ਜਾਅਲੀ ਦਸਤਾਵੇਜਾਂ ਨਾਲ ਬੈਂਕ ਤੋਂ ਕਰਜ਼ਾ ਲੈਣ ਦੇ ਕੇਸ ''ਚ ਲੋੜੀਂਦੀਆਂ ਦੋ ਜਨਾਨੀਆਂ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
Saturday, Oct 01, 2022 - 05:33 PM (IST)
ਚੰਡੀਗੜ੍ਹ : ਵਿਜੀਲੈਂਸ ਬਿਊਰੋ ਪੰਜਾਬ ਨੇ ਅੱਜ ਦੋ ਦੋਸ਼ੀ ਜਨਾਨੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਸਾਲ 2017 ਵਿੱਚ ਬਿਊਰੋ ਵੱਲੋਂ ਦਰਜ ਕੀਤੇ ਗਏ ਇੱਕ ਜਾਅਲਸਾਜ਼ੀ ਦੇ ਕੇਸ ਵਿੱਚ ਲੋੜੀਂਦੀਆਂ ਸਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਲਜ਼ਮ ਅਨੀਤਾ ਅਤੇ ਅੰਬਿਕਾ ਵਾਸੀ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਨੂੰ ਜਨਵਰੀ 2021 ਵਿਜੀਲੈਂਸ ਥਾਣਾ ਜਲੰਧਰ ਵਿਖੇ ਐੱਫ.ਆਈ.ਆਰ. ਨੰਬਰ 05 ਮਿਤੀ 09.03.2017 ਦੇ ਤਹਿਤ ਦਰਜ ਇੱਕ ਮੁਕੱਦਮੇ ਵਿੱਚ ਆਈ.ਪੀ.ਸੀ. ਦੀ ਧਾਰਾ 409, 420, 467, 468, 471, 120-ਬੀ ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 13(1) ਤੇ 13(2) ਅਧੀਨ ਕੇਸ ਵਿਚ ਅਦਾਲਤ ਵੱਲੋਂ ਫ਼ਰਾਰ ਕਰਾਰ ਦਿੱਤੀਆਂ ਗਈਆਂ ਸਨ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
ਉਨ੍ਹਾਂ ਦੱਸਿਆ ਕਿ ਉਪਰੋਕਤ ਦੋਸ਼ੀ ਜਨਾਨੀਆਂ ਸੁਲਤਾਨਪੁਰ ਲੋਧੀ ਦੇ ਸਾਬਕਾ ਕੌਂਸਲਰ ਤਿਲਕ ਰਾਜ ਦੀ ਪਤਨੀ ਅਤੇ ਮਾਤਾ ਹਨ। ਤਿਲਕ ਰਾਜ ਇਸ ਮਾਮਲੇ ਵਿੱਚ 05-02-2018 ਵਿੱਚ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਦੱਸਿਆ ਕਿ ਉਕਤ ਜਨਾਨੀਆਂ ਨੇ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਦੀ ਸ਼ਾਖਾ ਸੁਲਤਾਨਪੁਰ ਲੋਧੀ ਅਤੇ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਜਾਅਲੀ ਅਤੇ ਫਰਜ਼ੀ ਦਸਤਾਵੇਜਾਂ ‘ਤੇ ਕ੍ਰਮਵਾਰ 20 ਲੱਖ ਅਤੇ 28 ਲੱਖ ਰੁਪਏ ਦਾ ਕਰਜ਼ਾ ਲਿਆ ਸੀ। ਹਾਈਕੋਰਟ ਤੋਂ ਜ਼ਮਾਨਤ ਖਾਰਜ ਹੋਣ ਤੋਂ ਬਾਅਦ ਦੋਵੇਂ ਜਨਾਨੀਆਂ ਫ਼ਰਾਰ ਹੋ ਗਈਆਂ ਸਨ।
ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਬੁਲਾਰੇ ਨੇ ਅੱਗੇ ਦੱਸਿਆ ਕਿ ਇਹ ਮਾਮਲਾ ਵਿਜੀਲੈਂਸ ਇਨਕੁਆਰੀ ਨੰਬਰ 12/2013 ਦੇ ਆਧਾਰ ‘ਤੇ ਦਰਜ ਕੀਤਾ ਗਿਆ ਸੀ, ਜਿਸ ਵਿੱਚ ਮਈ 2013 ਤੋਂ ਅਪ੍ਰੈਲ 2016 ਦੇ ਸਮੇਂ ਦੌਰਾਨ ਤੱਤਕਾਲੀ ਦੋਸ਼ੀ ਮੈਨੇਜਰ ਸੁਲਿੰਦਰ ਸਿੰਘ ਅਤੇ ਹੋਰਾਂ ਵੱਲੋਂ ਜਾਅਲੀ ਦਸਤਾਵੇਜਾਂ ਦੇ ਆਧਾਰ ‘ਤੇ ਐੱਸ.ਬੀ.ਆਈ. ਤੋਂ ਖੇਤੀ ਕਰਜ਼ਿਆਂ ਨਾਲ ਸਬੰਧਿਤ ਕੁੱਲ 107 ਕੇਸ ਮਨਜੂਰ ਕੀਤੇ ਗਏ ਸਨ, ਜਿਸ ਰਾਹੀਂ ਬੈਂਕ ਨਾਲ 15 ਕਰੋੜ 83 ਲੱਖ ਰੁਪਏ ਦਾ ਗਬਨ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਪਹਿਲੇ ਪੜਾਅ ਦੌਰਾਨ 14 ਕਰਜ਼ੇ ਦੇ ਕੇਸਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ ਕੇਸਾਂ ਵਿੱਚ ਕੁੱਲ 33 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਹੁਣ ਤੱਕ 26 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ 7 ਮੁਲਜ਼ਮ ਅਜੇ ਵੀ ਫ਼ਰਾਰ ਚੱਲ ਰਹੇ ਹਨ, ਜਿਨਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।