ਬਰੇਟਾ ਨਗਰ ਕੌਂਸਲ ''ਚ ਮੀਤ ਪ੍ਰਧਾਨ ਦੀ ਚੋਣ ਅੱਜ
Thursday, Feb 01, 2018 - 11:10 AM (IST)
ਬਰੇਟਾ (ਬਾਂਸਲ) : ਸਥਾਨਕ ਨਗਰ ਕੌਂਸਲ ਅੰਦਰ ਮੀਤ ਪ੍ਰਧਾਨ ਦੀ ਚੋਣ 1 ਫਰਵਰੀ ਨੂੰ ਦਫਤਰ ਨਗਰ ਕੌਂਸਲ ਵਿਖੇ ਦੁਪਿਹਰ 2.30 ਵਜੇ ਕੀਤੀ ਜਾ ਰਹੀ ਹੈ। ਕਨਵੀਨਰ ਮੀਤ ਪ੍ਰਧਾਨ ਚੋਣ ਨਗਰ ਕੌਂਸਲ ਕਮ ਉਪ ਮੈਜਿਸਟ੍ਰੈਟ ਗੁਰਸਿਮਰਨ ਸਿੰਘ ਢਿੱਲੋਂ ਨੇ ਦੱਸਿਆ ਕਿ ਚੋਣ ਸਬੰਧੀ ਸਮੂਹ ਕੌਂਸਲਰਾਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਵਰਣਨਯੋਗ ਹੈ ਕਿ ਨਗਰ ਕੌਂਸਲ ਬਰੇਟਾ ਅੰਦਰ ਪ੍ਰਧਾਨ ਦੇ ਖਿਲਾਫ ਬੇ-ਭਰੋਸਗੀ ਮਤੇ ਤੋਂ ਬਾਅਦ ਪ੍ਰਧਾਨ ਦੀ ਚੋਣ ਸੰਬੰਧੀ ਮਾਮਲਾ ਪੰਜਾਬ ਹਰਿਆਣਾ ਹਾਈ ਕੋਰਟ ਅੰਦਰ ਵਿਚਾਰ ਅਧੀਨ ਹੋਣ ਕਾਰਨ ਸ਼ਹਿਰ ਦੇ ਵਿਕਾਸ ਕਾਰਜ ਲਟਕੇ ਹੋਏ ਹਨ। ਸਿਆਸੀ ਆਗੂ ਸ਼ਹਿਰ ਦਾ ਕੰਮਕਾਜ ਚਲਾਉਣ ਲਈ ਪ੍ਰਧਾਨਗੀ ਦੇ ਫੈਸਲੇ ਤਕ ਮੀਤ ਪ੍ਰਧਾਨ ਦੀ ਚੋਣ ਕਰਕੇ ਕਾਰਜਕਾਰੀ ਪ੍ਰਧਾਨ ਵਜੋਂ ਵਿਕਾਸ ਕੰਮਾਂ ਨੂੰ ਨੇਪਰੇ ਚਾੜਣ ਦੀ ਯੋਜਨਾ ਬਣਾ ਰਹੇ ਹਨ, ਜਿਸ ਅਧੀਨ ਇਹ ਚੋਣ ਅਮਲ 'ਚ ਲਿਆਂਦੀ ਜਾ ਰਹੀ ਹੈ। ਮੀਤ ਪ੍ਰਧਾਨ ਦੀ ਕੁਰਸੀ ਨੂੰ ਹਾਸਲ ਕਰਨ ਲਈ ਪ੍ਰਮੁੱਖ ਦਾਅਵੇਦਾਰ ਵਿਕਾਸ ਮਿੱਤਲ ਹੀ ਨਜ਼ਰ ਆ ਰਹੇ ਹਨ ਪਰ ਮੀਤ ਪ੍ਰਧਾਨ ਅਹੁਦਾ ਹਾਸਲ ਕਰਨ ਵਾਲਿਆਂ 'ਚ ਸਿਕੰਦਰ ਜੈਲਦਾਰ ਵੀ ਪਿੱਛੇ ਨਹੀਂ ਹਨ। ਜੋੜ-ਤੋੜ ਦੀ ਰਾਜਨੀਤੀ 'ਚ ਕੌਂਸਲਰ ਵਿਨੋਦ ਕੁਮਾਰ ਬਬਲਾ ਵੀ ਆਪਣੇ ਸਿਆਸੀ ਆਗੂਆਂ ਰਾਹੀਂ ਸਰਗਰਮ ਨਜ਼ਰ ਆ ਰਹੇ ਹਨ।
