ਮੰਡੀ ’ਚ ਆਉਣ ਵਾਲੇ 45 ਸਾਲਾਂ ਤੋਂ ਵੱਧ ਉਮਰ ਵਾਲੇ ਕਿਸਾਨਾਂ ਨੂੰ ਲੱਗੇਗਾ ਕੋਵਿਡ ਬਚਾਅ ਦਾ ਟੀਕਾ
Saturday, Apr 10, 2021 - 02:59 AM (IST)
ਚੰਡੀਗੜ੍ਹ (ਅਸ਼ਵਨੀ)–ਅਨਾਜ ਮੰਡੀ ਵਿਚ ਕਣਕ ਦੀ ਫਸਲ ਲੈ ਕੇ ਆਉਣ ਵਾਲੇ 45 ਸਾਲਾਂ ਤੋਂ ਜ਼ਿਆਦਾ ਉਮਰ ਵਾਲੇ ਕਿਸਾਨਾਂ ਨੂੰ ਕੋਵਿਡ ਤੋਂ ਬਚਾਅ ਦਾ ਟੀਕਾ ਲਾਇਆ ਜਾਵੇਗਾ। 10 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖਰੀਦ ਨੂੰ ਲੈ ਕੇ ਪੰਜਾਬ ਸਰਕਾਰ ਨੇ ਰਾਜ ਭਰ ਵਿਚ ਸਾਰੀਆਂ 154 ਮਾਰਕੀਟ ਕਮੇਟੀਆਂ ਵਿਚ ਕੋਵਿਡ ਟੀਕਾਕਰਨ ਕੈਂਪ ਸਥਾਪਤ ਕੀਤੇ ਹਨ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀਰਵਾਰ ਨੂੰ ਦੱਸਿਆ ਕਿ ਸਰਕਾਰ ਜਿਥੇ ਮੰਡੀਆਂ ਵਿਚੋਂ ਕਣਕ ਦੇ ਇਕ-ਇਕ ਦਾਣੇ ਨੂੰ ਖਰੀਦਣ ਲਈ ਵਚਨਬੱਧ ਹੈ, ਉਥੇ ਹੀ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਖਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਸੁਰੱਖਿਆ ਵੀ ਯਕੀਨੀ ਬਣਾਏਗੀ।
ਚੇਅਰਮੈਨ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਨੇ ਕੋਵਿਡ ਸੰਬੰਧੀ ਸੁਰੱਖਿਆ ਉਪਰਾਲਿਆਂ ਦੀ ਸਖਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ 5600 ਅਧਿਕਾਰੀਆਂ/ਕਰਮਚਾਰੀਆਂ ਨੂੰ 10,000 ਮਾਸਕ (ਐੱਨ-95) ਅਤੇ ਸੈਨੀਟਾਈਜ਼ਰਾਂ ਦੀਆਂ 10,000 ਬੋਤਲਾਂ ਉਪਲੱਬਧ ਕਰਵਾਈਆਂ ਹਨ। ਇਸ ਤੋਂ ਇਲਾਵਾ ਮੰਡੀ ਬੋਰਡ ਨੇ ਖਰੀਦ ਕੇਂਦਰਾਂ ’ਤੇ ਆਪਣੀ ਫਸਲ ਲੈ ਕੇ ਪਹੁੰਚਣ ਵਾਲੇ ਕਿਸਾਨਾਂ ਲਈ ਇਕ ਲੱਖ ਮਾਸਕ ਅਤੇ 35,000 ਲਿਟਰ ਸੈਨੀਟਾਈਜ਼ਰ ਦਾ ਵੀ ਇੰਤਜ਼ਾਮ ਕੀਤਾ ਹੈ। ਭੀੜ ਘੱਟ ਕਰਨ ਲਈ ਅਨਾਜ ਮੰਡੀਆਂ ਦੀ ਗਿਣਤੀ 1872 ਤੋਂ ਵਧਾ ਕੇ 4000 ਕੀਤੀ ਗਈ ਹੈ।ਇਸ ਸੀਜ਼ਨ ਦੌਰਾਨ 130 ਲੱਖ ਮੀਟਰਿਕ ਟਨ ਕਣਕ ਖਰੀਦਣ ਦਾ ਟੀਚਾ ਹੈ। ਮੰਡੀ ਬੋਰਡ ਵੱਲੋਂ ਕਿਸਾਨਾਂ ਨੂੰ ਪਾਸ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ- ਇਸ ਸੂਬੇ 'ਚ 3-4 ਹਫਤੇ ਲਈ ਲੱਗ ਸਕਦੈ ਸੰਪੂਰਨ ਲਾਕਡਾਊਨ
