ਕੀ ਗਠਜੋੜ ਟੁੱਟਣ ਤੋਂ ਪਹਿਲਾਂ ਟੁੱਟੇਗੀ ਬਾਦਲ ਦੀ 'ਚੁੱਪ'?

01/24/2020 11:47:22 AM

ਪਟਿਆਲਾ/ਰੱਖੜਾ (ਰਾਣਾ): ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਪੰਜਾਬ ਦਾ ਚੋਣ ਪਿੜ 2022 ਤੋਂ ਪਹਿਲਾਂ ਹੀ ਭਖਾ ਦਿੱਤਾ ਹੈ। ਇਕ ਪਾਸੇ ਜਿਥੇ ਭਾਜਪਾ ਆਗੂਆਂ ਦੇ ਤਲਖੀ ਭਰੇ ਬਿਆਨਾਂ ਨੇ 'ਠੰਡ' ਵਿਚ ਅਕਾਲੀ ਆਗੂਆਂ ਨੂੰ ਤਰੇਲੀਆਂ ਲਿਆ ਕੇ ਰੱਖ ਦਿੱਤੀਆਂ ਹਨ। ਟਕਸਾਲੀਆਂ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਅਗਾਮੀ ਮੁੱਖ ਮੰਤਰੀ ਬਣਾਉਣ ਦੇ ਚਰਚਿਆਂ ਨੇ ਪੰਜਾਬ ਦੇ ਵੋਟਰਾਂ ਨੂੰ ਸ਼ਸ਼ੋਪੰਜ ਵਿਚ ਪਾ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ, ਦਿੱਲੀ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ 'ਤੇ ਆ ਜਾਣ ਕਾਰਣ ਪੰਜਾਬ ਦੇ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਹੁਣ ਦਿਨੋ-ਦਿਨ ਵਿਸ਼ਵਾਸ ਉੱਠਣਾ ਸ਼ੁਰੂ ਹੋ ਗਿਆ ਹੈ।

ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਲੀਮੈਂਟ ਵਿਚ ਸੀ. ਏ. ਏ. ਦੇ ਹੱਕ ਵਿਚ ਭੁਗਤਣਾ ਅਤੇ ਬਾਹਰ ਆ ਕੇ ਘੱਟ-ਗਿਣਤੀਆਂ ਦੇ ਹੱਕ ਵਿਚ 'ਹਾਅ ਦਾ ਨਾਅਰਾ' ਮਾਰਨਾ ਵੀ ਅਕਾਲੀਆਂ ਦੀ ਦੋਗਲੀ ਨੀਤੀ ਨੂੰ ਉਜਾਗਰ ਕਰ ਗਿਆ ਹੈ। ਇਸ ਮਾਮਲੇ 'ਤੇ ਭਾਜਪਾ ਨੇ ਅਕਾਲੀ ਦਲ ਨੂੰ ਆਪਣਾ ਸਟੈਂਡ ਬਦਲਣ ਅਤੇ ਸਪੱਸ਼ਟ ਕਰਨ ਲਿਆ ਕਿਹਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਬਿਆਨਾਂ 'ਤੇ ਕਾਇਮ ਰਹਿਣ ਕਾਰਣ ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਪਣੇ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਲੈ ਲਿਆ। ਇਸ ਮਗਰੋਂ ਭਾਜਪਾ ਆਗੂਆਂ ਵੱਲੋਂ ਅਕਾਲੀ ਦਲ ਨਾਲੋਂ ਗਠਜੋੜ ਤੋੜਨ ਦੇ ਬਿਆਨ ਦੇਣਾ ਅਤੇ ਅਜਿਹੇ ਬਿਆਨਾਂ ਦੀ ਹਮਾਇਤ ਕਰਨ ਕਾਰਣ ਪੰਜਾਬ ਦਾ ਅਕਾਲੀ ਦਲ ਨਾਲ ਜੁੜਿਆ ਕੇਡਰ ਅਤੇ ਜਨਤਾ ਸ਼ਸ਼ੋਪੰਜ ਵਿਚ ਪਏ ਹੋਏ ਹਨ। ਇੰਨਾ ਵੱਡਾ ਸਿਆਸੀ ਘਟਨਾਕ੍ਰਮ ਵਾਪਰਨ 'ਤੇ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸਿਆਸਤ ਦੇ 'ਬਾਬਾ ਬੋਹੜ' ਪ੍ਰਕਾਸ਼ ਸਿੰਘ ਬਾਦਲ ਵੱਲੋਂ ਅਜੇ ਤੱਕ ਚੁੱਪ ਧਾਰੀ ਰੱਖਣਾ ਵੀ ਸਵਾਲਾਂ ਦੇ ਘੇਰੇ ਵਿਚ ਹੈ। ਕੀ ਗਠਜੋੜ ਟੁੱਟਣ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਦੀ 'ਚੁੱਪ' ਟੁੱਟੇਗੀ? ਇਹ ਸਵਾਲ ਹਰ ਸਿਆਸੀ ਚਿੰਤਕ ਦੇ ਮਨ ਵਿਚ ਘੁੰਮ ਰਿਹਾ ਹੈ।


Shyna

Content Editor

Related News