ਵੱਡੇ ਘੱਲੂਘਾਰੇ ਦੀ ਯਾਦਗਾਰ ‘ਕੁੱਪ ਰੋਹੀੜਾਂ’
Sunday, Feb 09, 2020 - 08:19 AM (IST)
ਜਲੰਧਰ - ਵੱਡਾ ਘੱਲੂਘਾਰਾ ਇਤਿਹਾਸ ਦੀਆਂ ਘਟਨਾਵਾਂ ਦੇ ਪ੍ਰਮੁੱਖ ਪੰਨੇ ’ਤੇ ਹੈ, ਜਦੋਂ ਸਿੱਖਾਂ ਨੂੰ ਸਮੂਹਿਕ ਤੌਰ 'ਤੇ ਸ਼ਹੀਦ ਕਰਕੇ ਉਨ੍ਹਾਂ ਦਾ ਬੀਜ ਨਾਸ ਕਰਨ ਦਾ ਯਤਨ ਕੀਤਾ ਗਿਆ । ਕਾਹਨੂੰਵਾਨ ਦੇ ਛੰਭ 'ਚ 1746 ਈਸਵੀ ਨੂੰ ਛੋਟਾ ਘੱਲੂਘਾਰਾ ਵਾਪਰਦਾ ਹੈ ਅਤੇ ਪੂਰੇ 16 ਸਾਲਾ ਬਾਅਦ 5 ਫਰਵਰੀ, 1762 ਈਸਵੀ 'ਚ ਕੁੱਪ ਰਹੀੜੇ ਵਿਖੇ ਵੱਡਾ ਘੱਲੂਘਾਰਾ ਵਾਪਰਿਆ। ਜਦੋਂ ਕੋਈ ਵੱਡਾ ਕੌਮੀ ਮਸਲਾ ਸਾਹਮਣੇ ਹੁੰਦਾ ਸੀ ਤਾਂ ਸਿੱਖ ਦੀਵਾਲੀ, ਵਿਸਾਖੀ ਸਮੇਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਜੁੜਦੇ ਸਨ। ਭਾਰਤ 'ਚ ਭਾਰੀ ਲੁੱਟਮਾਰ ਤੋਂ ਬਾਅਦ ਜਦੋਂ ਅਹਿਮਦ ਸ਼ਾਹ ਦੁਰਾਨੀ 1761 ਈਸਵੀ 'ਚ ਪੰਜਾਬ 'ਚੋਂ ਲੰਘਿਆ ਤਾਂ ਉਸ ਨੂੰ ਸਿੱਖਾਂ ਦੇ ਵਿਰੋਧ ਦਾ ਭਾਰੀ ਸਾਹਮਣਾ ਕਰਨਾ ਪਿਆ ਸੀ। ਇਸੇ ਹਮਲੇ ਦੌਰਾਨ ਹੀ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਸਿੱਖਾਂ ਨੇ ਕੈਦ ਕਰਕੇ ਲਿਜਾਈਆਂ ਜਾ ਰਹੀਆਂ 2200 ਹਿੰਦੂ ਇਸਤਰੀਆਂ ਨੂੰ ਅਹਿਮਦ ਸ਼ਾਹ ਤੋਂ ਛੁਡਾ ਕੇ ਸਤਿਕਾਰ ਸਹਿਤ ਘਰੋ-ਘਰੀ ਪਹੁੰਚਾਈਆਂ ਸਨ। ਦੁਰਾਨੀ ਇਸ ਗੱਲੋਂ ਬਹੁਤ ਔਖਾ ਸੀ ਅਤੇ ਸਿੱਖਾਂ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ। ਪੰਜਾਬ 'ਚ ਕੁਝ ਲੋਕ ਅਹਿਮਦ ਸ਼ਾਹ ਲਈ ਸਿੱਖਾਂ ਦੀ ਮੁਖਬਰੀ ਕਰ ਰਹੇ ਸਨ, ਉਨ੍ਹਾਂ 'ਚੋਂ ਇਕ ਨਿਰੰਜਣੀ ਫਿਰਕੇ ਦਾ ਆਗੂ ਆਕੁਲ ਦਾਸ ਸੀ।
