ਸਿੱਖਾਂ ਲਈ ਅਮਰੀਕੀ ਏਅਰ ਫੋਰਸ ਦੇ ਫੈਸਲਾ ਦੀ ਐੱਸ. ਜੀ. ਪੀ. ਸੀ. ਵਲੋਂ ਸ਼ਲਾਘਾ
Tuesday, Feb 25, 2020 - 04:08 PM (IST)
ਸੰਗਰੂਰ (ਸਿੰਗਲਾ) : ਅਮਰੀਕੀ ਏਅਰ ਫੋਰਸ ਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਮੁੱਖ ਰੱਖਦਿਆਂ ਸਤਿਕਾਰ ਵਜੋਂ ਆਪਣੇ ਡਰੈੱਸ ਕੋਡ (ਵਰਦੀ ਨਿਯਮ) 'ਚ ਤਬਦੀਲੀ ਕਰਨ ਦੇ ਵੱਡੇ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ, ਜ਼ਿਲਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਕਬਾਲ ਸਿੰਘ ਝੂੰਦਾਂ ਅਤੇ ਸੀਨੀਅਰ ਅਕਾਲੀ ਆਗੂ ਅਤੇ ਸਿੱਖ ਬੁੱਧੀਜੀਵੀ ਮੰਚ ਪੰਜਾਬ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ ਨੇ ਸਵਾਗਤ ਕਰਦੇ ਹੋਏ ਇਸ ਫੈਸਲੇ ਲਈ ਅਮਰੀਕੀ ਹਵਾਈ ਫੌਜ ਦਾ ਧੰਨਵਾਦ ਕੀਤਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਵਸਦੇ ਘੱਟ ਗਿਣਤੀ ਸਿੱਖਾਂ ਲਈ ਖੁਸ਼ੀ ਦੀ ਖ਼ਬਰ ਹੈ ਅਤੇ ਅਮਰੀਕੀ ਏਅਰ ਫੋਰਸ ਦੇ ਇਸ ਇਤਿਹਾਸਕ ਫੈਸਲੇ ਨਾਲ ਜਿਥੇ ਸਿੱਖਾਂ ਨੂੰ ਧਾਰਮਿਕ ਆਜ਼ਾਦੀ ਅਤੇ ਰਾਹਤ ਮਿਲੇਗੀ, ਉਥੇ ਦੂਜੇ ਧਰਮਾਂ ਦੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਇਕ ਵੱਖਰੀ ਪਛਾਣ ਵਾਲੀ ਕੌਮ ਹੈ, ਸਿੱਖਾਂ ਦਾ ਪੂਰੀ ਦੁਨੀਆ ਵਿਚ ਇਕ ਵਿਸ਼ੇਸ਼ ਰੁਤਬਾ ਹੈ। ਆਗੂਆਂ ਨੇ ਕਿਹਾ ਕਿ ਅਮਰੀਕਾ ਵੱਲੋਂ ਹਵਾਈ ਫੌਜ 'ਚ ਵਰਦੀ ਦੇ ਨਿਯਮਾਂ ਵਿਚ ਧਾਰਮਿਕ ਪਹਿਰਾਵੇ ਅਨੁਸਾਰ ਇਸ ਨੂੰ ਮਾਨਤਾ ਦੇਣਾ ਵਧੀਆ ਗੱਲ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ 'ਤੇ ਇਕ ਸਿੱਖ ਯਾਤਰੀ ਨੂੰ ਘਰੇਲੂ ਉਡਾਣ 'ਚ ਸਫ਼ਰ ਕਰਨ ਮੌਕੇ ਸ੍ਰੀ ਸਾਹਿਬ ਸਮੇਤ ਦਾਖਲ ਹੋਣ ਤੋਂ ਰੋਕਣ ਦੀ ਘਟਨਾ 'ਤੇ ਤਿੱਖਾ ਪ੍ਰਤੀਕਰਮ ਜ਼ਾਹਿਰ ਕਰਦੇ ਹੋਏ ਕਿਹਾ ਕਿ ਇਹ ਇਕ ਅਤਿ ਮੰਦਭਾਗੀ ਘਟਨਾ ਹੈ।
ਉਨ੍ਹਾਂ ਕਿਹਾ ਕਿ ਘਰੇਲੂ ਖੇਤਰੀ ਉਡਾਣਾਂ ਅੰਦਰ ਸਿੱਖਾਂ ਨੂੰ ਕੱਕਾਰਾਂ ਅਤੇ ਖਾਸ ਕਰ ਸ੍ਰੀ ਸਾਹਿਬ ਸਮੇਤ ਸਫਰ ਕਰਨ ਦੀ ਇਜਾਜ਼ਤ ਹੈ ਪਰ ਇਕ ਸਿੱਖ ਮੁਸਾਫ਼ਿਰ ਨੂੰ ਦਿੱਲੀ ਤੋਂ ਮੁੰਬਈ ਜਾਣ ਸਮੇਂ ਸ੍ਰੀ ਸਾਹਿਬ ਉਤਾਰਨ ਲਈ ਮਜਬੂਰ ਕੀਤਾ ਜਾਣਾ, ਦੇਸ਼ 'ਚ ਸਿੱਖਾਂ ਦੀ ਧਾਰਮਿਕ ਆਜ਼ਾਦੀ ਦੇ ਵਿਰੁੱਧ ਹੈ। ਉਨ੍ਹਾਂ ਕਿਹਾ ਕਿ ਇਹ ਮਾਮਲਾ ਏਅਰ ਇੰਡੀਆ ਕੋਲ ਜ਼ਰੂਰ ਉਠਾਇਆ ਜਾਵੇਗਾ ਤਾਂ ਜੋ ਅੱਗੇ ਤੋਂ ਅਜਿਹਾ ਨਾ ਹੋਵੇ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਅਮਜੇਰ ਸਿੰਘ ਘਨੌਰੀ ਕਲਾਂ, ਜਥੇਦਾਰ ਹਰਬੰਤ ਸਿੰਘ ਕਾਤਰੋਂ, ਭਾਈ ਦਰਸ਼ਨ ਸਿੰਘ ਮੰਡੇਰ ਪੀ. ਏ. ਟੂ ਭਾਈ ਲੌਂਗੋਵਾਲ ਆਦਿ ਹਾਜ਼ਰ ਸਨ।