56 ਪੰਜਾਬੀਆਂ ਸਣੇ 161 ਭਾਰਤੀਆਂ ਨੂੰ ਡਿਪੋਰਟ ਕਰੇਗਾ ਅਮਰੀਕਾ
Monday, May 18, 2020 - 09:56 AM (IST)
ਵਾਸ਼ਿੰਗਟਨ- ਅਮਰੀਕਾ ਇਸ ਹਫਤੇ 161 ਭਾਰਤੀਆਂ ਨੂੰ ਡਿਪੋਰਟ ਕਰੇਗਾ, ਜਿਨ੍ਹਾਂ ਵਿਚੋਂ ਵਧੇਰੇ ਲੋਕ ਗੈਰ-ਕਾਨੂੰਨੀ ਤਰੀਕੇ ਨਾਲ ਮੈਕਸੀਕੋ ਨਾਲ ਲੱਗਦੀ ਦੱਖਣੀ ਸਰਹੱਦ ਲੰਘ ਕੇ ਅਮਰੀਕਾ ਵਿਚ ਦਾਖਲ ਹੋਏ ਸਨ। ਇਕ ਚਾਰਟਡ ਜਹਾਜ਼ ਰਾਹੀਂ ਇਨ੍ਹਾਂ ਸਭ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ। ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਵਿਚ 76 ਹਰਿਆਣਾ ਦੇ, 56 ਪੰਜਾਬ, 12 ਗੁਜਰਾਤ, 5 ਉੱਤਰ ਪ੍ਰਦੇਸ਼, 4 ਮਹਾਰਾਸ਼ਟਰ ਦੇ ਹਨ। ਇਨ੍ਹਾਂ ਤੋਂ ਇਲਾਵਾ, ਕੇਰਲ, ਤਾਮਿਲਨਾਡੂ ਅਤੇ ਤਲੰਗਨਾ ਦੇ 2-2 ਅਤੇ ਆਂਧਰਾ ਪ੍ਰਦੇਸ਼ ਅਤੇ ਗੋਆ ਦਾ 1-1 ਵਿਅਕਤੀ ਹੈ।
ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐੱਨ. ਏ. ਪੀ. ਏ.) ਦੇ ਕਾਰਜਕਾਰੀ ਨਿਰਦੇਸ਼ਕ ਸਤਨਾਮ ਸਿੰਘ ਚਾਹਲ ਮੁਤਾਬਕ ਇਹ ਲੋਕ ਅਮਰੀਕਾ ਦੀਆਂ 95 ਜੇਲਾਂ ਵਿਚ ਬੰਦ 1,739 ਭਾਰਤੀਆਂ ਵਿਚ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਦਿਆਂ ਫੜਿਆ ਗਿਆ ਸੀ। ਆਈ. ਸੀ. ਈ. ਦੀ ਰਿਪੋਰਟ ਮੁਤਾਬਕ ਅਮਰੀਕਾ ਨੇ 2018 ਵਿਚ 611 ਅਤੇ 2019 ਵਿਚ 1,616 ਭਾਰਤੀਆਂ ਨੂੰ ਵਾਪਸ ਭੇਜਿਆ ਸੀ। ਐੱਨ. ਏ. ਪੀ. ਏ. ਮੁਤਾਬਕ 161 ਲੋਕਾਂ ਵਿਚ 3 ਔਰਤਾਂ ਵੀ ਸ਼ਾਮਲ ਹਨ ਅਤੇ ਹਰਿਆਣੇ ਦਾ 19 ਸਾਲਾ ਬਾਲਗ ਵੀ ਹੈ।
ਚਾਹਲ ਨੇ ਕਿਹਾ ਕਿ ਅਮਰੀਕੀ ਜੇਲਾਂ ਵਿਚ ਬੰਦ ਹੋਰ ਭਾਰਤੀ ਨਾਗਰਿਕਾਂ ਨਾਲ ਅੱਗੇ ਕੀ ਹੋਵੇਗਾ, ਇਸ ਦੀ ਕੋਈ ਜਾਣਕਾਰੀ ਨਹੀਂ ਹੈ। ਹਿਰਾਸਤ ਵਿਚ ਲਏ ਗਏ ਵਧੇਰੇ ਲੋਕਾਂ ਨੇ ਸ਼ਰਣ ਮੰਗੀ ਸੀ ਤੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੇ ਦੇਸ਼ ਵਿਚ ਹਿੰਸਾ ਤੇ ਤਸ਼ੱਦਦ ਦਾ ਸਾਹਮਣਾ ਕੀਤਾ ਹੈ।
ਅਮਰੀਕੀ ਜੱਜ ਹਾਲਾਂਕਿ ਪਿਛਲੇ ਕਈ ਸਾਲਾਂ ਤੋਂ ਉਨ੍ਹਾਂ ਦੀ ਅਪੀਲ ਨੂੰ ਖਾਰਜ ਕਰ ਰਹੇ ਹਨ। ਸਾਲਾਂ ਤੋਂ ਉਨ੍ਹਾਂ ਨਾਲ ਕੰਮ ਕਰਨ ਵਾਲੇ ਚਾਹਲ ਨੇ ਦੋਸ਼ ਲਗਾਇਆ ਕਿ ਉੱਤਰੀ ਭਾਰਤ, ਖਾਸ ਕਰਕੇ ਪੰਜਾਬ ਵਿਚ ਮਨੁੱਖੀ ਤਸਕਰ ਅਤੇ ਕੁੱਝ ਅਧਿਕਾਰੀ ਮਿਲੇ ਹੋਏ ਹਨ, ਜੋ ਨੌਜਵਾਨਾਂ ਨੂੰ ਆਪਣੇ ਘਰ ਛੱਡਣ ਅਤੇ ਗੈਰ-ਕਾਨੂੰਨੀ ਰੂਪ ਨਾਲ ਅਮਰੀਕਾ ਵਿਚ ਦਾਖਲ ਕਰਨ ਲਈ ਭੜਕਾਉਂਦੇ ਰਹਿੰਦੇ ਹਨ। ਇਹ ਦਲਾਲ ਅਤੇ ਏਜੰਟ ਇਕ ਵਿਅਕਤੀ ਤੋਂ ਤਕਰੀਬਨ 30-35 ਲੱਖ ਰੁਪਏ ਲੈਂਦੇ ਹਨ। ਬਿਆਨ ਵਿਚ ਚਾਹਲ ਨੇ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਇਨ੍ਹਾਂ ਗਲਤ ਏਜੰਟਾਂ ਖਿਲਾਫ ਕਦਮ ਚੁੱਕਣ ਦੀ ਅਪੀਲ ਵੀ ਕੀਤੀ ਹੈ।