ਦੂਜੇ ਪਾਸੇ ਸਿੱਖ, ਮੁਖਬਰਾਂ ਨੂੰ ਸਬਕ ਸਿਖਾਉਣਾ (ਸੋਧਾ ਲਾਉਣਾ) ਚਾਹੁੰਦੇ ਸਨ। ਦੁਰਾਨੀ ਦੇ ਵਾਪਸ ਜਾਂਦਿਆਂ ਹੀ ਸਿੱਖ ਮੁਖੀਆਂ ਨੇ ਸਿੰਘ ਸਾਹਿਬ ਨਵਾਬ ਕਪੂਰ ਸਿੰਘ ਦੀ ਅਗਵਾਈ 'ਚ ਦੀਵਾਲੀ ਦੇ ਮੌਕੇ ਹੋਏ ਇਕੱਠ 'ਚ ਮੁਖਬਰਾਂ ਨੂੰ ਸਮਝਾਉਣ ਜਾਂ ਸਬਕ ਸਿਖਾਉਣ ਦਾ ਗੁਰਮਤਾ ਪਾਸ ਕਰ ਦਿੱਤਾ। ਉਸ ਸਮੇਂ ਦੇ ਪ੍ਰਮੁੱਖ ਸਿੱਖ ਸਰਦਾਰਾਂ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਜੋ ਬੁੱਢਾ ਦਲ ਨਿਹੰਗ ਸਿੰਘਾਂ ਖਾਲਸਾ ਪੰਥ ਦੇ ਮੁਖੀ ਸਨ ਅਤੇ ਹੋਰ ਪ੍ਰਮੁੱਖ ਸਰਦਾਰਾਂ ਨੇ ਆਕੁਲ ਦਾਸ ਨੂੰ ਸਿੱਖਾਂ ਦਾ ਫੈਸਲਾ ਸੁਣਾ ਕੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸ 'ਤੇ ਕੋਈ ਅਸਰ ਨਾ ਹੋਇਆ। ਦੂਜੇ ਪਾਸੇ ਅਹਿਮਦ ਸ਼ਾਹ ਭਾਰਤ 'ਤੇ ਛੇਵੇਂ ਹਮਲੇ ਦੀ ਤਿਆਰੀ ਕਰਕੇ ਰੁਹਤਾਸ ਵਿਖੇ ਪਹੁੰਚ ਚੁੱਕਾ ਸੀ। ਆਕੁਲ ਦਾਸ ਸਿੱਖਾਂ ਵਿਰੁੱਧ ਅਹਿਮਦ ਸ਼ਾਹ ਨੂੰ ਉੱਥੇ ਹੀ ਜਾ ਮਿਲਿਆ। ਸਿੱਖ ਮਾਲੇਰਕੋਟਲੇ ਦੇ ਲਾਗੇ ਦੇ ਪਿੰਡਾਂ 'ਚ ਇਕੱਠੇ ਹੋਣ ਲੱਗੇ। ਉੱਥੋਂ ਦੇ ਹਾਕਮ ਭੀਖਨ ਖਾਂ ਨੇ ਸਿੱਖਾਂ ਦੇ ਉਸ ਇਲਾਕੇ 'ਚ ਇਕੱਠੇ ਹੋਣ ਦੀ ਖਬਰ ਸਰਹਿੰਦ ਦੇ ਹਾਕਮ ਜ਼ੈਨ ਖਾਂ ਨੂੰ ਦਿੰਦੇ ਹੋਏ ਉਨ੍ਹਾਂ ਵਿਰੁੱਧ ਸਹਾਇਤਾ ਵੀ ਮੰਗੀ। ਜ਼ੈਨ ਖਾਂ, ਅਹਿਮਦ ਸ਼ਾਹ ਵੇਲੇ ਸਰਹਿੰਦ ਦਾ ਗਵਰਨਰ ਸੀ। ਉਸ ਨੇ ਅਹਿਮਦ ਸ਼ਾਹ ਨੂੰ ਮਾਲਵੇ ਵੱਲ ਕੂਚ ਕਰਨ ਦੀ ਬੇਨਤੀ ਕੀਤੀ, ਜਿਹੜੀ ਕਿ ਤੁਰੰਤ ਪ੍ਰਵਾਨ ਕਰਦੇ ਹੋਏ ਉਸ ਨੂੰ ਹੁਕਮ ਦਿੱਤਾ ਗਿਆ ਕਿ ਉਹ ਸਿੱਖਾਂ ਦੇ ਖਿਲਾਫ ਜੰਗ ਛੇੜ ਉਨ੍ਹਾਂ ਨੂੰ ਉਲਝਾ ਲਵੇ ਅਤੇ ਉੱਥੋਂ ਹਿੱਲਣ ਨਾ ਦੇਵੇ।
