ਅਮਰੀਕਾ ਤੇ ਕੈਨੇਡਾ ਲਈ 300 ਪ੍ਰਵਾਸੀ ਭਾਰਤੀ ਵਿਸ਼ੇਸ਼ ਉਡਾਨਾਂ ਲਈ ਅੰਮ੍ਰਿਤਸਰ ਤੋਂ ਰਵਾਨਾ

Tuesday, Apr 07, 2020 - 09:47 PM (IST)

ਅਮਰੀਕਾ ਤੇ ਕੈਨੇਡਾ ਲਈ 300 ਪ੍ਰਵਾਸੀ ਭਾਰਤੀ ਵਿਸ਼ੇਸ਼ ਉਡਾਨਾਂ ਲਈ ਅੰਮ੍ਰਿਤਸਰ ਤੋਂ ਰਵਾਨਾ

ਅੰਮ੍ਰਿਤਸਰ,(ਦਲਜੀਤ)- ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਸੰਕਟਮਈ ਹਾਲਾਤਾਂ ਦੇ ਚਲਦਿਆਂ ਸਾਰੇ ਦੇਸ਼ 'ਚ ਕੀਤੇ ਗਏ ਲਾਕਡਾਊਨ ਕਾਰਨ ਹਵਾਈ ਉਡਾਨਾਂ ਬੰਦ ਹੋਣ ਕਰਕੇ ਪੰਜਾਬ 'ਚ ਫਸੇ ਵੱਖ-ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਆਪਣੇ ਦੇਸ਼ ਲਿਜਾਣ ਦੇ ਕੀਤੇ ਗਏ ਉਪਰਾਲੇ ਤਹਿਤ ਅੱਜ ਦੋ ਵਿਸ਼ੇਸ਼ ਜਹਾਜਾਂ ਰਾਹੀਂ ਕੈਨੇਡਾ ਤੇ ਅਮਰੀਕਾ ਲਈ ਅੰਮ੍ਰਿਤਸਰ ਹਵਾਈ ਅੱਡੇ ਤੋਂ ਦਿੱਲੀ ਹਵਾਈ ਅੱਡੇ ਲਈ ਰਵਾਨਾ ਹੋਏ, ਜਿਥੋਂ ਇਹ ਆਪਣੇ-ਆਪਣੇ ਦੇਸ਼ ਲਈ ਉਡਾਨ ਭਰਨਗੇ। ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਦਰਅਸਲ ਉਡਾਣਾਂ ਰੱਦ ਹੋਣ ਕਾਰਨ ਪੰਜਾਬ 'ਚ ਪਿਛਲੇ ਸਮੇਂ ਦੌਰਾਨ ਆਏ ਪ੍ਰਵਾਸੀ ਭਾਰਤੀ, ਜੋ ਕਿ ਆਪਣੇ ਪਿੰਡਾਂ, ਸ਼ਹਿਰਾਂ 'ਚ ਜਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਆਏ ਸਨ, ਉਡਾਨਾਂ ਰੱਦ ਹੋਣ ਕਾਰਨ ਪੰਜਾਬ 'ਚ ਹੀ ਫਸ ਗਏੇ ਸਨ ਪਰ ਹੁਣ ਅਮਰੀਕਾ ਤੇ ਕੈਨੇਡਾ ਵੱਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਜਾਣ ਦੀ ਤਿਆਰੀ ਆਰੰਭੀ ਗਈ ਹੈ। ਜਿਸ ਤਹਿਤ ਅੱਜ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ 2 ਉਡਾਣਾਂ ਰਾਹੀਂ 300 ਦੇ ਕਰੀਬ ਯਾਤਰੀ ਰਵਾਨਾ ਹੋ ਰਹੇ ਹਨ।
ਉਨ੍ਹਾਂ ਦੱਸਿਆ ਕਿ ਦਿੱਲੀ ਸਥਿਤ ਕੈਨੇਡਾ ਅਤੇ ਅਮਰੀਕਾ ਦੂਤਾਵਾਸ ਵਲੋਂ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਅਤੇ ਪੰਜਾਬ ਵੱਲੋਂ ਇਨ੍ਹਾਂ ਨਾਗਰਿਕਾਂ ਨੂੰ ਅੰਮ੍ਰਿਤਸਰ ਹਵਾਈ ਅੱਡੇ ਲਈ ਕਰਫਿਊ ਪਾਸ ਜਾਰੀ ਕਰਕੇ ਅੰਮ੍ਰਿਤਸਰ ਤੱਕ ਦੀ ਰਾਹਦਾਰੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ 96 ਯਾਤਰੀ ਏਅਰ ਇੰਡੀਆ ਦੀ ਉਡਾਣ ਰਾਹੀਂ ਦਿੱਲੀ ਲਈ ਸ਼ਾਮ 7.15 ਵਜੇ ਰਵਾਨਾ ਹੋਏ, ਜਿਥੋਂ ਉਹ ਚਾਰਟੇਡ ਫਲਾਈਟ ਰਾਹੀਂ ਸਾਨ ਫਰਾਂਸਿਸਕੋ ਜਾਣਗੇ। ਇਸੇ ਤਰ੍ਹਾਂ ਰਾਤ 11.30 ਏਅਰ ਇੰਡੀਆ ਦੀ ਵਿਸ਼ੇਸ਼ ਉਡਾਣ ਰਾਹੀਂ 204 ਯਾਤਰੀ ਦਿੱਲੀ ਲਈ ਰਵਾਨਾ ਹੋਣਗੇ ਅਤੇ ਉਸ ਤੋਂ ਬਾਅਦ ਦਿੱਲੀ ਤੋਂ ਵਾਇਆ ਬਰਮਿੰਘਮ ਟੋਰੰਟੋ ਪਹੁੰਚਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸੇ ਤਰ੍ਹਾਂ 9 ਅਪ੍ਰੈਲ ਨੂੰ ਵੀ ਵਿਸ਼ੇਸ਼ ਉਡਾਣਾਂ ਰਾਹੀਂ ਅਮਰੀਕਾ ਅਤੇ ਕੈਨਡਾ ਲਈ ਹੋਰ ਯਾਤਰੀ ਭੇਜੇ ਜਾਣਗੇ। 

ਉਨ੍ਹਾਂ ਦੱਸਿਆ ਕਿ ਇਹ ਸਾਰੇ ਉਹ ਲੋਕ ਹਨ, ਜੋ ਪਿਛਲੇ ਸਮੇਂ ਦੌਰਾਨ ਪੰਜਾਬ 'ਚ ਪਰਿਵਾਰਿਕ ਸਮਾਗਮਾਂ 'ਚ ਸ਼ਿਰਕਤ ਕਰਨ ਜਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ ਪਰ ਲਾਕਡਾਊਨ ਕਾਰਨ ਇਥੇ ਫੱਸ ਗਏ ਸਨ। ਇਨ੍ਹਾਂ 'ਚੋਂ ਬਹੁਤਿਆਂ ਨੇ 14 ਦਿਨ ਦਾ ਇਕਾਂਤਵਾਸ ਵੀ ਕੱਟਿਆ ਹੋਇਆ ਹੈ ਅਤੇ ਅੱਜ ਵੀ ਏਅਰਪੋਰਟ 'ਤੇ ਸਿਹਤ ਵਿਭਾਗ ਵਲੋਂ ਇਨ੍ਹਾਂ ਦੀ ਮੁਕੰਮਲ ਜਾਂਚ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇੰਗਲੈਂਡ ਦੀ ਸਰਕਾਰ ਵਲੋਂ ਵੀ ਦੇਸ਼ 'ਚ ਫਸੇ 4000 ਲੋਕਾਂ ਨੂੰ ਲਿਜਾਉਣ ਦੀ ਪਕ੍ਰਿਰਿਆ ਵੀ ਛੇਤੀ ਆਰੰਭੀ ਜਾਵੇਗੀ।
ਉਧਰ ਪਿਛਲੇ ਕਾਫੀ ਦਿਨਾਂ ਤੋਂ ਇਥੇ ਰੁਕੇ ਪ੍ਰਵਾਸੀ ਭਾਰਤੀਆਂ 'ਚ ਬਹੁਤ ਖੁਸ਼ੀ ਦੇਖਣ ਨੂੰ ਮਿਲੀ । ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਸਨ ਕਿ ਇਨ੍ਹਾਂ ਹਾਲਤਾਂ 'ਚ ਉਨ੍ਹਾਂ ਦੀ ਵਾਪਸੀ ਕਿਸ ਤਰ੍ਹਾਂ ਨਾਲ ਹੋਵੇਗੀ ਪਰ ਸਰਕਾਰਾਂ ਵਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ। ਕੈਨੇਡਾ ਤੇ ਅਮਰੀਕਾ ਦੇ ਯਾਤਰੀਆਂ ਨੇ ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਭਾਰਤ ਵਲੋਂ ਕੀਤੇ ਗਏ ਲਾਕਡਾਊਨ ਦੇ ਉਪਰਾਲੇ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਦਿੱਲੀ ਸਥਿਤ ਦੂਤਾਵਾਸ ਨਾਲ ਸੰਪਰਕ ਕਰਕੇ ਆਨਲਾਈਨ ਫਾਰਮ ਭਰਿਆ ਗਿਆ ਸੀ, ਜਿਸ ਦੇ ਚਲਦਿਆਂ ਹੁਣ ਉਨ੍ਹਾਂ ਦੀ ਵਾਪਸੀ ਸੰਭਵ ਹੋਈ ਹੈ।

 


author

Deepak Kumar

Content Editor

Related News