ਆਮ ਆਦਮੀ ਦੀ ਰਸੋਈ ''ਚੋਂ ਸਬਜ਼ੀ ਹੋਈ ਗਾਇਬ

Thursday, Aug 03, 2017 - 01:36 AM (IST)

ਆਮ ਆਦਮੀ ਦੀ ਰਸੋਈ ''ਚੋਂ ਸਬਜ਼ੀ ਹੋਈ ਗਾਇਬ

ਮੋਗਾ, (ਪਵਨ ਗਰੋਵਰ/ਗੋਪੀ ਰਾਊਕੇ)- ਮੀਂਹ ਦੇ ਦਿਨਾਂ ਦੌਰਾਨ ਪਿਛਲੇ 20 ਦਿਨਾਂ ਤੋਂ ਹਦ ਤੋਂ ਜ਼ਿਆਦਾ ਵਧੇ ਸਬਜ਼ੀਆਂ ਦੇ ਭਾਅ ਨੇ ਆਮ ਆਦਮੀ ਦੀ ਰਸੋਈ 'ਚੋਂ ਸਬਜ਼ੀਆਂ ਨੂੰ ਗਾਇਬ ਕਰ ਦਿੱਤਾ ਹੈ। ਚਾਹੇ ਦਾਲਾਂ ਦਾ ਭਾਅ ਵੀ ਘੱਟ ਨਹੀਂ ਹੈ ਪਰ ਫਿਰ ਵੀ ਸਬਜ਼ੀਆਂ ਦੇ ਮੁਕਾਬਲੇ ਹੁਣ ਲੋਕ ਦਾਲਾਂ ਨੂੰ ਹੀ ਪਹਿਲ ਦੇ ਕੇ ਆਪਣਾ ਦੋ ਸਮੇਂ ਦੀ ਰੋਟੀ ਖਾ ਕੇ ਜੁਗਾੜ ਕਰਦੇ ਹਨ। ਪਿਛਲੇ 5 ਦਿਨਾਂ ਤੋਂ ਕੁਝ ਸਬਜ਼ੀਆਂ ਦੇ ਭਾਅ ਤਾਂ ਘੱਟ ਹੋਏ ਹਨ ਪਰ ਅਜੇ ਵੀ ਬਹੁਤ ਸਬਜ਼ੀਆਂ ਦੇ ਭਾਅ ਇੰਨੇ ਕੁ ਜ਼ਿਆਦਾ ਹਨ ਕਿ ਇਹ ਆਮ ਲੋਕਾਂ ਦੀ ਪਹੁੰਚ ਤੋਂ ਇਹ ਦੂਰ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਘਰੇਲੂ ਹਰ ਸਬਜ਼ੀ 'ਚ 'ਤੜਕੇ' ਦੇ ਰੂਪ ਵਿਚ ਕੰਮ ਆਉਣ ਵਾਲਾ ਟਮਾਟਰ ਅਜੇ ਵੀ 60 ਰੁਪਏ ਕਿਲੋ ਤੱਕ ਵਿਕ ਰਿਹਾ ਹੈ, ਜਦਕਿ ਪਹਿਲਾਂ ਇਸ ਦਾ ਭਾਅ 80 ਰੁਪਏ ਨੂੰ ਵੀ ਪਾਰ ਕਰ ਗਿਆ ਸੀ। 
ਇਸ ਤਰ੍ਹਾਂ ਦੀ ਬਣੀ ਸਥਿਤੀ ਕਾਰਨ ਹੁਣ ਬਹੁਤੇ ਘਰਾਂ 'ਚ ਹੁਣ ਟਮਾਟਰ ਦੇ ਤੜਕੇ ਤੋਂ ਬਿਨਾਂ ਹੀ ਕੁੱਕਰ ਦੀ ਸੀਟੀ ਵੱਜਦੀ ਹੈ। ਇਹੀ ਨਹੀਂ, ਸਲਾਦ 'ਚ ਵੀ ਹੁਣ ਟਮਾਟਰ ਨੂੰ ਸ਼ਾਮਲ ਕਰਨਾ ਲੋਕਾਂ ਤੋਂ ਦੂਰ ਹੋ ਗਿਆ ਹੈ।  ਮੋਗਾ ਦੀ ਸਬਜ਼ੀ ਮੰਡੀ 'ਚ ਸਬਜ਼ੀ ਦੀ ਵੇਚਣ ਵਾਲੇ ਪ੍ਰਵਾਸੀ ਮਜ਼ਦੂਰ ਰਾਮੂ ਅਤੇ ਰਾਮ ਲਾਲ ਦਾ ਕਹਿਣਾ ਹੈ ਕਿ ਚਾਹੇ ਹਰ ਸਾਲ ਮੀਂਹ ਦੇ ਦਿਨਾਂ ਦੌਰਾਨ ਸਬਜ਼ੀ ਦੇ ਭਾਅ 'ਚ ਵਾਧਾ ਤਾਂ ਹੁੰਦਾ ਹੈ ਪਰ ਇਸ ਵਾਰ ਸਬਜ਼ੀਆਂ ਦੇ ਭਾਅ ਪਹਿਲਾਂ ਨਾਲੋਂ ਕੁਝ ਜ਼ਿਆਦਾ ਵਧੇ ਹਨ, ਜਿਸ ਕਾਰਨ ਇਸ ਦਾ ਅਸਰ ਆਮ ਲੋਕਾਂ ਦੀ ਜ਼ਿੰਦਗੀ 'ਤੇ ਪੈਣਾ ਸੁਭਾਵਿਕ ਹੈ। ਸਬਜ਼ੀਆਂ ਦੀ ਵਿਕਰੀ ਵੀ ਪਹਿਲਾਂ ਤੋਂ ਜ਼ਿਆਦਾ 30 ਤੋਂ 35 ਫੀਸਦੀ ਘੱਟ ਹੋ ਗਈ ਹੈ। ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਦੌਰਾਨ ਸਬਜ਼ੀ ਦੀ ਆਮਦ ਮੰਡੀਆਂ 'ਚ ਪਹਿਲਾਂ ਤੋਂ ਘੱਟ ਆਉਂਦੀ ਹੈ, ਜਿਸ ਕਾਰਨ ਭਾਅ 'ਚ ਵਾਧਾ ਹੋਣਾ ਸੁਭਾਵਿਕ ਹੈ। ਬਹੁਤ ਸਬਜ਼ੀਆਂ ਦਾ ਭਾਅ 50 ਰੁਪਏ ਦੇ ਲਗਭਗ ਹੋਣ ਕਾਰਨ ਲੋਕ ਸਬਜ਼ੀਆਂ ਦੀ ਖਰੀਦ ਕਰਨ ਤੋਂ ਕੰਨੀ ਕਤਰਾ ਰਹੇ ਹਨ। 


Related News