ਸਿੱਖਾਂ ਦਾ ਦਲ ਮਾਲੇਰਕੋਟਲੇ ਦੇ ਲਾਗੇ ਕੁੱਪ ਪਿੰਡ 'ਚ ਇਕੱਠਾ ਹੋ ਰਿਹਾ ਸੀ ਕਿ ਅਹਿਮਦ ਸ਼ਾਹ ਦੇ ਜਰਨੈਲਾਂ ਨੇ ਉਨ੍ਹਾਂ 'ਤੇ ਹੱਲਾ ਬੋਲ ਦਿੱਤਾ। ਤੀਹ ਹਜ਼ਾਰ ਸਿੰਘਾਂ ਦੇ ਦਲ ਤੋਂ ਇਲਾਵਾ ਬੱਚੇ ਅਤੇ ਇਸਤਰੀਆਂ ਵੀ ਉਥੇ ਮੌਜੂਦ ਸਨ। ਜ਼ੈਨ ਖਾਂ ਅਤੇ ਉਸ ਦੀਆਂ ਫੌਜਾਂ ਦਾ ਖਾਲਸਾ ਟਾਕਰਾ ਕਰ ਰਿਹਾ ਸੀ ਕਿ ਅਹਿਮਦ ਸ਼ਾਹ ਦਾ ਭਾਰੀ ਲਸ਼ਕਰ ਵੀ ਉੱਥੇ ਆਣ ਪੁੱਜਾ। ਸਿੰਘਾਂ ਨੇ ਇਸਤਰੀਆਂ ਤੇ ਬੱਚਿਆਂ ਨੂੰ ਘੇਰੇ 'ਚ ਲੈ ਕੇ ਅਤੇ ਮਨੁੱਖੀ ਕਿਲਾ ਬਣਾ ਕੇ ਉਸ ਦਾ ਮੁਕਾਬਲਾ ਜਾਰੀ ਰੱਖਿਆ। ਸੁਲਤਾਨ-ਉਲ-ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਸਰਦਾਰ ਬਘੇਲ ਸਿੰਘ, ਸਰਦਾਰ ਸ਼ਾਮ ਸਿੰਘ, ਸਰਦਾਰ ਚੜ੍ਹਤ ਸਿੰਘ ਸ਼ੁਕਰਚੱਕੀਆ, ਸ. ਤਾਰਾ ਸਿੰਘ ਗੈਬਾ ਆਦਿ ਸਰਦਾਰ ਸਾਰੀ ਸਥਿਤੀ ਦੀ ਸਖਤ ਨਿਗਰਾਨੀ ਕਰ ਰਹੇ ਸਨ। ਉਹ ਜਿਥੇ ਮੋਰਚਾ ਕਮਜ਼ੋਰ ਪੈਂਦਾ ਦੇਖਦੇ ਉੱਥੇ ਤੁਰੰਤ ਪਹੁੰਚ ਜਾਂਦੇ।
ਅਹਿਮਦ ਸ਼ਾਹ ਇਕ ਥਾਂ 'ਤੇ ਜੰਮ ਕੇ ਸਿੰਘਾਂ ਦਾ ਮੁਕਾਬਲਾ ਕਰਨਾ ਚਾਹੁੰਦਾ ਸੀ ਪਰ ਸਿੰਘਾਂ ਦੀ ਗਿਣਤੀ ਘੱਟ ਹੋਣ ਕਰਕੇ ਉਹ ਅਜਿਹੇ ਮੁਕਾਬਲੇ ਲਈ ਤਿਆਰ ਨਹੀਂ ਸਨ, ਦੂਜਾ ਉਨ੍ਹਾਂ ਦੇ ਦਲ ਨਾਲ ਇਸਤਰੀਆਂ ਅਤੇ ਬੱਚੇ ਵੀ ਸਨ ਜਿਨ੍ਹਾਂ ਨੂੰ ਉਹ ਦੁਸ਼ਮਣ ਤੋਂ ਬਚਾ ਕੇ ਰੱਖਣਾ ਚਾਹੁੰਦੇ ਸਨ। ਘੇਰਾ ਬਣਾ ਕੇ ਜੂਝਦੇ ਹੋਏ ਉਹ ਅੱਗੇ ਨੂੰ ਵਧ ਰਹੇ ਸਨ ਅਤੇ ਇਹ ਲੜਾਈ ਖੁੱਲ੍ਹੇ ਇਲਾਕੇ ਦੀ ਬਜਾਏ ਪਿੰਡਾਂ ਵਿਚ ਹੋਣ ਲੱਗੀ। ਕੁੱਪ, ਕੁਤਬਾ-ਬਾਹਮਣੀ ਅਤੇ ਗਹਿਲ ਆਦਿ ਪਿੰਡਾਂ ਵਿਚ ਹੋਈ ਲੜਾਈ ਬਹੁਤ ਭਿਆਨਕ ਸੀ।