ਬਹੁਤ ਵੱਡਾ ਹੈ ਸਟੂਡੈਂਟ ਵੀਜ਼ਾ ਦਾ ਗੋਰਖਧੰਦਾ

Thursday, Nov 23, 2017 - 07:34 AM (IST)

ਬਹੁਤ ਵੱਡਾ ਹੈ ਸਟੂਡੈਂਟ ਵੀਜ਼ਾ ਦਾ ਗੋਰਖਧੰਦਾ

ਜਲੰਧਰ, (ਅਮਿਤ ਕੁਮਾਰ)- ਸਟੂਡੈਂਟ ਵੀਜ਼ਾ ਦਾ ਗੋਰਖਧੰਦਾ ਇੰਨਾ ਵੱਡਾ ਹੈ ਕਿ ਅਜੇ ਇਸ ਦੀਆਂ ਸਾਰੀਆਂ ਪਰਤਾਂ ਖੁੱਲ੍ਹਣ 'ਚ ਕਾਫੀ ਸਮਾਂ ਲੱਗ ਸਕਦਾ ਹੈ। ਸਟੱਡੀ ਵੀਜ਼ੇ ਦੇ ਨਾਂ 'ਤੇ ਅੱਜਕਲ ਸ਼ਹਿਰ ਦੇ ਕੋਨੇ-ਕੋਨੇ 'ਚ ਏਜੰਟ ਵਿਦਿਆਰਥੀਆਂ ਨੂੰ ਗੁੰਮਰਾਹ ਕਰਨ ਵਿਚ ਲੱਗੇ ਹੋਏ ਹਨ। ਦੋਆਬਾ ਖੇਤਰ 'ਚ ਵਿਦੇਸ਼ ਜਾਣ ਦਾ ਰੁਝਾਨ ਇੰਨਾ ਜ਼ਿਆਦਾ ਹੈ ਕਿ ਵੱਡੀ ਉਮਰ ਵਾਲੇ ਲੋਕ ਵੀ ਸਟੂਡੈਂਟ ਬਣ ਕੇ ਵਿਦੇਸ਼ ਜਾਣ ਲਈ ਲੱਖਾਂ ਰੁਪਏ ਖਰਚਣ ਲਈ ਤਿਆਰ ਹਨ ਅਤੇ ਉਨ੍ਹਾਂ ਦੇ ਇਸ ਰੁਝਾਨ ਦਾ ਫਾਇਦਾ ਸ਼ਹਿਰ 'ਚ ਨਾਜਾਇਜ਼ ਤੌਰ 'ਤੇ ਵੀਜ਼ਾ ਕੰਸਲਟੈਂਟ ਬਣ ਕੇ ਬੈਠੇ ਲਾਲਚੀ ਲੋਕ ਚੁੱਕ ਰਹੇ ਹਨ। 
ਆਏ ਦਿਨ ਸੁਣਨ ਨੂੰ ਮਿਲਦਾ ਹੈ ਕਿ ਕਿਸੇ ਜਾਅਲੀ ਏਜੰਟ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਲੱਖਾਂ ਰੁਪਏ ਠੱਗ ਲਏ ਜਾਂ ਫਿਰ ਬਹੁਤ ਸਾਰੇ ਲੋਕ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਉਨ੍ਹਾਂ ਨੇ ਸਟੂਡੈਂਟ ਵੀਜ਼ਾ ਅਪਲਾਈ ਕੀਤਾ ਸੀ ਪਰ ਉਨ੍ਹਾਂ ਦੀ ਫਾਈਲ ਰਿਜੈਕਟ ਹੋ ਗਈ। ਸਟੂਡੈਂਟ ਦਾ ਵੀਜ਼ਾ ਲੱਗੇ ਨਾ ਲੱਗੇ, ਫਾਈਲ ਤਿਆਰ ਕਰਨ ਵਾਲਿਆਂ ਅਤੇ ਲਾਉਣ ਵਾਲੇ ਏਜੰਟਾਂ ਨੂੰ ਫਾਇਦਾ ਹੋਣਾ ਯਕੀਨੀ ਹੈ ਕਿਉਂਕਿ ਫਾਈਲ ਭਰਨ ਦੇ ਸਮੇਂ ਤੋਂ ਹੀ ਉਨ੍ਹਾਂ ਨੂੰ ਕਮਾਈ ਹੋਣੀ ਸ਼ੁਰੂ ਹੋ ਜਾਂਦੀ ਹੈ। 
