ਚੰਡੀਗੜ੍ਹ ਵਰਗਾ ਅਹਿਸਾਸ ਕਰਵਾਉਂਦਾ ਹੈ ਨਵਾਂਸ਼ਹਿਰ ਦਾ ਇਹ ਪਿੰਡ
Monday, Mar 12, 2018 - 02:46 PM (IST)

ਨਵਾਂਸ਼ਹਿਰ— ਨਵਾਂਸ਼ਹਿਰ ਜ਼ਿਲੇ ਦੀ ਰਾਹੋਂ-ਜਾਡਲਾ ਰੋਡ 'ਤੇ ਵਸਿਆ ਉਸਮਾਨਪੁਰ ਪਿੰਡ ਉਂਝ ਤਾਂ 2500 ਦੀ ਆਬਾਦੀ ਵਾਲਾ ਪਿੰਡ ਹੀ ਹੈ ਪਰ ਇਥੋਂ ਦੀਆਂ ਸੜਕਾਂ ਅਤੇ ਸੜਕਾਂ ਕੰਢੇ ਲੱਗੇ ਹਰੇ-ਭਰੇ ਦਰੱਖਤ ਚੰਡੀਗੜ੍ਹ ਦਾ ਅਹਿਸਾਸ ਕਰਵਾਉਂਦੇ ਹਨ। ਇਥੋਂ ਦੀਆਂ ਸੜਕਾਂ ਪੱਕੀਆਂ ਹਨ ਅਤੇ ਫੁੱਟਪਾਥ ਵੀ ਇੰਟਰਲਾਕਿੰਗ ਟਾਈਲਸ ਨਾਲ ਬਣੇ ਹਨ। ਡਾਕਘਰ, ਬੈਂਕ, ਏ. ਟੀ. ਐੱਮ, 24 ਘੰਟੇ ਬਿਜਲੀ ਸਪਲਾਈ, ਪੰਚਾਇਤੀ ਮੈਰਿਜ ਪੈਲੇਸ, ਸਾਫ-ਸਫਾਈ ਵਰਗੀਆਂ ਕਈ ਸਹੂਲਤਾਂ ਪਿੰਡ ਦੀ ਵੱਖਰੀ ਪਛਾਣ ਕਰਵਾਉਂਦੀਆਂ ਹਨ।
ਦੱਸਣਯੋਗ ਹੈ ਕਿ ਇਥੇ ਸਰਵਸਹਿਮਤੀ ਦਾ ਮੰਤਰ ਕੰਮ ਕਰਦਾ ਹੈ ਅਤੇ ਇਸ ਅਨੋਖੇ ਮੰਤਰ ਕਾਰਨ ਹੀ ਇਥੇ 15 ਸਾਲ ਤੋਂ ਸਰਪੰਚ ਅਤੇ ਪੰਚ ਸਰਵਸਹਿਮਤੀ ਨਾਲ ਚੁਣੇ ਜਾਂਦੇ ਹਨ ਪਰ ਲੋਕਸਭਾ ਅਤੇ ਵਿਧਾਨ ਸਭਾ ਚੋਣਾਂ 'ਚ ਹਰ ਕੋਈ ਆਪਣੀ ਪਸੰਦ ਦੇ ਉਮੀਦਵਾਰ ਨੂੰ ਵੋਟ ਦੇ ਸਕਦਾ ਹੈ। ਇੰਨਾ ਹੀ ਨਹੀਂ ਦੇਸ਼ 'ਚ ਕਰੀਬ ਸਾਢੇ 6 ਲੱਖ ਅਤੇ ਪੰਜਾਬ 'ਚ 13006 ਪਿੰਡ ਹਨ। ਢਾਈ ਮਹੀਨੇ ਪਹਿਲਾਂ ਪੇਂਡੂ ਵਿਕਾਸ ਮੰਤਰਾਲੇ ਦੇ ਸਰਵੇ 'ਚ ਵੀ ਉਸਮਾਨਪੁਰ ਨੂੰ ਦੇਸ਼ ਦੇ ਵਿਕਸਿਤ ਪਿੰਡਾਂ 'ਚ 7ਵਾਂ ਸਥਾਨ ਅਤੇ ਪੰਜਾਬ 'ਚ ਪਹਿਲਾ ਰੈਂਕ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਸਾਲ 2003 ਤੋਂ 2013 ਤੱਕ ਬਲਬੀਰ ਸਿੰਘ ਸਰਵਸਹਿਮਤੀ ਨਾਲ ਪਿੰਡ ਦੇ ਸਰਪੰਚ ਰਹੇ। ਹੁਣ ਬਲਬੀਰ ਨਵਾਂਸ਼ਹਿਰ ਨਗਰ ਕੌਂਸਲ ਦੇ ਵਾਇਸ ਪ੍ਰਧਾਨ ਹਨ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਸਰਵਸਹਿਮਤੀ ਨਾਲ ਚੋਣ ਕਰਵਾਉਣ ਦੇ ਕਾਰਨ ਸਰਕਾਰ ਨੇ ਪਿੰਡ ਦੀ ਪੰਚਾਇਤ ਨੂੰ 3 ਲੱਖ ਦੀ ਗ੍ਰਾਂਟ ਦਿੱਤੀ। ਉਸ ਸਮੇਂ 3 ਲੱਖ ਦੀ ਕਮ ਵੀ ਬਹੁਤ ਜ਼ਿਆਦਾ ਹੁੰਦੀ ਸੀ। ਉਸ ਤੋਂ ਬਾਅਦ ਪਿੰਡ ਦੇ ਬਜ਼ੁਰਗਾਂ ਨੇ ਫੈਸਲਾ ਕੀਤਾ ਕਿ ਉਹ ਤਿੰਨ ਲੱਖ ਤਾਂ ਲੈਣੇ ਹੀ ਹਨ ਨਾਲ ਹੀ ਹੁਣ ਅੱਗੇ ਵੀ ਸੱਤਾਧਾਰੀ ਦਲ ਦੇ ਕਰੀਬੀ ਨੂੰ ਵੀ ਸਰਪੰਚ ਬਣਾਉਣਗੇ ਤਾਂਕਿ ਪਿੰਡ ਦੇ ਲਈ ਹੋਰ ਗ੍ਰਾਂਟ ਆਵੇ ਅਤੇ ਸਰਕਾਰ ਵੱਲੋਂ ਕੋਈ ਵੀ ਰੁਕਾਵਟ ਨਾ ਆਵੇ। 2013 'ਚ ਲੋਕਾਂ ਨੇ ਨਵੀਂ ਟੀਮ ਨੂੰ ਮੌਕਾ ਦੇਣ ਦਾ ਫੈਸਲਾ ਕੀਤਾ ਅਤੇ ਰਿਟਾਇਰ ਹੈੱਡਮਾਸਟਰ ਅਜੈਬ ਸਿੰਘ ਨੂੰ ਸਰਪੰਚ ਚੁਣਿਆ। ਸਾਲ 2003 ਤੋਂ ਸਰਵਸਹਿਮਤੀ ਦਾ ਫਾਰਮੁਲਾ ਹੁਣ ਤੱਕ ਚੱਲ ਰਿਹਾ ਹੈ। ਸਰਪੰਚ ਅਜੈਬ ਸਿੰਘ ਨੇ ਕਿਹਾ ਕਿ ਹੁਣ ਪਿੰਡ 'ਚ ਸਵੱਛਤਾ ਮਿਸ਼ਨ ਦੇ ਤਹਿਤ ਵੈਸਟ ਮੈਨੇਜਮੈਂਟ 'ਤੇ ਵੀ ਕੰਮ ਕੀਤਾ ਜਾਵੇਗਾ। ਹੁਣ ਤੱਕ ਪਿੰਡ 'ਚ ਦੋ ਸਕੂਲਾਂ ਦੀਆਂ ਇਮਾਰਤਾਂ 'ਤੇ 25 ਲੱਖ, 65 ਲੱਖ ਨਾਲ ਮੈਰਿਜ ਪੈਲੇਸ, 2 ਲੱਖ ਨਾਲ ਪਬਲਿਕ ਟਾਇਲਟ, 2 ਲੱਖ ਨਾਲ ਬੱਸ ਸਟਾਪ, ਫੁੱਟਪਾਥ 'ਤੇ 4 ਲੱਖ , ਜਿਮ ਦੇ ਸਾਮਾਨ 'ਤੇ ਡੇਢ ਲੱਖ, ਰਿਕਲ ਡਿਵੈੱਲਪਮੈਂਟ ਸੈਂਟਰ 'ਤੇ 20 ਲੱਖ ਰੁਪਏ ਅਤੇ ਸ਼ਮਸ਼ਾਨਘਾਟ 'ਤੇ 5 ਲੱਖ ਰੁਪਏ ਖਰਚੇ ਜਾ ਚੁੱਕੇ ਹਨ।
ਐੱਨ. ਆਰ. ਆਈਜ਼ ਨੇ ਪਿੰਡ ਦੇ ਵਿਕਾਸ ਲਈ ਖਰਚ ਕੀਤੇ ਸਵਾ ਕਰੋੜ ਰੁਪਏ
ਪਿੰਡ ਦੇ ਵਿਕਾਸ ਲਈ ਐੱਨ. ਆਰ. ਆਈ ਤਲਵਿੰਦਰ ਸਿੰਘ ਨੇ 70 ਲੱਖ ਤੋਂ ਵੱਧ ਦੀ ਰਕਮ ਭੇਜੀ, ਜਦਕਿ ਬਲਬੀਰ ਸਿੰਘ, ਦਲਬੀਰ ਸਿੰਘ ਅਤੇ ਚੈਨ ਸਿੰਘ ਆਦਿ ਨੇ ਵੀ ਖੁੱਲ੍ਹ ਕੇ ਮਦਦ ਕੀਤੀ। ਐੱਨ. ਆਰ. ਆਈਜ਼ ਤੋਂ ਹੀ ਪਿੰਡ 'ਚ ਸਵਾ ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਗਈ ਹੈ।