ਪ੍ਰਸਿੱਧ ਸੂਫੀ ਗਾਇਕ ਉਸਤਾਦ ਸ਼ੌਕਤ ਅਲੀ ਮਤੋਈ ਦਾ ਦਿਹਾਂਤ
Tuesday, Nov 10, 2020 - 10:38 PM (IST)
ਲੁਧਿਆਣਾ/ਸੰਗਰੂਰ,(ਵਿਜੇ ਸਿੰਗਲਾ)-ਪ੍ਰਸਿੱਧ ਸੂਫੀ ਗਾਇਕ ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਜੀ ਦਾ ਅੱਜ ਦੇਰ ਰਾਤ ਦਿਹਾਂਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਨਾਬ ਸ਼ੌਕਤ ਅਲੀ ਮਤੋਈ ਦੇ ਛੋਟੇ ਭਰਾ ਪ੍ਰਸਿੱਧ ਸੂਫੀ ਗਾਇਕ ਸਰਦਾਰ ਅਲੀ ਮਤੋਈ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਉਸਤਾਦ ਸ਼ੌਕਤ ਅਲੀ ਮਤੋਈ ਅੱਜ ਮਿਤੀ 10 ਨਵੰਬਰ ਨੂੰ ਦੇਰ ਰਾਤ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।
ਦੱਸਣਯੋਗ ਹੈ ਕਿ ਗਾਇਕ ਸ਼ੌਕਤ ਅਲੀ ਮਤੋਈ ਪਿਛਲੇ ਕਈ ਦਹਾਕਿਆਂ ਤੋਂ ਪੰਜਾਬੀ ਗੀਤ, ਕਵਾਲੀ ਅਤੇ ਸੂਫੀ ਗੀਤ ਗਾਉਂਦੇ ਆ ਰਹੇ ਸਨ। ਸ਼ੌਕਤ ਅਲੀ ਮਤੋਈ ਨੇ ਕਈ ਪੰਜਾਬੀ ਫਿਲਮਾਂ ਲਈ ਪਲੈਅਬੈਕ ਗੀਤ ਵੀ ਗਾਏ। ਉਨ੍ਹਾਂ ਦਾ ਪੰਜਾਬੀ ਫਿਲਮ 'ਸ਼ਰੀਕ' ਲਈ ਗਾਇਆ ਗੀਤ 'ਮੈਨੂੰ ਇਸ਼ਕ ਲੱਗਾ ਮੇਰੇ ਮਾਹੀ ਦਾ' ਬੇਹੱਦ ਮਕਬੂਲ ਹੋਇਆ ਸੀ।
ਇਹ ਵੀ ਪੜ੍ਹੋ: ਜਾਣੋ 5 ਮਿੰਟਾਂ 'ਚ ਪੰਜਾਬ ਦੇ ਤਾਜ਼ਾ ਹਾਲਾਤ
ਇਸ ਤੋਂ ਇਲਾਵਾ ਸ਼ੌਕਤ ਅਲੀ ਮਤੋਈ ਵੱਲੋਂ ਗਾਏ ਕਈ ਸੂਫੀ ਗੀਤ ਵੀ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤੇ ਗਏ। ਸਰਦਾਰ ਅਲੀ ਮਤੋਈ ਨੇ ਦੱਸਿਆ ਕਿ ਉਸਤਾਦ ਜਨਾਬ ਸ਼ੌਕਤ ਅਲੀ ਮਤੋਈ ਦਾ ਨਮਾਜ਼ੇ ਜਨਾਜ਼ਾ ਅਤੇ ਸਪੁਰਦੇ ਖ਼ਾਕ ਮਿਤੀ 11 ਨਵੰਬਰ ਦਿਨ ਬੁੱਧਵਾਰ ਨੂੰ ਸ਼ਾਮ 4 ਵਜੇ ਉਨ੍ਹਾਂ ਦੇ ਜੱਦੀ ਪਿੰਡ ਮਤੋਈ (ਨੇੜੇ ਮਲੇਰਕੋਟਲਾ) ਵਿਖੇ ਹੋਵੇਗਾ।
ਇਹ ਵੀ ਪੜ੍ਹੋ : ਪੰਜਾਬ 'ਚ ਮੰਗਲਵਾਰ ਨੂੰ ਕੋਰੋਨਾ ਦੇ 491 ਨਵੇਂ ਮਾਮਲੇ ਆਏ ਸਾਹਮਣੇ, 20 ਦੀ ਮੌਤ
ਜ਼ਿਕਰਯੋਗ ਹੈ ਕਿ ਸ਼ੌਕਤ ਅਲੀ ਮਤੋਈ ਨੂੰ ਬੀਤੇ ਦਿਨ ਹਾਰਟ ਅਤੇ ਕਿਡਨੀ ਦੀ ਤਕਲੀਫ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਹ ਜੇਰੇ ਇਲਾਜ਼ ਸਨ।