ਵਿਜੀਲੈਂਸ ਨੇ ਅਪ੍ਰੈਲ ''ਚ 12 ਮੁਲਾਜ਼ਮ ਰਿਸ਼ਵਤ ਲੈਂਦੇ ਫੜੇ
Tuesday, May 14, 2019 - 11:55 PM (IST)
ਚੰਡੀਗੜ੍ਹ (ਰਮਨਜੀਤ)-ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅਪ੍ਰੈਲ ਮਹੀਨੇ ਦੌਰਾਨ ਕੁੱਲ 10 ਛਾਪੇ ਮਾਰ ਕੇ 12 ਸਰਕਾਰੀ ਮੁਲਾਜ਼ਮਾਂ ਅਤੇ 2 ਪ੍ਰਾਈਵੇਟ ਵਿਅਕਤੀਆਂ ਨੂੰ ਵੱਖ-ਵੱਖ ਕੇਸਾਂ ਵਿਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਜਿਨ੍ਹਾਂ ਵਿਚ ਪੁਲਸ ਵਿਭਾਗ ਦੇ 4, ਮਾਲ ਵਿਭਾਗ ਦੇ 2 ਅਤੇ ਹੋਰਨਾਂ ਵਿਭਾਗਾਂ ਦੇ 6 ਮੁਲਾਜ਼ਮ ਸ਼ਾਮਲ ਹਨ। ਇਸ ਸਬੰਧੀ ਚੀਫ ਡਾਇਰੈਕਟਰ-ਕਮ-ਏ.ਡੀ.ਜੀ.ਪੀ ਵਿਜੀਲੈਂਸ ਬਿਊਰੋ ਪੰਜਾਬ ਬੀ.ਕੇ. ਉੱਪਲ ਨੇ ਕਿਹਾ ਕਿ ਇਸ ਦੌਰਾਨ ਬਿਊਰੋ ਨੇ ਜਨਤਕ ਸੇਵਾਵਾਂ ਅਤੇ ਹੋਰਨਾਂ ਖੇਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ। ਇਸ ਦਿਸ਼ਾ ਵਿਚ ਵਿਜੀਲੈਂਸ ਦੇ ਪੜਤਾਲੀਆ ਅਧਿਕਾਰੀਆਂ ਨੇ ਰਾਜ ਦੀਆਂ ਵੱਖ-ਵੱਖ ਅਦਾਲਤਾਂ ਵਿਚ ਚੱਲਦੇ ਮੁਕੱਦਮਿਆਂ ਦੌਰਾਨ ਦੋਸ਼ੀਆਂ ਨੂੰ ਨਿਆਂਇਕ ਸਜ਼ਾਵਾਂ ਦਿਵਾਉਣ ਲਈ ਪੁਖਤਾ ਪੈਰਵੀ ਕੀਤੀ।
ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਦੌਰਾਨ ਬਿਊਰੋ ਵਲੋਂ ਭ੍ਰਿਸ਼ਟਾਚਾਰ ਸਬੰਧੀ ਕੇਸਾਂ ਦੇ 13 ਚਲਾਨ ਵੱਖ-ਵੱਖ ਵਿਸ਼ੇਸ਼ ਅਦਾਲਤਾਂ 'ਚ ਪੇਸ਼ ਕੀਤੇ ਗਏ। ਇਸੇ ਮਹੀਨੇ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਹੋਰ ਡੂੰਘਾਈ ਨਾਲ ਜਾਂਚ ਕਰਨ ਲਈ ਇਕ ਵਿਜੀਲੈਂਸ ਪੜਤਾਲ ਵੀ ਦਰਜ ਕੀਤੀ ਗਈ। ਉਨ੍ਹਾਂ ਦੱਸਿਆ ਕਿ ਵਿਜੀਲੈਂਸ ਵਲੋਂ ਦਰਜ ਕੀਤੇ ਕੇਸਾਂ ਦੀ ਸੁਣਵਾਈ ਦੌਰਾਨ ਪਿਛਲੇ ਮਹੀਨੇ ਦੋ ਵੱਖ-ਵੱਖ ਵਿਸ਼ੇਸ਼ ਅਦਾਲਤਾਂ ਨੇ ਦੋ ਸਰਕਾਰੀ ਮੁਲਾਜ਼ਮਾਂ ਨੂੰ ਸਜ਼ਾਵਾਂ ਤੇ ਜੁਰਮਾਨੇ ਕੀਤੇ ਹਨ ਜਿਨ੍ਹਾਂ ਵਿਚ ਨਗਰ ਸੁਧਾਰ ਟਰੱਸਟ ਰੂਪਨਗਰ ਦੇ ਜੂਨੀਅਰ ਸਹਾਇਕ ਪ੍ਰਮੋਦ ਸਿੰਘ ਨੂੰ ਐੱਸ.ਏ.ਐੱਸ. ਨਗਰ ਦੀ ਅਦਾਲਤ ਵਲੋਂ 4 ਸਾਲ ਦੀ ਕੈਦ ਅਤੇ 10,000 ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ। ਦੂਜੇ ਕੇਸ ਵਿਚ ਪੰਜਾਬ ਅਨੁਸੂਚਿਤ ਜਾਤਾਂ, ਭੋਂ ਵਿਕਾਸ ਅਤੇ ਵਿੱਤ ਨਿਗਮ ਬਰਨਾਲਾ ਦੇ ਜ਼ਿਲਾ ਮੈਨੇਜਰ ਰਾਮ ਲੁਭਾਇਆ ਨੂੰ ਬਰਨਾਲਾ ਦੀ ਅਦਾਲਤ ਵਲੋਂ 2 ਸਾਲ ਦੀ ਕੈਦ ਅਤੇ 10,000 ਰੁਪਏ ਦਾ ਜੁਰਮਾਨੇ ਦੀ ਸਜ਼ਾ ਸੁਣਾਈ ਗਈ ਹੈ।