ਵਿਜੀਲੈਂਸ ਵਲੋਂ ਰਿਸ਼ਵਤ ਲੈਂਦਿਆਂ ASI ਤੇ ਹੌਲਦਾਰ ਰੰਗੇ ਹੱਥੀਂ ਕਾਬੂ

Thursday, Feb 25, 2021 - 12:56 AM (IST)

ਵਿਜੀਲੈਂਸ ਵਲੋਂ ਰਿਸ਼ਵਤ ਲੈਂਦਿਆਂ ASI ਤੇ ਹੌਲਦਾਰ ਰੰਗੇ ਹੱਥੀਂ ਕਾਬੂ

ਜਲੰਧਰ/ਚੰਡੀਗੜ੍ਹ (ਵਰੁਣ, ਰਮਨਜੀਤ)- ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਥਾਣਾ ਛਾਉਣੀ ਜਲੰਧਰ ਵਿਖੇ ਤਾਇਨਾਤ ਏ. ਐੱਸ. ਆਈ. ਪ੍ਰਮੋਦ ਕੁਮਾਰ ਅਤੇ ਹੌਲਦਾਰ ਸੁਮਨਜੀਤ ਸਿੰਘ ਨੂੰ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ. ਐੱਸ. ਆਈ. ਅਤੇ ਹੌਲਦਾਰ ਨੂੰ ਸ਼ਿਕਾਇਤਕਰਤਾ ਕੁਸ਼ ਕੁਮਾਰ ਸਿੰਘ ਵਾਸੀ ਕਪੂਰਥਲਾ ਰੋਡ ਜਲੰਧਰ ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਹੈ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਕਤ ਏ. ਐੱਸ. ਆਈ. ਉਸ ਦੀ ਕਾਰ ਦੀ ਸੁਪਰਦਾਰੀ ਦੇਣ ਬਦਲੇ 20,000 ਰੁਪਏ ਦੀ ਮੰਗ ਕਰ ਰਿਹਾ ਹੈ।

ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਦੋਸ਼ੀ ਏ.ਐੱਸ.ਆਈ. ਅਤੇ ਹੌਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਪਾਸੋਂ 20,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ’ਤੇ ਹੀ ਦਬੋਚ ਲਿਆ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਵਿਜੀਲੈਂਸ ਬਿਓਰੋ ਦੇ ਥਾਣਾ ਜਲੰਧਰ ਵਿਚ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।


author

Bharat Thapa

Content Editor

Related News