ਵਿਧਾਨ ਸਭਾ ''ਚ ਸੁਖਬੀਰ ਤੇ ਮਨਪ੍ਰੀਤ ਬਾਦਲ ਵਿਚਾਲੇ ਹੋਈ ਤਿੱਖੀ ਬਹਿਸ
Tuesday, Feb 26, 2019 - 03:18 PM (IST)

ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ 'ਚ ਬਜਟ 'ਤੇ ਬਹਿਸ ਦੌਰਾਨ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਮੁੱਖ ਸੁਖਬੀਰ ਸਿੰਘ ਬਾਦਲ ਵਿਚਕਾਰ ਤਿੱਖੀ ਨੋਕ-ਝੋਕ ਹੋਈ। ਨੌਬਤ ਇੱਥੋਂ ਤੱਕ ਪਹੁੰਚ ਗਈ ਕਿ ਦੋਵੇਂ ਇਕ-ਦੂਜੇ 'ਤੇ ਨਿੱਜੀ ਟਿੱਪਣੀਆਂ ਕਰਨ ਲੱਗੇ। ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ ਬਾਦਲ ਨੂੰ ਡਾਂਟਦੇ ਹੋਏ ਕੁਰਸੀ 'ਤੇ ਬੈਠੇ ਰਹਿਣ ਦੀ ਗੱਲ ਤੱਕ ਕਹਿ ਦਿੱਤੀ। ਮਾਮਲਾ ਤਦ ਗਰਮਾਇਆ ਜਦੋਂ ਸੁਖਬੀਰ ਬਾਦਲ ਨੇ ਬਹਿਸ ਦੌਰਾਨ ਮਨਪ੍ਰੀਤ ਸਿੰਘ ਬਾਦਲ ਦੀ ਵਿੱਦਿਅਕ ਯੋਗਤਾ 'ਤੇ ਸਵਾਲ ਚੁੱਕਿਆ। ਨਾਲ ਹੀ ਨਿੱਜੀ ਟਿੱਪਣੀ ਕਰਦੇ ਹੋਏ ਕਿਹਾ ਕਿ ਮਨਪ੍ਰੀਤ ਸਿੰਘ ਬਾਦਲ ਜਿਸ ਮੁਕਾਮ 'ਤੇ ਪਹੁੰਚੇ ਹਨ, ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਬਦੌਲਤ ਹਨ। ਇਸ 'ਤੇ ਪਲਟਵਾਰ ਕਰਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਇਕ ਖਾਸ ਵਰਗ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਉਹ ਦੁਬਾਰਾ ਖ਼ਜ਼ਾਨਾ ਮੰਤਰੀ ਬਣ ਗਏ ਹਨ। ਉਥੇ ਹੀ ਸੁਖਬੀਰ ਬਾਦਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਹ ਪ੍ਰਮਾਤਮਾ ਦੀ ਮਿਹਰ ਹੈ ਕਿ ਉਹ ਖ਼ਜ਼ਾਨਾ ਮੰਤਰੀ ਦੀ ਕੁਰਸੀ 'ਤੇ ਬੈਠੇ ਹਨ।
ਮਨਪ੍ਰੀਤ ਸਿੰਘ ਬਾਦਲ ਦੇ ਤੇਵਰ ਵੇਖ ਕੇ ਕਾਂਗਰਸ ਦੇ ਵਿਧਾਇਕਾਂ ਨੇ ਵੀ ਅਕਾਲੀ-ਭਾਜਪਾ ਵਿਧਾਇਕਾਂ ਖਿਲਾਫ ਮੋਰਚਾ ਖੋਲ੍ਹ ਦਿੱਤਾ। ਵਿਧਾਇਕਾਂ ਨੇ ਇਕ-ਦੂਜੇ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਵਿਗੜਦੇ ਮਾਹੌਲ ਨੂੰ ਵੇਖਦੇ ਹੋਏ ਸਪੀਕਰ ਨੇ 15 ਮਿੰਟ ਤੱਕ ਸਦਨ ਮੁਲਤਵੀ ਕਰ ਦਿੱਤੀ।