ਹਰ ਇਕ ਸਿੰਘ ਨੇ ਆਪਣਾ ਪੂਰਾ ਤਾਣ ਲਾ ਕੇ ਇਹ ਯੁੱਧ ਲੜਿਆ ਅਤੇ ਸਿੰਘਾਂ 'ਤੇ ਕਾਬੂ ਨਾ ਪੈਂਦਾ ਵੇਖ ਕੇ ਅਹਿਮਦ ਸ਼ਾਹ ਬਰਨਾਲੇ ਵੱਲ ਚਲਾ ਗਿਆ। ਮੀਲਾਂ ਤੀਕ ਲੋਥਾਂ ਖਿੱਲਰੀਆਂ ਪਈਆਂ ਸਨ। ਸ਼ਹੀਦ ਹੋਏ ਸਿੰਘਾਂ ਦੇ ਸਿਰਾਂ ਦੇ 50 ਗੱਡੇ ਭਰ ਕੇ ਅਹਿਮਦ ਸ਼ਾਹ ਲਾਹੌਰ ਲੈ ਗਿਆ ਅਤੇ ਉੱਥੇ ਜਾ ਕੇ ਉਸ ਨੇ ਉਨ੍ਹਾਂ ਸਿਰਾਂ ਦੇ ਮੀਨਾਰ ਉਸਾਰ ਦਿੱਤੇ।
ਵੱਡਾ ਘੱਲੂਘਾਰਾ ਦੇਸ਼ ਅਤੇ ਕੌਮ ਦੀ ਆਨ ਅਤੇ ਸ਼ਾਨ ਨੂੰ ਬਚਾਉਣ ਲਈ ਕੀਤੀਆਂ ਗਈਆਂ ਕੁਰਬਾਨੀਆਂ ਦਾ ਪ੍ਰਤੀਕ ਹੈ। ਅਜਿਹੇ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਆਪਣੀ ਵਿਰਾਸਤ 'ਤੇ ਮਾਣ ਕਰਦੇ ਹਾਂ। ਇਸ ਘੱਲੂਘਾਰੇ 'ਚ ਸ਼ਹੀਦ ਹੋਏ ਸਿੰਘਾਂ, ਸਿੰਘਣੀਆਂ, ਭੁਜੰਗੀਆਂ ਦੀ ਯਾਦ 'ਚ ਪੰਜਾਬ ਵਿਚਲੀ ਅਕਾਲੀ ਸਰਕਾਰ ਨੇ ਕੁੱਪ ਰੋਹੀੜੇ ਵਿਖੇ ਵੱਡੇ ਘੱਲੂਘਾਰੇ ਦੀ ਯਾਦਗਾਰ ਨੂੰ ਸਥਾਪਿਤ ਕੀਤਾ ਹੈ। ਇਤਿਹਾਸਕ ਹਵਾਲਿਆਂ ਅਨੁਸਾਰ ਵੱਡੇ ਘੱਲੂਘਾਰੇ 'ਚ 30 ਤੋਂ 35 ਹਜ਼ਾਰ ਸਿੰਘ-ਸਿੰਘਣੀਆਂ ਸ਼ਹੀਦ ਹੋਏ। ਇਥੇ ਹੀ 100 ਫੁੱਟ ਉੱਚਾ ਸ਼ਹੀਦੀ ਟਾਵਰ ਤਿਆਰ ਕੀਤਾ ਗਿਆ ਹੈ। ਇਸ ਉੱਪਰ 15 ਫੁੱਟ ਉੱਚਾ ਸਟੇਨਲੈੱਸ ਸਟੀਲ ਦਾ ਖੰਡਾ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਵਜੋਂ ਸੁਸ਼ੋਭਿਤ ਹੈ।
ਦਿਲਜੀਤ ਸਿੰਘ ਬੇਦੀ