ਵਿਹੜਾ ਤੇ ਗੱਡੀ ਧੋਣ 'ਤੇ ਲੱਗੀ ਪਾਬੰਦੀ, ਸਰਕਾਰ ਨੇ ਜਾਰੀ ਕੀਤਾ ਨੋਟੀਫਿਕੇਸ਼ਨ

06/27/2019 9:15:31 PM

ਜਲੰਧਰ (ਖੁਰਾਣਾ)-ਦੇਸ਼ ਦੇ ਕਈ ਸੂਬਿਆਂ 'ਚ ਪਾਣੀ ਦਾ ਸੰਕਟ ਵਧਦਾ ਜਾ ਰਿਹਾ ਹੈ, ਜਿਸ ਕਾਰਨ ਨਾ ਸਿਰਫ ਸੋਕੇ ਜਿਹੇ ਹਾਲਾਤ ਪੈਦਾ ਹੋ ਗਏ ਹਨ, ਜਦਕਿ ਲੋਕ ਇਕ ਸੂਬੇ ਨੂੰ ਛੱਡ ਕੇ ਦੂਜੀ ਜਗ੍ਹਾ ਜਾ ਕੇ ਰਹਿਣ ਲਈ ਮਜਬੂਰ ਹੋ ਰਹੇ ਹਨ। ਪੰਜਾਬ 'ਚ ਵੀ ਪਾਣੀ ਦੀ ਕਿੱਲਤ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਸਾਰੀਆਂ ਨਗਰ ਨਿਗਮਾਂ, ਨਗਰ ਕੌਂਸਲਾਂ, ਪੰਚਾਇਤਾਂ ਤੇ ਟਰੱਸਟਾਂ ਆਦਿ ਨੂੰ ਸਖਤ ਨਿਰਦੇਸ਼ ਦਿੱਤੇ ਹਨ ਕਿ ਪਾਣੀ ਦੀ ਦੁਰਵਰਤੋਂ ਬਿਲਕੁਲ ਬੰਦ ਕੀਤੀ ਜਾਵੇ। ਸਾਰੇ ਸ਼ਹਿਰਾਂ 'ਚ ਸਿੱਧੇ ਪਾਈਪ ਲਾ ਕੇ ਗੱਡੀਆਂ ਜਾਂ ਫਰਸ਼ ਧੋਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਾ ਦਿੱਤੀ ਗਈ ਹੈ।

PunjabKesari

ਸਥਾਨਕ ਲੋਕਲ ਬਾਡੀ ਵਿਭਾਗ ਵਲੋਂ ਜਾਰੀ ਪੱਤਰ 'ਚ ਕਿਹਾ ਗਿਆ ਹੈ ਕਿ ਜੇ ਕੋਈ ਅਜਿਹਾ ਕਰਦਾ ਫੜਿਆ ਜਾਂਦਾ ਹੈ ਤਾਂ ਪਹਿਲੀ ਵਾਰ ਉਸ ਨੂੰ 1000 ਰੁਪਏ, ਦੂਜੀ ਵਾਰ 2000 ਰੁਪਏ ਜੁਰਮਾਨਾ ਕੀਤਾ ਜਾਵੇ ਅਤੇ ਤੀਜੀ ਵਾਰ ਅਜਿਹਾ ਕਰਦੇ ਫੜੇ ਜਾਣ 'ਤੇ ਪਾਣੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇ ਅਤੇ 5000 ਰੁਪਏ ਤੱਕ ਜੁਰਮਾਨਾ ਵਸੂਲ ਕਰ ਕੇ ਹੀ ਦੋਬਾਰਾ ਕੁਨੈਕਸ਼ਨ ਲਾਇਆ ਜਾਵੇਗਾ। ਇਨ੍ਹਾਂ ਨਿਰਦੇਸ਼ਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਸਾਰੀਆਂ ਜਗ੍ਹਾ 'ਤੇ ਪੌਦਿਆਂ ਤੇ ਬਗੀਚਿਆਂ ਆਦਿ ਨੂੰ ਪਾਣੀ ਸਿਰਫ ਸ਼ਾਮ ਦੇ 5 ਵਜੇ ਤੋਂ ਬਾਅਦ ਹੀ ਲਾਇਆ ਜਾ ਸਕੇਗਾ। ਇਸ ਦੀ ਉਲੰਘਣਾ ਕਰਨ ਵਾਲੇ ਨੂੰ ਵੀ ਉਪਰੋਕਤ ਜੁਰਮਾਨੇ ਦੀ ਰਾਸ਼ੀ ਦੇਣੀ ਹੋਵੇਗੀ।


Karan Kumar

Content Editor

Related News