ਕਰਫਿਊ ਤੋਂ ਬਾਅਦ ਪ੍ਰਚੂਨ ਵਸਤਾਂ, ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ

Friday, Sep 01, 2017 - 02:06 AM (IST)

ਕਰਫਿਊ ਤੋਂ ਬਾਅਦ ਪ੍ਰਚੂਨ ਵਸਤਾਂ, ਫਲ ਤੇ ਸਬਜ਼ੀਆਂ ਦੀਆਂ ਕੀਮਤਾਂ ਆਸਮਾਨ ਛੂਹਣ ਲੱਗੀਆਂ

ਮਾਨਸਾ(ਸੰਦੀਪ ਮਿੱਤਲ)-ਡੇਰਾ ਮੁਖੀ ਨੂੰ ਸਜ਼ਾ ਸੁਣਾਉਣ ਸਬੰਧੀ ਹਾਲਾਤ ਗੰਭੀਰ ਹੋਣ ਦੇ ਖਦਸ਼ੇ ਨੂੰ ਲੈ ਕੇ ਲੱਗੇ ਕਰਫਿਊ ਤੋਂ ਬਾਅਦ ਹਾਲਾਤ ਸੁਖਾਵੇਂ ਹੋਣ 'ਤੇ ਆਰਥਿਕ ਮੰਦਹਾਲੀ ਦੌਰ 'ਚ ਮਾਰਕੀਟ 'ਚ ਘਰੇਲੂ ਵਰਤੋਂ ਵਾਲੀਆਂ ਪ੍ਰਚੂਨ ਵਸਤਾਂ ਅਤੇ ਫਲ, ਸਬਜ਼ੀਆਂ ਦੀਆਂ ਆਸਮਾਨੀ ਛੂਹ ਰਹੀਆਂ ਕੀਮਤਾਂ ਨਾਲ ਖਪਤਕਾਰਾਂ ਦੀਆਂ ਜੇਬਾਂ 'ਤੇ ਵੱਡੀ ਆਰਥਿਕ ਸੱਟ ਲੱਗ ਰਹੀ ਹੈ। ਮੱਧ ਵਰਗੀ ਅਤੇ ਗਰੀਬ ਖਪਤਕਾਰਾਂ ਦੀ ਹਾਲਤ ਤਰਸਯੋਗ ਹੋ ਰਹੀ ਹੈ। ਉਨ੍ਹਾਂ ਨੂੰ ਸਮਝ ਨਹੀਂ ਆ ਰਹੀ ਕਿ ਉਹ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਕੀ ਕਰਨ? 
ਜੇਕਰ ਫਲਾਂ ਦੀਆਂ ਕੀਮਤਾਂ ਵੱਲ ਝਾਤ ਮਾਰੀ ਜਾਵੇ ਤਾਂ ਸੇਬ 50 ਤੋਂ 100 ਰੁਪਏ ਕਿਲੋ, ਕੇਲੇ 40 ਰੁਪਏ ਦਰਜਨ ਤੋਂ 60-80, ਨਾਸ਼ਪਤੀ ਜਾਂ ਬੱਗੂਗੋਸ਼ੇ 30 ਤੋਂ 60-80 ਰੁਪਏ ਕਿਲੋ ਤੇ ਪਪੀਤਾ 30 ਤੋਂ 50 ਰੁਪਏ ਕਿਲੋ ਤੱਕ ਪਹੁੰਚ ਗਿਆ ਹੈ। ਇਸੇ ਤਰ੍ਹਾਂ ਸਬਜ਼ੀਆਂ 'ਚ ਕੱਦੂ 10 ਤੋਂ 30-40 ਰੁਪਏ ਕਿਲੋ, ਤੋਰੀਆਂ 20 ਤੋਂ 40-50 ਰੁਪਏ ਕਿਲੋ, ਪੇਠਾ 10 ਤੋਂ 30-40 ਰੁਪਏ ਕਿਲੋ, ਭਿੰਡੀ 20 ਤੋਂ 30 ਰੁਪਏ ਕਿਲੋ, ਮਟਰ 40 ਤੋਂ 80-100 