ਕਾਂਗਰਸ ਪਾਰਟੀ ਦਾ ਵਿਧਾਨ ਸਭਾ ਸੈਸ਼ਨ ਸਿਰਫ਼ ‘ਜੁਮਲਾ’: ਮਜੀਠੀਆ

Thursday, Nov 11, 2021 - 11:33 PM (IST)

ਚੰਡੀਗੜ੍ਹ(ਅਸ਼ਵਨੀ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਿਧਾਨ ਸਭਾ ਸੈਸ਼ਨ ਨੂੰ ਕਾਂਗਰਸ ਪਾਰਟੀ ਦਾ ਇਕ 'ਜੁਮਲਾ' ਦੱਸਿਆ। ਉਨ੍ਹਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ 'ਤੇ ਹਮਲਾ ਕਰਦਿਆਂ ਕਿਹਾ ਕਿ ਪੁਰਾਣੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੌਰਾਨ ਪਾਸ 2013 ਦੇ ਕਰਾਰ ਖੇਤੀ ਐਕਟ ਨਵਜੋਤ ਸਿੱਧੂ ਨੇ ਸਰਕਾਰ ’ਚ ਮੁੱਖ ਸੰਸਦੀ ਸਕੱਤਰ ਦੇ ਰੂਪ ’ਚ ਇਸ ਐਕਟ ਦਾ ਸਮਰਥਨ ਕੀਤਾ ਸੀ ਅਤੇ ਇਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਸੀ।
ਚੰਡੀਗੜ੍ਹ ’ਚ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਸ਼੍ਰ੍ਰੋਮਣੀ ਅਕਾਲੀ ਦਲ ਵਿਧਾਇਕ ਦਲ ਦੇ ਨੇਤਾ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਅਕਾਲੀ ਦਲ ਵਿਧਾਨ ਵਿੰਗ ਦੇ ਮੈਂਬਰਾਂ ਦੇ ਨਾਲ ਵਿਧਾਨ ਸਭਾ ਸੈਸ਼ਨ ਨੂੰ ਸਿਰਫ਼ ‘ਜੁਮਲਾ’ ਕਰਾਰ ਦਿੰਦਿਆਂ ਕਾਂਗਰਸ ਸਰਕਾਰ ਦੀ ਸਖ਼ਤ ਨਿੰਦਾ ਕੀਤੀ। ਸ਼ਰਨਜੀਤ ਢਿੱਲੋਂ ਦੀ ਅਗਵਾਈ ’ਚ ਪਾਰਟੀ ਵਿਧਾਇਕਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ’ਚ ਬੀ.ਐੱਸ.ਐੱਫ਼ ਦੇ ਅਧਿਕਾਰ ਖੇਤਰ ਦੇ ਵਿਸਥਾਰ ਦੇ ਨਾਲ-ਨਾਲ ਖੇਤੀਬਾੜੀ ਕਾਨੂੰਨਾਂ ’ਤੇ ਮਤਾ ਪਾਸ ਕਰ ਕੇ ਅੱਖਾਂ ’ਚ ਧੂੜ ਝੋਂਕਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਸਰਕਾਰ ਦੋਵਾਂ ਮੁੱਦਿਆਂ ਨੂੰ ਲੈ ਕੇ ਗੰਭੀਰ ਹੁੰਦੀ ਤਾਂ ਉਹ ਕੇਂਦਰੀ ਫੈਸਲਿਆਂ ਨੂੰ ਬੇਮਾਨੀ ਬਣਾਉਣ ਦਾ ਨੋਟੀਫਿਕੇਸ਼ਨ ਪਾ ਸਕਦੀ ਸੀ। ਸਰਕਾਰ ਨੇ ਇਹ ਜਾਣਨ ਦੇ ਬਾਵਜੂਦ ਪੀ.ਪੀ.ਏ. ’ਤੇ ਇਕ ਬਿੱਲ ਲਿਆਂਦਾ ਕਿ ਨਿਜੀ ਥਰਮਲ ਪਲਾਂਟਾਂ ਵਲੋਂ ਉਨ੍ਹਾਂ ਨੂੰ ਰੱਦ ਕਰਨ ਲਈ ਜਾਰੀ ਕੀਤੇ ਗਏ ਕਾਰਣ ਦੱਸੋ ਨੋਟਿਸ ’ਤੇ ਕੇਂਦਰੀ ਅਥਾਰਟੀ ਵਲੋਂ ਰੋਕ ਲਗਾ ਦਿੱਤੀ ਗਈ ਸੀ।

