਕਾਰੀ ਦਿੰਦਿਆਂ ਵਿਜੀਲੈਸ ਬਿਊਰੋ ਦੇ ਇਕ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਅੰਕੁਰ ਗੋਇਲ ਵਾਸੀ ਨਵੀਂ ਅਬਾਦੀ ਅਬੋਹਰ, ਜ਼ਿਲ੍ਹਾ ਫ਼ਾਜ਼ਿਲਕਾ ਵੱਲੋਂ ਐਂਟੀ ਕੁਰੱਪਸ਼ਨ ਹੈਲਪਲਾਈਨ ਉਪਰ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਤਿਆਰ ਪੜਤਾਲੀਆ ਰਿਪੋਰਟ ਉਪਰੰਤ ਮੁਲਜ਼ਮ ਸੁਖਵਿੰਦਰ ਸਿੰਘ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਜੁਰਮ ਅ/ਧ 7 ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਫ਼ਿਰੋਜ਼ਪੁਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : 25 ਸਾਲ ਤੋਂ ਕਰ ਰਿਹਾ ਸੀ ਕੋਸ਼ਿਸ਼, ਆਖ਼ਿਰ ਚਮਕਿਆ ਕਿਸਮਤ ਦਾ ਸਿਤਾਰਾ ਤੇ ਲੱਖਪਤੀ ਬਣਿਆ ਸਫ਼ਾਈ ਮੁਲਾਜ਼ਮ

ਕੇਸ ਦੇ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਉਸ ਦੀ ਦਾਦੀ ਸ਼ਕੁੰਤਲਾ ਦੇਵੀ ਸਿੱਖਿਆ ਵਿਭਾਗ ’ਚੋਂ ਸੇਵਾਦਾਰਨੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਈ ਸੀ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਮਹਿਕਮੇ ਵੱਲੋਂ ਉਸ ਦੀ ਪੈਨਸ਼ਨ ਅਜੇ ਤੱਕ ਨਹੀਂ ਲਗਾਈ ਗਈ। ਇਸ ਸਬੰਧੀ ਉਕਤ ਸੁਖਵਿੰਦਰ ਸਿੰਘ ਕਲਰਕ ਨੇ ਪੈਨਸ਼ਨ ਲਾਉਣ ਸਬੰਧੀ ਐੱਲ. ਏ. ਅਤੇ ਡਿਪਟੀ ਡੀ. ਓ. ਦੇ ਨਾਂ ਉਪਰ 2,000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ। ਇਸ ਪਿੱਛੋਂ ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਇਹ ਰਾਸ਼ੀ ਉਕਤ ਮੁਲਜ਼ਮ ਦੇ ਮੋਬਾਇਲ ਨੰਬਰ ਉਪਰ ਗੂਗਲ ਪੇਅ ਕਰ ਦਿੱਤੀ ਅਤੇ ਫੋਨ ਉਪਰ ਹੋਈ ਸਾਰੀ ਗੱਲਬਾਤ ਰਿਕਾਰਡ ਕਰ ਲਈ। ਇਸ ਉਪਰੰਤ ਵਿਜੀਲੈਸ ਬਿਊਰੋ ਨੇ ਸ਼ਿਕਾਇਤ ਦੇ ਆਧਾਰ ’ਤੇ ਪੜਤਾਲੀਆ ਰਿਪੋਰਟ ਤਿਆਰ ਕਰ ਕੇ ਇਹ ਮੁਕੱਦਮਾ ਦਰਜ ਕੀਤਾ ਹੈ।


author

Manoj

Content Editor

Related News