ਰੁਪਏ ਕਿਲੋ, ਬੈਂਗਣ ਅਤੇ ਬੈਂਗਣੀ 20 ਤੋਂ 40 ਰੁਪਏ ਕਿਲੋ, ਮੂਲੀਆਂ 20  ਤੋਂ 40 ਰੁਪਏ ਕਿਲੋ, ਅਰਬੀ 20 ਤੋਂ 30 ਰੁਪਏ ਕਿਲੋ, ਹਰੀ ਮਿਰਚ 40 ਤੋਂ 80-100 ਰੁਪਏ ਕਿਲੋ ਅਤੇ ਹੋਰਨਾਂ ਚੀਜ਼ਾਂ ਦੇ ਭਾਅ ਸਥਿਰ ਹਨ। ਹੋਰ ਤਾਂ ਹੋਰ ਸਬਜ਼ੀਆਂ ਦੇ ਬਾਦਸ਼ਾਹ ਪਿਆਜ਼ ਦਾ ਭਾਅ ਵੀ 10 ਤੋਂ 30-40 ਰੁਪਏ ਪ੍ਰਤੀ ਕਿਲੋ ਹੋਣ ਕਾਰਨ ਖਰੀਦ ਤੋਂ ਪਹਿਲਾਂ ਹੱਥ ਲਾਉਣ ਵਾਲੇ ਖਪਤਕਾਰਾਂ ਦੇ ਹੰਝੂ ਨਿਕਲਣ ਲੱਗੇ ਹਨ ਅਤੇ ਟਮਾਟਰ ਦਾ ਭਾਅ 20 ਤੋਂ 60-80 ਰੁਪਏ ਪ੍ਰਤੀ ਕਿਲੋ ਹੋਣ 'ਤੇ ਸਬਜ਼ੀਆਂ ਬਣਾਉਣ ਤੋਂ ਪਹਿਲਾਂ ਦੀਵਾਲਾ ਨਿਕਲਣ ਲੱਗਾ ਹੈ। ਦੂਜੇ ਪਾਸੇ ਆਮ ਘਰੇਲੂ ਵਰਤੋਂ ਵਾਲੀਆਂ ਪ੍ਰਚੂਨ ਵਸਤਾਂ ਤੇ ਕੇਂਦਰ ਸਰਕਾਰ ਵੱਲੋਂ ਜੀ. ਐੱਸ. ਟੀ. ਲੱਗਣ 'ਤੇ ਕੀਮਤਾਂ ਦਾ ਖਪਤਕਾਰਾਂ ਨੂੰ ਹਿਸਾਬ ਲਾਉਣÎਾ ਮੁਸ਼ਕਲ ਹੋ ਗਿਆ ਹੈ।
ਮਜ਼ਦੂਰ, ਮੁਲਾਜ਼ਮ ਤੇ ਕਿਸਾਨ ਜਥੇਬੰਦੀਆਂ ਨੇ ਵੀ ਚੁੱਪ ਧਾਰੀ 
ਹੁਣ ਕਰਫਿਊ ਖਤਮ ਹੋਣ ਉਪਰੰਤ ਮਜ਼ਦੂਰ, ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਨੇ ਵੀ ਚੁੱਪ ਧਾਰ ਲਈ ਹੈ। ਉਹ ਹਾਲਾਤ ਹੋਰ ਸੁਖਾਵੇਂ ਹੋਣ ਦੀ ਉਡੀਕ 'ਚ ਹਨ। ਹਰ ਰੋਜ਼ ਸੰਘਰਸ਼ ਕਰਨ ਵਾਲੀਆਂ ਕਈ ਜਥੇਬੰਦੀਆਂ ਨੂੰ ਲੱਗ ਰਿਹਾ ਹੈ ਕਿ ਸੰਘਰਸ਼ਾਂ ਨੂੰ ਹੋਰ ਅੱਗੇ ਪਾ ਦਿੱਤਾ ਹੈ। ਜ਼ਿਕਰਯੋਗ ਹੈ ਕਿ ਮਜ਼ਦੂਰ , ਮੁਲਾਜ਼ਮ ਅਤੇ ਕਿਸਾਨ ਜਥੇਬੰਦੀਆਂ ਦੇ ਸੰਘਰਸ਼ਾਂ ਲਈ ਪੂਰੇ ਪੰਜਾਬ 'ਚ ਮਾਨਸਾ ਜ਼ਿਲਾ ਸਭ ਤੋਂ ਮੋਹਰੀ ਹੈ।


Related News