ਵਾਹਨ ਚੋਰ ਗਿਰੋਹ ਦੇ 2 ਮੈਂਬਰ ਗ੍ਰਿਫਤਾਰ, 2 ਕਰੋੜ ਦੇ ਚੋਰੀਸ਼ੁਦਾ ਵਾਹਨ ਬਰਾਮਦ

02/08/2020 3:52:56 PM

ਚੰਡੀਗੜ੍ਹ (ਸੰਦੀਪ) : ਵਾਹਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰਰਾਜੀ ਗਿਰੋਹ ਦੇ 2 ਮੈਬਰਾਂ ਨੂੰ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਪੁਣੇ ਦੇ ਰਹਿਣ ਵਾਲੇ ਆਸਿਫ ਨੂਰ ਮੁਹੰਮਦ ਅਤੇ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਚੋਰੀ ਦੀਆਂ 16 ਕਾਰਾਂ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਮੁਲਜ਼ਮ ਆਸਿਫ ਨੂਰ ਬੀਮਾ ਕੰਪਨੀ ਤੋਂ ਟੋਟਲ ਲਾਸ ਕਾਰ ਖਰੀਦ ਲੈਂਦਾ। ਉਹ ਕਾਰ ਦੇ ਸਾਰੇ ਅਸਲੀ ਦਸਤਾਵੇਜ਼ ਵੀ ਲੈ ਲੈਂਦਾ ਤੇ ਚੋਰੀ ਦੀ ਕਾਰ 'ਤੇ ਟੋਟਲ ਲਾਸ ਕਾਰ ਦਾ ਇੰਜਣ ਅਤੇ ਚੈਸੀਜ਼ ਨੰਬਰ ਲਾ ਕੇ ਉਸ ਨੂੰ ਅੱਗੇ ਵੇਚ ਦਿੰਦਾ। ਮੁਲਜ਼ਮ ਮਹਾਰਾਸ਼ਟਰ, ਦਿੱਲੀ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ 'ਚ ਵਾਹਨ ਚੋਰੀ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦੇ ਚੁੱਕੇ ਹਨ। ਪੁਲਸ ਨੇ ਮੁਲਜ਼ਮਾਂ ਕੋਲੋਂ ਬਰਾਮਦ ਹੋਏ ਵਾਹਨਾਂ ਦੀ ਕੀਮਤ 2 ਕਰੋੜ ਰੁਪਏ ਦੱਸੀ ਹੈ।

ਗਿਰੋਹ ਦੇ ਸਰਗਣੇ ਦਾ ਲੁਧਿਆਣਾ 'ਚ ਹੈ ਗੋਦਾਮ
ਜਾਣਕਾਰੀ ਅਨੁਸਾਰ ਪੁਲਸ ਨੇ ਮੁਲਜ਼ਮ ਆਫਿਸ ਨੂਰ ਮੁਹੰਮਦ ਨੂੰ 20 ਜਨਵਰੀ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਨੇ ਉਸ ਤੋਂ ਪੁੱਛਗਿਛ ਕੀਤੀ ਤਾਂ ਪੁਲਸ ਨੇ ਅੰਮ੍ਰਿਤਸਰ ਤੋਂ ਉਸਦੇ ਸਾਥੀ ਪ੍ਰਭਜੋਤ ਸਿੰਘ ਨੂੰ ਗ੍ਰਿਫਤਾਰ ਕੀਤਾ। ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਉਨ੍ਹਾਂ ਦੇ ਗਿਰੋਹ ਦੇ ਸਰਗਣੇ ਰਾਜੇਸ਼ ਕੁਮਾਰ ਉਰਫ ਰਾਜਾ ਦਾ ਲੁਧਿਆਣਾ 'ਚ ਗੋਦਾਮ ਹੈ। ਬੀਮਾ ਕੰਪਨੀ ਤੋਂ ਖਰੀਦੀ ਗਈ ਕਾਰ ਨੂੰ ਉਹ ਆਪਣੇ ਗੋਦਾਮ 'ਚ ਰੱਖਦੇ ਸਨ ਅਤੇ ਫਿਰ ਹੂ-ਬਹੂ ਉਸੇ ਮਾਡਲ ਦੀ ਕਾਰ ਨੂੰ ਚੋਰੀ ਕਰਦੇ ਸਨ। ਚੋਰੀ ਕੀਤੇ ਵਾਹਨਾਂ ਨੂੰ ਵੀ ਗੋਦਾਮ 'ਚ ਲਿਜਾਂਦੇ ਅਤੇ ਇੱਥੇ ਉਹ ਚੋਰੀ ਦੇ ਵਾਹਨ 'ਤੇ ਟੋਟਲ ਲਾਸ ਕਾਰ ਦਾ ਇੰਜਣ ਅਤੇ ਚੈਸੀਜ਼ ਨੰਬਰ ਲਾ ਦਿੰਦੇ ਅਤੇ ਇਨ੍ਹਾਂ ਵਾਹਨਾਂ ਨੂੰ ਮਹਾਰਾਸ਼ਟਰ, ਦਿੱਲੀ, ਪੰਜਾਬ, ਹਰਿਆਣਾ 'ਚ ਚੰਗੀਆਂ ਕੀਮਤਾਂ 'ਤੇ ਵੇਚ ਦਿੰਦੇ।


Anuradha

Content Editor

Related News