ਹਾਲ ਹੀ 'ਚ ਪੁਲਸ ਪ੍ਰਸ਼ਾਸਨ ਨੇ ਵੱਡੀ ਪੱਧਰ 'ਤੇ ਕੁਝ ਲੋਕਾਂ ਉਪਰ ਕਾਰਵਾਈ ਕੀਤੀ, ਜੋ ਗਲਤ ਢੰਗ ਨਾਲ ਜਾਅਲੀ ਦਸਤਾਵੇਜ਼ਾਂ ਦੀ ਸਹਾਇਤਾ ਨਾਲ ਸਟੱਡੀ ਵੀਜ਼ਾ ਲਵਾਉਣ ਦਾ ਕੰਮ ਕਰ ਰਹੇ ਸਨ। ਅਜਿਹੀ ਕਾਰਵਾਈ ਪਹਿਲੀ ਵਾਰ ਨਹੀਂ, ਪਹਿਲਾਂ ਵੀ ਬਹੁਤ ਵਾਰ ਪੁਲਸ ਕਰਦੀ ਰਹੀ ਹੈ ਪਰ ਪਹਿਲੀ ਵਾਰ ਹੋਇਆ ਹੈ ਕਿ ਪੁਲਸ ਵੱਲੋਂ ਲਗਾਤਾਰ ਜਾਅਲੀ ਏਜੰਟਾਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ। 
ਆਲੇ-ਦੁਆਲੇ ਦੇ ਇਲਾਕਿਆਂ ਤੋਂ ਆਉਣ ਵਾਲਿਆਂ ਲਈ ਬਣਿਆ ਸਭ ਤੋਂ ਵੱਡਾ ਬਦਲ
ਪਿਛਲੇ ਕੁਝ ਸਾਲਾਂ ਦੌਰਾਨ ਜਲੰਧਰ ਸ਼ਹਿਰ ਪੂਰੇ ਦੋਆਬਾ ਖੇਤਰ ਦਾ ਸਟੂਡੈਂਟ ਵੀਜ਼ਾ ਹੱਬ ਬਣ ਚੁੱਕਾ ਹੈ ਕਿਉਂਕਿ ਵਿਦੇਸ਼ ਜਾਣ ਦੇ ਚਾਹਵਾਨ ਜ਼ਿਆਦਾਤਰ ਲੋਕ ਆਲੇ-ਦੁਆਲੇ ਇਲਾਕਿਆਂ ਜਿਵੇਂ ਕਿ ਫਗਵਾੜਾ, ਕਪੂਰਥਲਾ, ਕਰਤਾਰਪੁਰ, ਨਕੋਦਰ, ਸ਼ਾਹਕੋਟ, ਭੁਲੱਥ, ਬੇਗੋਵਾਲ, ਨੂਰਮਹਿਲ, ਹੁਸ਼ਿਆਰਪੁਰ ਆਦਿ ਤੋਂ ਹੀ ਆਉਂਦੇ ਹਨ ਤੇ ਉਨ੍ਹਾਂ ਲਈ ਜਲੰਧਰ ਹੀ ਸਭ ਤੋਂ ਨੇੜਲਾ ਤੇ ਵਧੀਆ ਬਦਲ ਹੈ। 
ਵੱਡੀ ਗਿਣਤੀ 'ਚ ਆਲੇ-ਦੁਆਲੇ ਦੇ ਇਲਾਕਿਆਂ 'ਚੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਦੇਖ ਕੇ ਹੀ ਸ਼ਹਿਰ 'ਚ ਸਟੱਡੀ ਵੀਜ਼ਾ ਦੇ ਸੈਂਕੜੇ ਦਫਤਰ ਖੁੱਲ੍ਹ ਚੁੱਕੇ ਹਨ, ਜਿਸ ਕਰ ਕੇ ਜਲੰਧਰ ਨੂੰ ਉਕਤ ਹੱਬ ਦਾ ਦਰਜਾ ਮਿਲ ਚੁੱਕਾ ਹੈ। 
500 ਤੋਂ ਵੱਧ ਨਾਜਾਇਜ਼ ਏਜੰਟਾਂ 'ਚੋਂ ਜ਼ਿਆਦਾਤਰ ਬੱਸ ਸਟੈਂਡ ਦੇ ਨੇੜੇ
ਇਸ ਸਮੇਂ ਸ਼ਹਿਰ 'ਚ 500 ਤੋਂ ਵੱਧ ਏਜੰਟ ਹਨ, ਜੋ ਨਾਜਾਇਜ਼ ਤੌਰ 'ਤੇ ਇਹ ਧੰਦਾ ਕਰ ਰਹੇ ਹਨ। ਇਨ੍ਹਾਂ 'ਚੋਂ ਬਹੁਤੇ ਲੋਕਾਂ ਦੇ ਦਫਤਰ ਬੱਸ ਸਟੈਂਡ ਦੇ ਕੋਲ ਹੀ ਹਨ। ਬੱਸ ਸਟੈਂਡ ਦੇ ਆਲੇ-ਦੁਆਲੇ ਬਹੁਤ ਸਾਰੀਆਂ ਬਿਲਡਿੰਗਾਂ ਦੇ ਬਾਹਰ ਸਟੱਡੀ ਵੀਜ਼ਾ ਦੇ ਬੋਰਡ ਲੱਗੇ ਹੋਏ ਹਨ।  ਇਸ ਇਲਾਕੇ ਨੂੰ ਵਿਦੇਸ਼ ਜਾਣ ਦੇ ਚਾਹਵਾਨ ਲੋਕਾਂ ਦਾ ਮੱਕਾ ਵੀ ਕਿਹਾ ਜਾਂਦਾ ਹੈ। ਨੇੜਲੇ ਪਿੰਡਾਂ ਅਤੇ ਕਸਬਿਆਂ ਤੋਂ ਲੋਕ ਸਿੱਧਾ ਬੱਸ ਸਟੈਂਡ ਉਤਰਦੇ ਹਨ ਅਤੇ ਕਿਸੇ ਨਾ ਕਿਸੇ ਏਜੰਟ ਦੇ ਕੋਲ ਫਸ ਜਾਂਦੇ ਹਨ। 
ਫਾਈਲ ਚਾਰਜ ਦੇ ਨਾਂ 'ਤੇ ਮਚੀ ਹੈ ਲੁੱਟ
ਸ਼ਹਿਰ 'ਚ ਬਹੁਤ ਸਾਰੇ ਸਟੱਡੀ ਵੀਜ਼ਾ ਕਾਰੋਬਾਰੀ ਫਾਲਤੂ ਪੈਸੇ ਨਾ ਲੈਣ ਦਾ ਦਾਅਵਾ ਕਰਦੇ ਹਨ ਤੇ ਕਲਾਈਂਟ ਕੋਲੋਂ ਸਿਰਫ ਉਸ ਦੀ ਫਾਈਲ ਭਰਨ ਦੇ ਬਦਲੇ 'ਚ ਫੀਸ, ਜਿਸ ਨੂੰ ਕਿ ਫਾਈਲ ਚਾਰਜ ਕਿਹਾ ਜਾਂਦਾ ਹੈ, ਨੂੰ ਵਸੂਲਦੇ ਹਨ। ਫਾਈਲ ਚਾਰਜ ਲੈਂਦੇ ਸਮੇਂ ਉਹ ਗਾਹਕ ਨਾਲ ਐਗਰੀਮੈਂਟ ਕਰਦੇ ਹਨ, ਜਿਸ ਤਹਿਤ ਫਾਈਲ ਚਾਰਜ ਦੇ ਤੌਰ 'ਤੇ ਵਸੂਲੀ ਗਈ ਰਕਮ ਨਾਨ-ਰਿਫੰਡਏਬਲ ਹੁੰਦੀ ਹੈ। ਇਸ ਰਕਮ ਲਈ ਗਾਹਕ ਕੋਈ ਸ਼ਿਕਾਇਤ ਦਰਜ ਨਹੀਂ ਕਰਵਾ ਸਕਦਾ। ਸ਼ਹਿਰ 'ਚ ਬਹੁਤ ਸਾਰੇ ਏਜੰਟ ਅਜਿਹੇ ਹਨ, ਜਿਨ੍ਹਾਂ ਦਾ ਕੰਮ ਸਿਰਫ ਫਾਈਲ ਚਾਰਜ 'ਤੇ ਹੀ ਚੱਲ ਰਿਹਾ ਹੈ। ਉਨ੍ਹਾਂ ਨੂੰ ਇਸ ਗੱਲ ਦੀ ਜ਼ਰਾ ਪ੍ਰਵਾਹ ਨਹੀਂ ਹੁੰਦੀ ਕਿ ਉਨ੍ਹਾਂ ਦੇ ਕਲਾਈਂਟ ਦਾ ਵੀਜ਼ਾ ਲੱਗੇਗਾ ਜਾਂ ਨਹੀਂ। ਉਨ੍ਹਾਂ ਨੂੰ ਤਾਂ ਸਿਰਫ ਆਪਣੇ ਪੈਸਿਆਂ ਨਾਲ ਮਤਲਬ ਹੁੰਦਾ ਹੈ, ਜੋ ਉਨ੍ਹਾਂ ਨੂੰ ਹਰ ਹਾਲ 'ਚ ਮਿਲ ਹੀ ਜਾਂਦੇ ਹਨ। ਅਜਿਹੇ ਏਜੰਟ ਇਕ ਫਾਈਲ ਨੂੰ ਤਿਆਰ ਕਰਨ ਲਈ 10 ਹਜ਼ਾਰ ਤੋਂ ਲੈ ਕੇ 25 ਹਜ਼ਾਰ ਰੁਪਏ ਤੱਕ ਫਾਈਲ ਚਾਰਜ ਦੇ ਤੌਰ 'ਤੇ ਵਸੂਲਦੇ ਹਨ। ਇਕ ਦਿਨ 'ਚ 5 ਤੋਂ 10 ਫਾਈਲਾਂ ਭਰਦੇ ਹਨ। ਇਸ ਤਰ੍ਹਾਂ ਬਿਨਾਂ ਕੁਝ ਖਾਸ ਕੀਤਿਆਂ ਰੋਜ਼ਾਨਾ 50 ਹਜ਼ਾਰ ਤੋਂ 2.5 ਲੱਖ ਰੁਪਏ ਤੱਕ ਕਮਾ ਲੈਂਦੇ ਹਨ। 


Related News