ਵਾਹਿਗੁਰੂ ਦਾ ਜਾਪ ਕਰਦਿਆਂ ਅੱਗੇ ਵੱਧ ਰਹੇ ਹਨ ਕਿਸਾਨ, ਜਾਣੋ ਟਰੈਕਟਰ ਮਾਰਚ ਦੀ ਤਾਜ਼ਾ ਸਥਿਤੀ
Tuesday, Jan 26, 2021 - 11:22 AM (IST)
ਨਵੀਂ ਦਿੱਲੀ (ਬਿਊਰੋ) - ਅੱਜ ਯਾਨੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਖ਼ਾਸ ਮੌਕੇ ’ਤੇ ਇਕ ਪਾਸੇ ਜਿਥੇ ਸੈਨਿਕਾਂ ਵਲੋਂ ਪਰੇਡ ਕੀਤੀ ਜਾ ਰਹੀ ਹੈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਵਲੋਂ ਦਿੱਲੀ ਵਿਖੇ ‘ਟਰੈਕਟਰ ਪਰੇਡ’ ਕੱਢੀ ਜਾ ਰਹੀ ਹੈ। ਇਸ ਟਰੈਕਟਰ ਪਰੇਡ ’ਚ ਕਿਸਾਨ ਵੱਡੀ ਗਿਣਤੀ ’ਚ ਆਪੋ ਆਪਣੇ ਟਰੈਕਟਰ ਲੈ ਕੇ ਇਸ ਪਰੇਡ ’ਚ ਸ਼ਾਮਲ ਹੋਏ ਹਨ। ਕਿਸਾਨਾਂ ਵਲੋਂ ਸਿੰਘੂ ਬਾਰਡਰ ਤੋਂ ‘ਟਰੈਕਟਰ ਪਰੇਡ’ ਸ਼ੁਰੂ ਕੀਤੀ ਗਈ ਹੈ, ਜੋ ਵਾਹਿਗੁਰੂ ਦਾ ਜਾਪ ਕਰਦੇ ਹੋਏ ਅੱਗੇ ਵੱਧ ਰਹੀ ਹੈ। ਟਰੈਕਟਰਾਂ ਨਾਲ ਸਿੰਘੂ ਸਰਹੱਦ ਤੋਂ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਕਿਸਾਨਾਂ ਦੀ ਟਰੈਕਟਰ ਪਰੇਡ ਸ਼ੁਰੂ ਹੋਈ। ਦਿੱਲੀ ’ਚ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦ ’ਤੇ ਕਿਸਾਨ ਗਣਤੰਤਰ ਪਰੇਡ ਦੇ ਮੱਦੇਨਜ਼ਰ ਸੁਰੱਖਿਆ ਦੇ ਵਿਆਪਕ ਇੰਤਜ਼ਾਮ ਕੀਤੇ ਗਏ ਹਨ।
ਟਿਕਰੀ ਬਾਰਡਰ ਤੋਂ ਬਾਅਦ ਯੂ.ਪੀ. ਵੇਟ ਤੋਂ ਵੀ ਦਿੱਲੀ ਵਿਚ ਕਿਸਾਨ ਟਰੈਕਟਰ ਲੈ ਕੇ ਦਾਖਲ ਹੋ ਗਏ ਹਨ। ਦੋਵੇਂ ਥਾਵਾਂ ’ਤੇ ਕਿਸਾਨਾਂ ਵੱਲੋਂ ਬੈਰੀਕੇਡ ਤੋੜੇ ਗਏ ਹਨ। ਪੂਰਬੀ ਦਿੱਦੀ ਸਥਿਤ ਯੂਪੀ ਗੇਟ ’ਤੇ ਬੈਰੀਕੇਡ ਤੋੜ ਕੇ ਕਿਸਾਨ ਦਿੱਲੀ ਵਿਚ ਵੜੇ। ਇਥੋਂ ਤਕ ਕਿ ਗਾਜ਼ੀਪੁਰ ਡੇਅਰੀ ਫਾਰਮ ਤਕ ਪਹੁੰਚ ਗਏ ਹਨ।
ਦੱਸ ਦੇਈਏ ਕਿ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਤੇ ਕਿਸਾਨ ਜੱਥੇਬੰਦੀਆਂ ਦੀ ਗੱਲਬਾਤ ਬੇਸਿੱਟਾ ਰਹੀ, ਜਿਸ ਤੋਂ ਬਾਅਦ ਅੱਜ 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ’ਤੇ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ‘ਟਰੈਕਟਰ ਪਰੇਡ’ ਕੱਢੀ ਜਾ ਰਹੀ ਹੈ। ਕਿਸਾਨ ਖੇਤੀ ਕਾਨੂੰਨਾਂ ਖ਼ਿਲਾਫ਼ ਪਿਛਲੇ 62 ਦਿਨਾਂ ਤੋਂ ਡਟੇ ਹੋਏ ਹਨ। ਕਿਸਾਨਾਂ ਵਲੋਂ ਅੱਜ ਦਿੱਲੀ ’ਚ ਟਰੈਕਟਰ ਪਰੇਡ ਕੱਢ ਕੇ ਇਤਿਹਾਸ ਰਚਿਆ ਜਾਵੇਗਾ, ਜਿਸ ਨੂੰ ਪੂਰੀ ਵੇਖੇਗੀ। ਕਿਸਾਨਾਂ ਵਲੋਂ ਕਿਹਾ ਗਿਆ ਕਿ ਅਜਿਹੀ ਪਰੇਡ ਪਹਿਲਾਂ ਕਦੇ ਨਹੀਂ ਹੋਣੀ ਅਤੇ ਇਸ ਪਰੇਡ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਤਾ ਲੱਗੇਗਾ ਕਿ ਕਿਸਾਨਾਂ ’ਚ ਕਿੰਨੀ ਤਾਕਤ ਹੈ।
ਜਾਣਕਾਰੀ ਅਨੁਸਾਰ ਇਸ ‘ਟਰੈਕਟਰ ਪਰੇਡ’ ’ਚ ਸ਼ਾਮਲ ਹੋਣ ਲਈ ਵੱਖ-ਵੱਖ ਸੂਬਿਆਂ ਦੇ ਨੌਜਵਾਨ ਕਿਸਾਨ, ਜਨਾਨੀਆਂ ਅਤੇ ਬੱਚੇ ਭਾਰੀ ਗਿਣਤੀ ’ਚ ਟਰੈਕਟਰ-ਟਰਾਲੀਆਂ ਲੈ ਕੇ ਪਹੁੰਚ ਰਹੇ ਹਨ। ਇਸ ਪਰੇਡ ’ਚ ਆਮ ਲੋਕਾਂ ਦੇ ਨਾਲ-ਨਾਲ ਪੰਜਾਬੀ ਕਲਾਕਾਰ ਵੀ ਕਿਸਾਨਾਂ ਦਾ ਪੂਰਾ ਸਾਥ ਦੇ ਰਹੇ ਹਨ ਅਤੇ ਕਿਸਾਨਾਂ ਦਾ ਹੌਂਸਲਾ ਬੁਲੰਦ ਕਰਦੇ ਹੋਏ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਤੇ ਅਦਾਕਾਰ ਹਰਭਜਨ ਮਾਨ ਆਪਣੇ ਪੁੱਤਰ ਨਾਲ ਦਿੱਲੀ ਟਰੈਕਟਰ ਮਾਰਚ ਦਾ ਹਿੱਸਾ ਬਣਨ ਲਈ ਪਹੁੰਚੇ ਹੋਏ ਹਨ।