...ਜਦੋਂ ਪੁਲਸ ਨੂੰ ਚਕਮਾ ਦੇ ਕੇ ਪੇਂਡੂ ਚੌਕੀਦਾਰ ਵਿਧਾਨ ਸਭਾ ਸਾਹਮਣੇ ਪੁੱਜੇ
Tuesday, Aug 06, 2019 - 01:59 PM (IST)
ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਪੇਂਡੂ ਚੌਕੀਦਾਰ ਬੀਤੇ ਦਿਨੀਂ ਸੈਸ਼ਨ ਦੌਰਾਨ ਪੁਲਸ ਨੂੰ ਚਕਮਾ ਦੇ ਕੇ ਗੁਪਤ ਤਰੀਕੇ ਨਾਲ ਅਚਾਨਕ ਪੰਜਾਬ ਵਿਧਾਨ ਸਭਾ ਸਾਹਮਣੇ ਪਹੁੰਚਣ 'ਚ ਸਫ਼ਲ ਹੋ ਗਏ। ਰਾਜ ਦੇ ਵੱਖ-ਵੱਖ ਜ਼ਿਲਿਆਂ ਨਾਲ ਸਬੰਧਤ ਸੈਂਕੜੇ ਚੌਕੀਦਾਰਾਂ ਦੇ ਇਸ ਤਰ੍ਹਾਂ ਅਤਿ-ਸੁਰੱਖਿਆ ਘੇਰੇ ਵਾਲੇ ਖੇਤਰ 'ਚ ਦਾਖਲ ਹੋਣ ਕਾਰਣ ਉਥੇ ਤਾਇਨਾਤ ਪੁਲਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੁਲਸ ਨੇ ਪ੍ਰਦਰਸ਼ਨਕਾਰੀਆਂ ਦੀ ਘੇਰਾਬੰਦੀ ਕਰ ਕੇ ਉਨ੍ਹਾਂ ਨੂੰ ਵਿਧਾਨ ਸਭਾ ਕੰਪਲੈਕਸ ਵੱਲ ਵਧਣ ਤੋਂ ਰੋਕਿਆ। ਆਖਰ ਅਧਿਕਾਰੀਆਂ ਨੂੰ ਉਨ੍ਹਾਂ ਦਾ ਮੰਗ-ਪੱਤਰ ਦਿਵਾਉਣ ਦਾ ਭਰੋਸਾ ਦੇ ਕੇ ਪੁਲਸ ਅÎਧਿਕਾਰੀਆਂ ਨੇ ਸ਼ਾਂਤ ਕੀਤਾ। ਇਸ ਤੋਂ ਬਾਅਦ ਪੇਂਡੂ ਚੌਕੀਦਾਰ ਸ਼ਾਂਤਮਈ ਆਪਣਾ ਰੋਸ ਦਰਜ ਕਰਵਾਉਣ ਤੋਂ ਬਾਅਦ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਪੇਂਡੂ ਚੌਕੀਦਾਰ ਸੀਟੂ ਦੀ ਅਗਵਾਈ ਹੇਠ ਲੰਬੇ ਸਮੇਂ ਤੋਂ ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ ਬਣਾ ਕੇ ਆਪਣੀਆਂ ਮੰਗਾਂ ਲਈ ਅੰਦੋਲਨ ਕਰ ਰਹੇ ਹਨ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰਾਂ ਦਾ ਰਵੱਈਆ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਨਾਂਹ ਪੱਖੀ ਹੈ। ਉਨ੍ਹਾਂ ਦਾ ਇਹ ਪ੍ਰਦਰਸ਼ਨ ਸੰਕੇਤਕ ਸੀ ਅਤੇ ਇਸ ਤੋਂ ਬਾਅਦ ਅੰਦੋਲਨ ਨੂੰ ਤੇਜ਼ ਕਰਨ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ।