ਅਮਰੀਕਾ ਨੇ ਡਿਪੋਰਟ ਕੀਤੇ 192 ਦੇਸ਼ਾਂ ਦੇ 2,71,000 ਪ੍ਰਵਾਸੀ
Saturday, Dec 21, 2024 - 06:25 AM (IST)

ਜਲੰਧਰ - ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਦੀ ਰਿਪੋਰਟ ਅਨੁਸਾਰ ਪ੍ਰਵਾਸੀਆਂ ਨੂੰ ਡਿਪੋਰਟ ਕੀਤੇ ਜਾਣ ਦੀ ਦਰ ’ਚ ਪਿਛਲੇ ਸਾਲ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਸਮਾਚਾਰ ਏਜੰਸੀ ਰਾਇਟਰਸ ਦੀ ਰਿਪੋਰਟ ਮੁਤਾਬਕ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੀ ਦਰ 2014 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਵੀਰਵਾਰ ਨੂੰ ਜਾਰੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਜੋਅ ਬਾਈਡੇਨ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਘੱਟ ਕਰਨ ਲਈ ਸਖਤ ਕਦਮ ਚੁੱਕੇ ਹਨ, ਜਿਸ ਕਾਰਨ ਇਹ ਵਾਧਾ ਹੋਇਆ। 30 ਸਤੰਬਰ ਨੂੰ ਖਤਮ ਹੋਏ ਵਿੱਤੀ ਸਾਲ ਮੁਤਾਬਕ ਇਸ ਸਾਲ ’ਚ 192 ਦੇਸ਼ਾਂ ਦੇ 2,71,000 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਇਹ ਅੰਕੜਾ 2021 ’ਚ ਬਾਈਡੇਨ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਸਭ ਤੋਂ ਵੱਧ ਸੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰਜਕਾਲ (2017-2021) ਦੇ ਕਿਸੇ ਵੀ ਸਾਲ ਦੇ ਅੰਕੜੇ ਨਾਲੋਂ ਵੱਧ ਸੀ।
ਅਮਰੀਕੀ ਰਾਸ਼ਟਰਪਤੀ ਚੋਣ ਮੁਹਿੰਮ ਦੌਰਾਨ ਰਾਸ਼ਟਰਪਤੀ ਜੋਅ ਬਾਈਡੇਨ ਨੇ ਟਰੰਪ ਦੀਆਂ ਸਖਤ ਇਮੀਗ੍ਰੇਸ਼ਨ ਨੀਤੀਆਂ ਨੂੰ ਬਦਲਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੀ ਸਮੱਸਿਆ ਦਾ ਸਾਹਮਣਾ ਕੀਤਾ ਅਤੇ ਆਖਿਰਕਾਰ ਲਾਗੂ ਕਰਨ ’ਤੇ ਸਖਤ ਰੁਖ ਅਪਣਾਇਆ। ਰਿਪਬਲੀਕਨ ਪਾਰਟੀ ਦੇ ਨੇਤਾ ਡੋਨਾਲਡ ਟਰੰਪ ਨੇ ਨਵੰਬਰ ’ਚ ਰਾਸ਼ਟਰਪਤੀ ਚੋਣ ਜਿੱਤੀ ਅਤੇ ਰਿਕਾਰਡ ਗਿਣਤੀ ਵਿਚ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ ਵਾਅਦਾ ਕੀਤਾ।
ਰਾਇਟਰਜ਼ ਨੇ ਪਿਛਲੇ ਮਹੀਨੇ ਰਿਪੋਰਟ ਦਿੱਤੀ ਸੀ ਕਿ ਨਵਾਂ ਟਰੰਪ ਪ੍ਰਸ਼ਾਸਨ ਇਸ ਡਿਪੋਰਟੇਸ਼ਨ ਕੈਂਪੇਨ ਨੂੰ ਪੂਰਾ ਕਰਨ ਲਈ ਸੰਘੀ ਸਰਕਾਰੀ ਸਰੋਤਾਂ ਦੀ ਵਰਤੋਂ ਕਰੇਗਾ। ਵਿੱਤੀ ਸਾਲ 2019 ਵਿਚ ਆਈ.ਸੀ.ਈ. ਨੇ 2,67,000 ਪ੍ਰਵਾਸੀਆਂ ਨੂੰ ਹਟਾਇਆ ਸੀ। ਵਿੱਤੀ ਸਾਲ 2023 ਵਿਚ ਬਾਈਡੇਨ ਵੱਲੋਂ ਡਿਪੋਰਟ ਕੀਤੇ ਅਤੇ ਮੈਕਸੀਕੋ ਵਿਚ ਵਾਪਸ ਭੇਜਣ ਦੀ ਗਿਣਤੀ ਟਰੰਪ ਦੇ ਕਿਸੇ ਵੀ ਸਾਲ ਦੇ ਅੰਕੜਿਆਂ ਤੋਂ ਵੱਧ ਰਹੀ।