ਪੰਜਾਬ ਸਰਕਾਰ ਦੇ ਰਹੀ ਸ਼ਰਾਬ ਸਮੱਗਲਿੰਗ ਨੂੰ ਹੱਲਾਸ਼ੇਰੀ : ਸੁਖਬੀਰ
ਬਜਟ ਤੇ ਬਹਿਸ ਦੌਰਾਨ ਸੁਖਬੀਰ ਬਾਦਲ ਨੇ ਸਰਕਾਰ 'ਤੇ ਸ਼ਰਾਬ ਦੀ ਸਮੱਗਲਿੰਗ ਨੂੰ ਹੱਲਾਸ਼ੇਰੀ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਐਕਸਾਈਜ਼ ਪਾਲਿਸੀ ਬਣਾਈ ਹੈ, ਉਹ ਸਮੱਗਲਿੰਗ ਨੂੰ ਹੱਲਾਸ਼ੇਰੀ ਦੇ ਰਹੀ ਹੈ। ਅੱਜ ਪੰਜਾਬ 'ਚ ਸ਼ਰਾਬ ਇੰਨੀ ਮਹਿੰਗੀ ਹੈ ਕਿ ਗੁਆਂਢੀ ਰਾਜਾਂ ਦੀ ਸ਼ਰਾਬ ਸੂਬੇ 'ਚ ਆ ਰਹੀ ਹੈ। ਸਰਕਾਰ ਦਾਅਵਾ ਕਰ ਰਹੀ ਸੀ ਕਿ 6 ਹਜ਼ਾਰ ਕਰੋੜ ਰੁਪਏ ਐਕਸਾਈਜ਼ ਤੋਂ ਕਮਾਵੇਗੀ ਪਰ ਅੱਜ ਵੀ ਰੈਵੇਨਿਊ 5200 ਕਰੋੜ ਰੁਪਏ ਦੇ ਆਸ–ਪਾਸ ਹੈ। ਇਸ ਕੜੀ 'ਚ ਮਾਈਨਿੰਗ ਦੇ ਜ਼ਰੀਏ 3 ਹਜ਼ਾਰ ਕਰੋੜ ਰੁਪਏ ਕਮਾਉਣ ਦਾ ਦਾਅਵਾ ਕੀਤਾ ਗਿਆ ਸੀ ਪਰ ਸਿਰਫ਼ 32 ਕਰੋੜ ਰੁਪਏ ਸਰਕਾਰ ਦੇ ਖਾਤੇ 'ਚ ਆਏ ਹਨ।
ਸਾਫ਼ ਹੈ ਕਿ ਪੰਜਾਬ 'ਚ ਮਾਈਨਿੰਗ ਮਾਫੀਆ ਮੁਨਾਫਾ ਘਟਾ ਰਿਹਾ ਹੈ। ਹਾਲਾਂਕਿ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੁਖਬੀਰ 'ਤੇ ਪਲਟਵਾਰ ਕਰਦੇ ਹੋਏ ਕਿਹਾ ਕਿ 2016-17 ਦੇ ਬਜਟ ਅਨੁਮਾਨ 'ਚ ਸਾਬਕਾ ਅਕਾਲੀ-ਭਾਜਪਾ ਸਰਕਾਰ ਨੇ 5610 ਕਰੋੜ ਰੁਪਏ ਆਮਦਨ ਦਾ ਅਨੁਮਾਨ ਲਾਇਆ ਸੀ ਪਰ ਅਸਲੀ ਕਮਾਈ 4410 ਕਰੋੜ ਰੁਪਏ ਆਈ, 1035 ਕਰੋੜ ਰੁਪਏ ਘੱਟ ਕਮਾਈ ਹੋਈ। ਮਨਪ੍ਰੀਤ ਸਿੰਘ ਬਾਦਲ ਨੇ ਸਾਬਕਾ ਅਕਾਲੀ- ਭਾਜਪਾ ਸਰਕਾਰ ਸਮੇਂ ਸ਼ਰਾਬ ਦੇ ਕੰਮ-ਕਾਜ 'ਚ ਏਕਾਧਿਕਾਰ ਸੀ ਪਰ ਕਾਂਗਰਸ ਨੇ ਇਸ ਨੂੰ ਤੋੜਿਆ। ਸ਼ਰਾਬ ਦਾ ਕੋਟਾ ਘੱਟ ਕੀਤਾ ਅਤੇ 729 ਗਰੁੱਪ ਬਣਾਏ, ਜਿਸ ਨਾਲ ਏਕਾਧਿਕਾਰ ਖਤਮ ਹੋਇਆ ਹੈ।