ਕਿਸਾਨਾਂ ਦੇ ਅਸਲ ਮੁੱਦਿਆਂ ’ਤੇ ਚਰਚਾ ਨਹੀਂ ਕੀਤੀ
ਵਿਧਾਇਕਾਂ ਨੇ ਦੱਸਿਆ ਕਿ ਕਿੰਝ ਮੁੱਖ ਮੰਤਰੀ ਨੇ 15 ਹਜ਼ਾਰ ਕਰੋੜ ਰੁਪਏ ਦੀ ਸਬਸਿਡੀ ਦਾ ਐਲਾਨ ਕੀਤਾ ਹੈ, ਜਦੋਂ ਸੂਬੇ ਦੀ ਉਪਯੋਗਿਤਾ 7000 ਕਰੋੜ ਰੁਪਏ ਪਹਿਲਾਂ ਤੋਂ ਬਕਾਇਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨੇ ਸਾਢੇ ਚਾਰ ਸਾਲਾਂ ਤੋਂ ਜ਼ਿਆਦਾ ਸਮੇਂ ਤੱਕ 11 ਰੁਪਏ ਪ੍ਰਤੀ ਯੂਨਿਟ ਦੀ ਫ਼ੀਸ ਲਈ ਸੀ ਅਤੇ 1.22 ਰੁਪਏ ਪ੍ਰਤੀ ਯੂਨਿਟ ਦੇ ਟੈਕਸ ਤੋਂ ਇਲਾਵਾ ਹੁਣ ਕੇਵਲ ਦੋ ਮਹੀਨੇ ਦੇ ਇਕ ਬਿੱਲ ਚੱਕਰ ਲਈ 3 ਰੁਪਏ ਪ੍ਰਤੀ ਯੂਨਿਟ ਦੀ ਕਮੀ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ 90 ਹਜ਼ਾਰ ਕਰੋੜ ਰੁਪਏ ਦੀ ਪੂਰਨ ਕਰਜ਼ਾ ਮੁਆਫ਼ੀ, ਕਿਸਾਨ ਆਤਮਹੱਤਿਆ, ਪੀੜਤ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ 50 ਲੱਖ ਰੁਪਏ ਮੁਆਵਜ਼ਾ, ਕਪਾਹ ਉਤਪਾਦਕਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ, ਜਿਨ੍ਹਾਂ ਦੀ ਫਸਲ ਤਬਾਹ ਹੋ ਚੁੱਕੀ ਅਤੇ ਡੀ.ਏ.ਪੀ. ਦੀ ਕਾਲਾਬਾਜ਼ਾਰੀ ਨੂੰ ਰੋਕਣ ਸਮੇਤ ਕਿਸਾਨਾਂ ਦੇ ਅਸਲੀ ਮੁੱਦਿਆਂ ’ਤੇ ਚਰਚਾ ਨਹੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਿਸ਼ੇਸ਼ ਸੈਸ਼ਨ ’ਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਕਾਰਣ ਘਰ-ਘਰ ਨੌਕਰੀ, ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ 1800 ਕਰੋੜ ਰੁਪਏ ਦਾ ਵਜ਼ੀਫ਼ਾ ਜਾਰੀ ਕਰਨ ਦਾ ਮੁੱਦਾ ਚੁੱਕਣ ’ਚ ਵੀ ਨਾਕਾਮ ਰਹੀ ਹੈ।
ਇਸ ਮੌਕੇ ਸ਼ਰਨਜੀਤ ਸਿੰਘ ਢਿੱਲੋ, ਲਖਬੀਰ ਸਿੰਘ ਲੋਧੀਨੰਗਲ, ਐੱਨ. ਕੇ. ਸ਼ਰਮਾ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂ, ਮਨਪ੍ਰੀਤ ਸਿੰਘ ਇਆਲੀ, ਹਰਿੰਦਰਪਾਲ ਚੰਦੂਮਾਜਰਾ, ਕੰਵਰਜੀਤ ਸਿੰਘ ਬਰਕੰਦੀ, ਬਲਦੇਵ ਸਿੰਘ ਖਹਿਰਾ ਅਤੇ ਡਾ. ਸੁਖਵਿੰਦਰ ਸੁੱਖੀ ਵੀ ਮੌਜੂਦ ਸਨ।


Bharat Thapa

Content Editor

Related News