ਕੋਵਿਡ ਦੇ ਚਲਦੇ ਕਣਕ ਦੀ ਸੁਰੱਖਿਅਤ ਖਰੀਦ ਅਤੇ ਮੰਡੀਕਰਨ ਸਬੰਧੀ ਐਡਵਾਈਜ਼ਰੀ ਜਾਰੀ
ਕੋਵਿਡ-19 ਦੇ ਮੱਦੇਨਜ਼ਰ, ਪੰਜਾਬ ਸਰਕਾਰ ਵੱਲੋਂ ਅੱਜ ਕਣਕ ਦੀ ਸੁਰੱਖਿਅਤ ਖਰੀਦ ਅਤੇ ਮੰਡੀਕਰਨ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਗਈ। ਇਸ ਸਬੰਧੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਰੋਨਾ ਵਾਇਰਸ ਵੱਖ-ਵੱਖ ਸਟੇਜਾਂ ’ਤੇ ਵੱਖ-ਵੱਖ ਸਮੇਂ ਲਈ ਜ਼ਿੰਦਾ ਰਹਿੰਦਾ ਹੈ। ਇਹ ਰਸਾਇਣਕ ਕੀਟਨਾਸ਼ਕਾਂ ਦੇ ਨਾਲ ਸੌਖ ਨਾਲ ਕਿਰਿਆਸ਼ੀਲ ਹੋ ਜਾਂਦਾ ਹੈ।
*ਸੰਭਵ ਹੋਵੇ ਤਾਂ ਕਿਸਾਨ ਹੱਥਾਂ ਨਾਲ ਕੰਮ ਕਰਣ ਦੀ ਥਾਂ ਮਸ਼ੀਨਾਂ ਨਾਲ ਕੰਮ ਕਰਨ ਨੂੰ ਪਹਿਲ ਦੇਣ।
*ਕਟਾਈ ਲਈ ਮਸ਼ੀਨ ਚਲਾਉਣ ਵਾਲੇ ਵਿਅਕਤੀ ਨਾਲ ਸਿਰਫ ਲੋੜੀਂਦੀ ਗਿਣਤੀ ਵਿਚ ਵਿਅਕਤੀ ਹੀ ਹੋਣੇ ਚਾਹੀਦੇ ਹਨ।
*ਸਾਰੀਆਂ ਮਸ਼ੀਨਾਂ ਨੂੰ ਦਾਖਲੇ ਸਮੇਂ ਅਤੇ ਰੈਗੂਲਰ ਅੰਤਰਾਲਾ ’ਤੇ ਸੈਨੀਟਾਈਜ਼ ਕੀਤਾ ਜਾਣਾ ਚਾਹੀਦਾ ਹੈ।
*ਇਹ ਲਾਜ਼ਮੀ ਹੈ ਕਿ ਕਟਾਈ ਦੇ ਕੰਮਾਂ ਵਿਚ ਲੱਗੇ ਸਾਰੇ ਆਦਮੀਆਂ ਨੂੰ ਹਰ ਸਮੇਂ ਮਾਸਕ ਪਾ ਕੇ ਰੱਖਣ ਦੇ ਨਾਲ-ਨਾਲ ਲਗਾਤਾਰ ਕੁਝ ਸਮੇਂ ਬਆਦ ਸਾਬਣ ਨਾਲ ਹੱਥ ਧੋਣੇ ਚਾਹੀਦੇ ਹਨ।
*ਸਾਰਿਆਂ ਨੂੰ ਠੀਕ ਸਮੇਂ ’ਤੇ ਅਤੇ ਪ੍ਰਮਾਣਿਤ ਜਾਣਕਾਰੀ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ‘ਕੋਵਾ’ ਐਪ ਡਾਊਨਲੋਡ ਕਰਨੀ ਚਾਹੀਦੀ ਹੈ।
*ਕਟਾਈ ਦੌਰਾਨ ਜੇਕਰ ਕੋਈ ਵਿਅਕਤੀ ਪਾਜ਼ੇਟਿਵ ਕੇਸ ਦੇ ਸੰਪਰਕ ਵਿਚ ਆਉਂਦਾ ਹੈ ਤਾਂ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਅਜਿਹੇ ਮਾਮਲਿਆਂ ਵਿਚ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕਰਨਾ ਚਾਹੀਦਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।