ਸਾਬਕਾ ਐੱਸ. ਐੱਸ. ਪੀ. ਗਰੇਵਾਲ ਦਾ ਅਦਾਲਤ ਨੇ ਦਿੱਤਾ ਪੁਲਸ ਰਿਮਾਂਡ

07/18/2018 1:48:06 AM

ਫਿਰੋਜ਼ਪੁਰ(ਮਲਹੋਤਰਾ, ਜੈਨ, ਕੁਮਾਰ)–ਪੰਜਾਬ ਪੁਲਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਪਟਵਾਰੀ ਰਿਸ਼ਵਤ ਕਾਂਡ ਮਾਮਲੇ ਵਿਚ ਸਾਬਕਾ ਐੱਸ. ਐੱਸ. ਪੀ. ਗਰੇਵਾਲ ਨੂੰ ਅਦਾਲਤ ਵਿਚ ਪੇਸ਼ ਕੀਤਾ। ਵਿਜੀਲੈਂਸ ਬਿਊਰੋ ਦੇ ਸਾਬਕਾ ਐੱਸ. ਐੱਸ. ਪੀ. ਸ਼ਿਵ ਕੁਮਾਰ ਸ਼ਰਮਾ ਵੱਲੋਂ ਪਾਵਰ ਦਾ ਮਿਸਯੂਜ਼ ਕਰ ਕੇ ਪਟਵਾਰੀ  ’ਤੇ ਪਰਚਾ ਦਰਜ ਕਰਵਾਉਣ ਦੇ ਮਾਮਲੇ ’ਚ ਗਰੇਵਾਲ ਦਾ ਨਾਂ ਵੀ ਜਾਂਚ ਵਿਚ ਆਇਆ ਸੀ। ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ’ਚ ਐੱਸ. ਐੱਸ. ਗਰੇਵਾਲ ਨੇ ਅਪ੍ਰੈਲ 2018 ਵਿਚ ਖੁਦ ਕੋਰਟ ਨੂੰ ਆਤਮ ਸਮਰਪਣ ਕੀਤਾ ਸੀ ਤੇ ਇਸ ਸਮੇਂ ਉਹ ਪਟਿਆਲਾ ਜੇਲ ਵਿਚ ਹੈ। ਪਟਵਾਰੀ ਰਿਸ਼ਵਤ ਮਾਮਲੇ ਦੀ ਜਾਂਚ ਕਰ ਰਹੀ ਐੱਸ. ਆਈ. ਟੀ. ਉਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਫਿਰੋਜ਼ਪੁਰ ਲੈ ਕੇ ਆਈ ਤੇ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਮਹੇਸ਼ ਕੁਮਾਰ ਦੀ ਅਦਾਲਤ ਵਿਚ ਪੇਸ਼ ਕੀਤਾ, ਜਿਥੇ ਗਰੇਵਾਲ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜਿਆ ਗਿਆ ਹੈ।
 ਕੀ ਹੈ ਮਾਮਲਾ?
 ਸਾਲ 2009 ’ਚ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਪਟਿਆਲਾ ਸ਼ਿਵ ਕੁਮਾਰ ਸ਼ਰਮਾ ਨੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਪਟਵਾਰੀ ਮੋਹਨ ਸਿੰਘ  ਖਿਲਾਫ ਭ੍ਰਿਸ਼ਟਾਚਾਰ ਐਕਟ ਦੇ ਅਧੀਨ ਪਰਚਾ ਦਰਜ ਕੀਤਾ ਸੀ। ਇਸ ਮਾਮਲੇ ਨੂੰ ਗਲਤ ਠਹਿਰਾਉਂਦੇ ਹੋਏ ਪਟਵਾਰੀ ਮੋਹਨ ਸਿੰਘ ਨੇ ਸਾਲ 2012 ਵਿਚ ਇਸ ਦੀ ਜਾਂਚ ਦੀ ਮੰਗ ਕੀਤੀ ਸੀ। ਪੁਲਸ ਅਧਿਕਾਰੀਆਂ ਅਨੁਸਾਰ ਇਸ ਮਾਮਲੇ ਦੀ ਉੱਚ ਆਈ. ਏ. ਐੱਸ. ਅਧਿਕਾਰੀ ਕਾਹਨ ਸਿੰਘ ਪੰਨੂ ਵੱਲੋਂ ਕੀਤੀ ਗਈ ਜਾਂਚ ਵਿਚ ਸਾਹਮਣੇ ਆਇਆ ਕਿ ਉਕਤ ਪਟਵਾਰੀ  ਖਿਲਾਫ ਵਿਜੀਲੈਂਸ ਬਿਊਰੋ ਵੱਲੋਂ ਗਲਤ ਪਰਚਾ ਦਰਜ ਕੀਤਾ ਗਿਆ ਹੈ ਤੇ ਇਸ ਸਬੰਧੀ 226 ਪੇਜ ਦੀ ਡੀ. ਡੀ. ਆਰ. ਰਿਪੋਰਟ ਬਣਾ ਕੇ ਸਰਕਾਰ ਨੂੰ ਸੌਂਪੀ ਗਈ ਸੀ। ਸੂਤਰਾਂ ਅਨੁਸਾਰ ਆਪਣੇ ਅਸਰ ਰਸੂਖ ਕਾਰਨ ਐੱਸ. ਐੱਸ. ਪੀ. ਸ਼ਿਵ ਕੁਮਾਰ ਸ਼ਰਮਾ ਨੇ ਜਾਂਚ ਰਿਪੋਰਟ ਨੂੰ ਅੱਗੇ ਨਹੀਂ ਵਧਣ ਦਿੱਤਾ ਤੇ ਅੱਜ ਤੱਕ ਉਸ ਦੇ ਖਿਲਾਫ ਕਾਰਵਾਈ ਨਹੀਂ ਹੋਈ। ਇਨਸਾਫ ਨਾ ਮਿਲਦਾ ਦੇਖ ਅਕਤੂਬਰ 2017 ਵਿਚ ਪਟਵਾਰੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਦੁਬਾਰਾ ਜਾਂਚ ਕਰਵਾਉਣ ਦੀ ਮੰਗ ਕੀਤੀ। ਪੰਜਾਬ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵੱਲੋਂ ਆਈ. ਜੀ. ਫਿਰੋਜ਼ਪੁਰ  ਨੂੰ ਕੇਸ ਦੀ ਇਨਕੁਆਰੀ ਸੌਂਪੀ ਗਈ, ਜਿਸ ਦੀ ਪਡ਼ਤਾਲ ਵਿਚ ਸਾਬਕਾ ਐੱਸ. ਐੱਸ. ਪੀ. ਵਿਜੀਲੈਂਸ ਬਿਊਰੋ ਸ਼ਿਵ ਕੁਮਾਰ ਸ਼ਰਮਾ ’ਤੇ 2012 ਵਿਚ ਦਰਜ ਮਾਮਲੇ ’ਚ ਧਾਰਾਵਾਂ ਦਾ ਵਾਧਾ ਕਰਦੇ ਹੋਏ 377 ਤੇ 511 ਜੋਡ਼ੀਆਂ ਗਈਆਂ ਹਨ। ਪਟਵਾਰੀ ਮੋਹਨ ਸਿੰਘ ਨੇ ਐੱਸ. ਆਈ. ਟੀ. ਨੂੰ ਬਿਆਨ ਦਰਜ ਕਰਵਾਏ ਸਨ ਕਿ ਸ਼ਿਵ ਕੁਮਾਰ ਸ਼ਰਮਾ ਦੇ ਕਹਿਣ ’ਤੇ ਉਸ ’ਤੇ ਤਸ਼ੱਦਦ ਢਾਹੁਣ ਵਿਚ ਸਾਬਕਾ ਐੱਸ. ਐੱਸ. ਪੀ. ਐੱਸ. ਐੱਸ. ਗਰੇਵਾਲ ਦਾ ਅਹਿਮ ਰੋਲ ਹੈ। ®ਉਧਰ ਗਰੇਵਾਲ ਦੀ ਪੇਸ਼ੀ ਦੀ ਸੂਚਨਾ ਮਿਲਦੇ ਹੀ ਪਟਵਾਰ ਯੂਨੀਅਨ ਕੋਰਟ ਕੰਪਲੈਕਸ ਦੇ ਬਾਹਰ ਇਕੱਠੀ ਹੋ ਗਈ ਅਤੇ ਗਰੇਵਾਲ ਤੇ ਸ਼ਿਵ ਕੁਮਾਰ ਸ਼ਰਮਾ  ਖਿਲਾਫ ਨਾਅਰੇਬਾਜ਼ੀ ਕੀਤੀ।


Related News