ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 5 ਆਬਜ਼ਰਵਰ ਤਾਇਨਾਤ
Wednesday, Feb 02, 2022 - 01:09 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ) : ਜ਼ਿਲ੍ਹਾ ਸੰਗਰੂਰ ’ਚ ਪੈਂਦੇ ਵਿਧਾਨ ਸਭਾ ਹਲਕਿਆਂ ਦੀਆਂ ਹਰੇਕ ਤਰ੍ਹਾਂ ਦੀਆਂ ਚੋਣ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਚੋਣ ਕਮਿਸ਼ਨ ਵੱਲੋਂ 5 ਆਬਜ਼ਰਵਰ ਤਾਇਨਾਤ ਕੀਤੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਰਾਮਵੀਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 2 ਜਨਰਲ ਆਬਜ਼ਰਵਰ, 2 ਖ਼ਰਚਾ ਆਬਜ਼ਰਵਰ ਅਤੇ ਇਕ ਪੁਲਸ ਆਬਜ਼ਰਵਰ ਦੀ ਤਾਇਨਾਤੀ ਕੀਤੀ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 99-ਲਹਿਰਾ ਅਤੇ 101-ਸੁਨਾਮ ਲਈ ਆਈ. ਏ. ਐੱਸ ਅਧਿਕਾਰੀ ਰਾਜਿੰਦਰ ਵੀਜਾਰਾਓ ਨਿੰਬਲਕਰ ਨੂੰ ਜਨਰਲ ਆਬਜ਼ਰਵਰ ਵੱਜੋਂ ਤਾਇਨਾਤ ਕੀਤਾ ਗਿਆ ਹੈ, ਜਦੋਂ ਕਿ ਆਈ. ਏ. ਐੱਸ. ਅਧਿਕਾਰੀ ਸੁਬੋਧ ਯਾਦਵ 100-ਦਿੜ੍ਹਬਾ, 107-ਧੂਰੀ ਅਤੇ 108-ਸੰਗਰੂਰ ਵਿਧਾਨ ਸਭਾ ਹਲਕਿਆਂ ਦੇ ਜਨਰਲ ਆਬਜ਼ਰਵਰ ਵੱਜੋਂ ਤਾਇਨਾਤ ਕੀਤੇ ਗਏ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਵਿਧਾਨ ਸਭਾ ਹਲਕਾ 99-ਲਹਿਰਾ, 100-ਦਿੜ੍ਹਬਾ ਅਤੇ 101-ਸੁਨਾਮ ਵਿਖੇ ਚੋਣ ਖ਼ਰਚਿਆਂ ’ਤੇ ਨਜ਼ਰ ਰੱਖਣ ਲਈ ਆਈ. ਆਰ. ਐੱਸ. ਅਧਿਕਾਰੀ ਲਿਆਕਤ ਅਲੀ ਅਫ਼ਾਕੀ ਨੂੰ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਈ. ਸੀ. ਏ. ਐੱਸ. ਅਧਿਕਾਰੀ ਸੁਭਾਸ਼ ਚੰਦਰਾ ਵੱਲੋਂ ਖ਼ਰਚਾ ਆਬਜ਼ਰਵਰ ਵੱਜੋਂ ਵਿਧਾਨ ਸਭਾ ਹਲਕਿਆਂ 107-ਧੂਰੀ ਅਤੇ 108-ਸੰਗਰੂਰ ਵਿਖੇ ਹੋਣ ਵਾਲੇ ਚੋਣ ਖ਼ਰਚਿਆਂ ’ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੁਲਸ ਆਬਜ਼ਰਵਰ ਵੱਜੋਂ ਆਈ. ਪੀ. ਐੱਸ. ਅਧਿਕਾਰੀ ਅਮੋਘ ਜੀਵਨ ਗਾਓਂਕਰ ਤਾਇਨਾਤ ਰਹਿਣਗੇ।