ਸ਼ਹਿਰੀ ਆਵਾਸ ਯੋਜਨਾ ਤਹਿਤ ਜ਼ਿਲੇ 'ਚੋਂ ਹਜ਼ਾਰ ਤੋਂ ਵੱਧ ਲੋਕਾਂ ਨੇ ਕੀਤਾ ਅਪਲਾਈ

09/24/2017 11:32:15 AM

ਜਲੰਧਰ(ਅਮਿਤ)— ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਜ਼ਿਲਾ ਪ੍ਰਸ਼ਾਸਨ ਕੋਲ 22 ਸਤੰਬਰ ਤੱਕ ਹਜ਼ਾਰ ਤੋਂ ਵੱਧ ਲੋਕ ਫਾਰਮ ਭਰ ਕੇ ਇਸ ਸਕੀਮ ਦਾ ਫਾਇਦਾ ਲੈਣ ਲਈ ਅੱਗੇ ਆਏ ਹਨ। ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਇਨ੍ਹਾਂ ਅਰਜ਼ੀਆਂ 'ਚੋਂ 282 ਸਿਰਫ ਜਲੰਧਰ ਨਗਰ ਨਿਗਮ ਵਿਖੇ ਸਥਾਪਿਤ ਕੀਤੇ ਗਏ ਵਿਸ਼ੇਸ਼ ਹੈਲਪ ਡੈਸਕ 'ਤੇ ਪ੍ਰਾਪਤ ਹੋਈਆਂ ਹਨ, ਜਦਕਿ 786 ਦੇ ਕਰੀਬ ਅਰਜ਼ੀਆਂ ਜ਼ਿਲੇ ਭਰ ਦੀਆਂ 12 ਹੋਰ ਸ਼ਹਿਰੀ ਸੰਸਥਾਵਾਂ 'ਚ ਲੋਕਾਂ ਵੱਲੋਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਰਜ਼ੀਆਂ 'ਚ19 ਨਗਰ ਕੌਂਸਲ ਭੋਗਪੁਰ, 224 ਨਗਰ ਪੰਚਾਇਤ ਮਹਿਤਪੁਰ, 27 ਨਗਰ ਕੌਂਸਲ ਫਿਲੌਰ, 12 ਨਗਰ ਕੌਂਸਲ ਗੁਰਾਇਆ, 46 ਨਗਰ ਪੰਚਾਇਤ ਲੋਹੀਆਂ ਖਾਸ, 36 ਨਗਰ ਕੌਂਸਲ ਆਦਮਪੁਰ, 66 ਨਗਰ ਕੌਂਸਲ ਨੂਰਮਿਹਲ, 84 ਨਗਰ ਕੌਂਸਲ ਅਲਾਵਲਪੁਰ, 136 ਨਗਰ ਕੌਂਸਲ ਕਰਤਾਰਪੁਰ, 43 ਨਗਰ ਕੌਂਸਲ ਨਕੋਦਰ ਅਤੇ 44-44 ਨਗਰ ਕੌਂਸਲ ਬਿਲਗਾ ਅਤੇ ਸ਼ਾਹਕੋਟ ਤੋਂ ਪ੍ਰਾਪਤ ਹੋਈਆਂ ਹਨ। 
ਸ਼ੁੱਕਰਵਾਰ ਨੂੰ ਆਪਣੀ ਕਰਤਾਰਪੁਰ ਫੇਰੀ ਦੌਰਾਨ ਡਿਪਟੀ ਕਮਿਸ਼ਨਰ ਨੇ ਨਗਰ ਕੌਂਸਲ ਕਰਤਾਰਪੁਰ ਵੱਲੋਂ ਸਥਾਪਤ ਕੀਤੇ ਗਏ ਹੈਲਪ ਡੈਸਕ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਕਰਮਚਾਰੀਆਂ ਪਾਸੋਂ ਇਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਡਿਪਟੀ ਕਮਿਸ਼ਨਰ ਨੇ ਐੱਸ. ਡੀ. ਐੱਮ. ਅਤੇ ਸ਼ਹਿਰੀ ਸੰਸਥਾਵਾਂ ਦੇ ਕਾਰਜਸਾਧਕ ਅਫਸਰਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਨਿੱਜੀ ਤੌਰ 'ਤੇ ਇਸ ਸਕੀਮ ਨੂੰ ਜਾਂਚਣ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਸਦਾ ਫਾਇਦਾ ਦਿੱਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ 30 ਸਤੰਬਰ ਤੋਂ ਪਹਿਲਾਂ ਇਸ ਸਕੀਮ ਲਈ ਅਰਜ਼ੀ ਦੇ ਕੇ ਸੂਬਾ ਸਰਕਾਰ ਦੀ ਇਸ ਸਕੀਮ ਦਾ ਫਾਇਦਾ ਲੈਣ।


Related News