ਮੂੰਹ ਢੱਕ ਕੇ ਵਾਹਨ ਚਲਾਉਣ ਵਾਲੇ ਹੁਣ ਨਹੀਂ ਜਾਣਗੇ ਬਖਸ਼ੇ, ਹੋਵੇਗੀ ਇਹ ਸਖਤ ਕਾਰਵਾਈ
Sunday, Sep 17, 2017 - 07:16 PM (IST)
ਕਪੂਰਥਲਾ(ਭੂਸ਼ਣ)— ਹੁਣ ਜ਼ਿਲੇ 'ਚ ਮੂੰਹ ਢੱਕ ਕੇ ਦੋ-ਪਹੀਆ ਵਾਹਨ ਚਲਾਉਣ ਵਾਲੇ ਲੋਕਾਂ ਖਿਲਾਫ ਮਾਮਲੇ ਦਰਜ ਕੀਤੇ ਜਾਣਗੇ। ਜਿਸ ਦਾ ਮੁੱਖ ਮਕਸਦ ਮੂੰਹ ਢੱਕ ਕੇ ਅਪਰਾਧ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਦੀਆਂ ਗਤੀਵਿਧੀਆਂ ਨੂੰ ਰੋਕਣਾ ਹੈ। ਇਸ ਗੱਲ ਦਾ ਪ੍ਰਗਟਾਵਾ ਡੀ. ਸੀ. ਕਪੂਰਥਲਾ ਮੁਹੰਮਦ ਤਾਇਬ ਨੇ ਕੀਤਾ। ਡੀ. ਸੀ. ਕਪੂਰਥਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਅਪਰਾਧਾਂ ਨੂੰ ਰੋਕਣ ਲਈ ਪੁਲਸ ਤੰਤਰ ਨਾਲ ਚਲ ਰਹੇ ਤਾਲਮੇਲ ਨੂੰ ਲੈ ਕੇ 'ਜਗ ਬਾਣੀ' ਨੂੰ ਵਿਸ਼ੇਸ਼ ਜਾਣਕਾਰੀ ਦੇ ਰਹੇ ਸਨ। ਉਨ੍ਹਾਂ ਕਿਹਾ ਕਿ ਅਕਸਰ ਦੇਖਣ 'ਚ ਆਇਆ ਹੈ ਕਿ ਵੱਡੀ ਗਿਣਤੀ 'ਚ ਅਪਰਾਧੀ ਮੂੰਹ ਢੱਕ ਕੇ ਖਤਰਨਾਕ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੰਦੇ ਹਨ। ਜਿਸਦੇ ਸਿੱਟੇ ਵਜੋਂ ਕਈ ਵਾਰ ਇਨ੍ਹਾਂ ਅਪਰਾਧੀਆਂ ਨੂੰ ਫੜਨ 'ਚ ਪੁਲਸ ਨੂੰ ਕਾਫੀ ਮੁਸ਼ਕਿਲਾਂ ਆਉਂਦੀਆਂ ਹਨ। ਜਿਸ ਦੇ ਕਾਰਨ ਹੀ ਉਨ੍ਹਾਂ ਨੇ ਜ਼ਿਲਾ ਭਰ 'ਚ ਧਾਰਾ 144 ਦੇ ਅਧੀਨ ਇਹ ਹੁਕਮ ਲਾਗੂ ਕੀਤੇ ਹਨ ਅਤੇ ਇਸ ਸਬੰਧੀ ਪੁਲਸ ਵਿਭਾਗ ਨੂੰ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਸਿਵਲ ਪ੍ਰਸ਼ਾਸਨ ਪੁਲਸ ਵਿਭਾਗ ਨੂੰ ਟ੍ਰੈਫਿਕ ਨਿਯਮ ਲਾਗੂ ਕਰਨ 'ਚ ਪੂਰਾ ਸਹਿਯੋਗ ਦੇਵੇਗਾ। ਜਿਸ ਦੇ ਮਕਸਦ ਨਾਲ ਉਨ੍ਹਾਂ ਨੇ ਟ੍ਰੈਫਿਕ ਪੁਲਸ ਦੀ ਮੀਟਿੰਗ ਬੁਲਾ ਕੇ ਕਪੂਰਥਲਾ ਤੇ ਫਗਵਾੜਾ 'ਚ ਨਾਜਾਇਜ਼ ਕਬਜ਼ੇ ਹਟਾਉਣ ਤੇ ਬਾਜ਼ਾਰਾਂ 'ਚ ਯੈਲੋ ਲਾਈਨ ਲਗਾਉਣ ਦੇ ਹੁਕਮ ਦਿੱਤੇ ਹਨ। ਉਥੇ ਹੀ ਸੜਕ ਹਾਦਸਿਆਂ ਨੂੰ ਰੋਕਣ ਲਈ ਨਵਾਂ ਐਕਸ਼ਨ ਪਲਾਨ ਬਣਾਇਆ ਗਿਆ ਹੈ।