''ਵਿਧਾਨ ਸਭਾ ''ਚ ਹੋਇਆ ''ਆਪ''-ਕਾਂਗਰਸ ਦਾ ਗਠਜੋੜ'' (ਵੀਡੀਓ)
Wednesday, Feb 13, 2019 - 07:17 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਵਿਧਾਨ ਸਭਾ ਦੀ ਕਾਰਵਾਈ ਇਕ ਦਿਨ ਹੋਰ ਵਧਾਉਣ ਦੇ ਐਲਾਨ ਨੂੰ ਨਾ-ਕਾਫੀ ਦੱਸਿਆ ਹੈ। ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਾਬਤ ਕਰ ਦਿੱਤਾ ਹੈ ਕਿ ਇਹ ਕਾਂਗਰਸ ਦੀ ਬੀ ਟੀਮ ਹੈ ਕਿਉਂਕਿ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਪੰਜਾਬ ਦੇ ਭਖਦੇ ਮੁੱਦਿਆਂ 'ਤੇ ਚਰਚਾ ਕਰਨ ਲਈ ਬਜਟ ਸੈਸ਼ਨ ਨੂੰ ਲੰਬਾ ਕੀਤੇ ਜਾਣ ਦੀ ਮੰਗ ਹੀ ਨਹੀਂ ਕੀਤੀ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਭੂਮਿਕਾ ਸਹੀ ਢੰਗ ਨਾਲ ਨਹੀਂ ਨਿਭਾਅ ਰਹੀ ਹੈ ਅਤੇ ਨਾ ਹੀ 'ਆਪ' ਵਲੋਂ ਪੰਜਾਬ ਦੇ ਭੱਖਦੇ ਮੁੱਦਿਆਂ ਨੂੰ ਸੁਚੱਜੇ ਢੰਗ ਨਾਲ ਵਿਧਾਨ ਸਭਾ ਵਿਚ ਚੁੱਕਿਆ ਜਾ ਰਿਹਾ ਹੈ। ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਣਦੀ ਹੈ ਕਿ ਜੇਕਰ ਉਨ੍ਹਾਂ ਕਾਂਗਰਸ ਖਿਲਾਫ ਹਮਲਾਵਰ ਰੁੱਖ ਅਪਨਾਇਆ ਤਾਂ ਸਪੀਕਰ 'ਆਪ' ਦੇ ਬਾਗੀ ਵਿਧਾਇਕਾਂ 'ਤੇ ਕਾਰਵਾਈ ਕਰ ਸਕਦਾ ਹੈ ਅਤੇ ਵਿਰੋਧੀ ਧਿਰ ਦਾ ਤਮਗਾ ਬਚਾਉਣ ਲਈ ਹੀ ਹਰਪਾਲ ਚੀਮਾ ਪੰਜਾਬ ਦੇ ਮੁੱਦੇ ਸਹੀ ਢੰਗ ਨਾਲ ਨਹੀਂ ਚੁੱਕ ਰਹੇ। ਉਨ੍ਹਾਂ ਕਿਹਾ ਕਿ ਭਾਵੇਂ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ ਨਹੀਂ ਹੋਇਆ ਹੈ ਪਰ ਵਿਧਾਨ ਸਭਾ 'ਚ ਇਨ੍ਹਾਂ ਦੋਵਾਂ ਪਾਰਟੀਆਂ ਗਠਜੋੜ ਤਹਿਤ ਹੀ ਕੰਮ ਕਰ ਰਹੀਆਂ ਹਨ।
ਵਿਧਾਨ ਸਭਾ ਦੀ ਮੀਡੀਆ ਗੈਲਰੀ ਵਿਚ ਪ੍ਰੈਸ ਕਾਨਫਰੰਸ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਕਦੇ ਵੀ ਵਿਰੋਧੀ ਪਾਰਟੀ ਸੂਬੇ ਅੰਦਰ ਲੋਕਤੰਤਰ ਦਾ ਕਤਲ ਹੁੰਦਾ ਵੇਖ ਕੇ ਇਕ ਮੂਕ ਦਰਸ਼ਕ ਨਹੀਂ ਬਣੀ। ਉਨ੍ਹਾਂ ਕਿਹਾ ਕਿ ਸੈਸ਼ਨ ਨੂੰ ਲੰਬਾ ਕਰਨ ਸੰਬੰਧੀ ਬਿਜਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਵਿਚ ਅਤੇ ਅੱਜ ਵਿਧਾਨ ਸਭਾ ਅੰਦਰ ਜਿਸ ਤਰੀਕੇ ਨਾਲ ਵਿਰੋਧੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਚੁੱਪ ਧਾਰੀ ਰੱਖੀ, ਉਸ ਤੋਂ ਸਾਬਿਤ ਹੁੰਦਾ ਹੈ ਕਿ 'ਆਪ' ਤੇ ਕਾਂਗਰਸ ਨਾਲ ਮਿਲ ਕੇ ਕੰਮ ਕਰ ਰਹੀ ਹੈ।