ਵਿਜੀਲੈਂਸ ਦੀ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ’ਚ ਪਟਵਾਰੀ ਗ੍ਰਿਫ਼ਤਾਰ
Monday, Apr 10, 2023 - 08:22 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਖ਼ਿਲਾਫ਼ ਚੱਲ ਰਹੀ ਮੁਹਿੰਮ ਦੌਰਾਨ ਅੱਜ ਐੱਸ. ਏ. ਐੱਸ. ਨਗਰ ਜ਼ਿਲ੍ਹੇ ਦੇ ਬਲਾਕ ਮਾਜਰੀ ’ਚ ਤਾਇਨਾਤ ਇਕ ਮਾਲ ਪਟਵਾਰੀ ਚਮਕੌਰ ਲਾਲ, ਵਾਸੀ ਫੇਜ਼ 3ਬੀ-1, ਮੁਹਾਲੀ ਨੂੰ ਉਸ ਦੀ ਆਮਦਨ ਦੇ ਜਾਣੂ ਸਰੋਤਾਂ ਨਾਲੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਭ੍ਰਿਸ਼ਟਾਚਾਰ ਰਾਹੀਂ ਚੱਲ-ਅਚੱਲ ਜਾਇਦਾਦਾਂ ਖਰੀਦ ਕੇ ਵਿੱਤ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ਾਂ ਸਬੰਧੀ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਉਕਤ ਪਟਵਾਰੀ ਖ਼ਿਲਾਫ਼ ਇਹ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਹਨੀਪ੍ਰੀਤ ਤੋਂ 50 ਲੱਖ ਦੀ ਫਿਰੌਤੀ ਮੰਗਣ ਵਾਲਾ ਲਾਰੈਂਸ ਬਿਸ਼ਨੋਈ ਗੈਂਗ ਦਾ ਗੁਰਗਾ ਚੜ੍ਹਿਆ ਪੁਲਸ ਅੜਿੱਕੇ
ਹੋਰ ਵੇਰਵੇ ਦਿੰਦਿਆਂ ਉਸ ਨੇ ਦੱਸਿਆ ਕਿ ਜਾਂਚ ਦੌਰਾਨ ਪਾਇਆ ਗਿਆ ਕਿ ਉਸ ਨੇ ਆਪਣੀ ਆਮਦਨ ਦੇ ਕੁੱਲ ਸਰੋਤਾਂ ਨਾਲੋਂ 76 ਪ੍ਰਤੀਸ਼ਤ ਵੱਧ ਖਰਚੇ ਕੀਤੇ ਹਨ। ਭ੍ਰਿਸ਼ਟਾਚਾਰ ਰਾਹੀਂ ਇਕੱਠੀ ਕੀਤੇ ਨਾਜਾਇਜ਼ ਧਨ ਨੂੰ ਐਡਜਸਟ ਕਰਨ ਲਈ ਉਸ ਨੇ ਵੱਖ-ਵੱਖ ਵਿਅਕਤੀਆਂ ਰਾਹੀਂ ਆਪਣੇ ਪੁੱਤਰ ਅਤੇ ਪਤਨੀ ਦੇ ਬੈਂਕ ਖਾਤਿਆਂ ਵਿਚ ਚੈੱਕਾਂ ਜਾਂ ਸਿੱਧੇ ਟਰਾਂਸਫਰ ਕਰਵਾ ਕੇ ਭਾਰੀ ਰਕਮਾਂ ਜਮ੍ਹਾ ਕਰਵਾਈਆਂ ਹਨ।
ਇਹ ਖ਼ਬਰ ਵੀ ਪੜ੍ਹੋ : ਭਾਰਤ ਨੇ ਵਾਹਗਾ ਬਾਰਡਰ ’ਤੇ ਤਿਰੰਗਾ ਲਹਿਰਾਉਣ ਲਈ ਲਗਾਇਆ ਪੋਲ, ਪਾਕਿਸਤਾਨ ਖੜ੍ਹਾ ਕਰ ਰਿਹੈ ਵਿਵਾਦ
ਪੜਤਾਲ ’ਚ ਪਤਾ ਲੱਗਾ ਹੈ ਕਿ ਉਕਤ ਮੁਲਜ਼ਮ ਨੇ ਮੁਹਾਲੀ ਦੇ ਫੇਜ਼ 3ਬੀ-1 ਵਿਚ ਕਰੋੜਾਂ ਰੁਪਏ ਖਰਚ ਕੇ ਇਕ ਆਲੀਸ਼ਾਨ ਮਕਾਨ ਬਣਾਇਆ ਹੈ। ਇਸ ਤੋਂ ਇਲਾਵਾ ਉਸ ਕੋਲ ਮਹਿੰਗੀਆਂ ਗੱਡੀਆਂ ਵੀ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀ ਪਟਵਾਰੀ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਉਡਣ ਦਸਤਾ, ਪੰਜਾਬ, ਐੱਸ. ਏ. ਐੱਸ. ਨਗਰ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਸ ਨੂੰ ਭਲਕੇ ਮੁਹਾਲੀ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕਾ ਦੇ ਕੇਂਟੁਕੀ ’ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਕਈ ਲੋਕਾਂ ਦੇ ਮਾਰੇ ਜਾਣ ਦਾ ਖ਼ਦਸ਼ਾ