ਵੱਡੇ ਬਾਦਲ 'ਭਤੀਜੇ' ਦੀ ਕੋਠੀ ਦੇ ਘਿਰਾਓ ਤੋਂ ਖਫਾ!

Tuesday, Mar 03, 2020 - 10:41 PM (IST)

ਲੁਧਿਆਣਾ, (ਮੁੱਲਾਂਪੁਰੀ)- ਸ਼੍ਰੋਅਦ ਦੇ ਸਰਪ੍ਰਸਤ ਤੇ 5 ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਆਪਣੇ ਭਤੀਜੇ ਮਨਪ੍ਰੀਤ ਸਿੰਘ ਬਾਦਲ (ਖਜ਼ਾਨਾ ਮੰਤਰੀ ਕੈਪਟਨ ਸਰਕਾਰ) ਦੀ ਕੋਠੀ ਦਾ ਸ. ਮਜੀਠੀਆ ਤੇ ਅਕਾਲੀ ਵਿਧਾਇਕਾਂ ਵੱਲੋਂ ਬਜਟ ਵਾਲੇ ਦਿਨ ਘਿਰਾਓ ਕਰਨ ਦੀ ਕਾਰਵਾਈ ਤੋਂ ਡਾਢੇ ਖਫਾ ਦੱਸੇ ਜਾ ਰਹੇ ਹਨ। ਇਸ ਘਿਰਾਓ ਨੂੰ ਲੈ ਕੇ ਰਾਜਸੀ ਪੰਡਤਾਂ ਨੇ ਕਿਹਾ ਕਿ ਮਨਪ੍ਰੀਤ ਬਾਦਲ ਦੇ ਲੋਕ ਸਭਾ ਚੋਣਾਂ ਤੋਂ ਬਾਅਦ ਬਾਦਲਕਿਆਂ ਖਿਲਾਫ ਇਕੋ ਦਮ ਤੇਵਰ ਤਿੱਖੇ ਹੋ ਗਏ, ਜਿਸ ਦਾ ਪ੍ਰਤੱਖ ਸਬੂਤ ਮਨਪ੍ਰੀਤ ਵੱਲੋਂ ਆਪਣੇ ਬਜਟ ਦੌਰਾਨ ਆਪਣੇ ਤਾਏ 'ਤੇ 31,000 ਕਰੋੜ ਰੁਪਏ ਦੇ ਵੱਡੇ ਕਰਜ਼ੇ ਦਾ ਪੰਜਾਬ 'ਤੇ ਬੋਝ ਪਾਉਣ ਦੇ ਦੋਸ਼ ਅਤੇ ਬਾਦਲਾਂ ਖਿਲਾਫ ਕੱਢੀ ਹੋਰ ਭੜਾਸ ਤੋਂ ਦੇਖਿਆ ਜਾ ਸਕਦਾ ਹੈ।
ਬਾਕੀ ਸਿਆਸੀ ਮਾਹਿਰਾਂ ਨੇ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਮਨਪ੍ਰੀਤ, ਸੁਖਬੀਰ ਅਤੇ ਵੱਡੇ ਬਾਦਲ ਵੱਲੋਂ ਇਕ-ਦੂਜੇ ਖਿਲਾਫ ਬੰਦ ਕੀਤੀ ਬਿਆਨਬਾਜ਼ੀ ਨੂੰ ਦੇਖ ਕੇ ਲੱਗਦਾ ਸੀ ਕਿ ਸ਼ਾਇਦ ਲੋਕ ਸਭਾ ਚੋਣਾਂ ਮੌਕੇ ਬਠਿੰਡੇ ਤੋਂ ਬੀਬੀ ਦੀ ਜਿੱਤ ਲਈ ਬਾਦਲਾਂ ਦਾ ਅੰਦਰਖਾਤੇ ਸ਼ਰੀਕੇਬਾਜ਼ੀ ਦੇ ਚਲਦੇ ਕੋਈ ਸਮਝੌਤਾ ਹੋਇਆ ਹੋਵੇ, ਕਿਉਂਕਿ ਦੋਵਾਂ ਪਰਿਵਾਰਾਂ ਵੱਲੋਂ ਧਾਰੀ ਚੁੱਪ ਵੀ , ਸਿਆਸੀ ਮਾਹਿਰ ਇਸ ਨਾਲ ਜੋੜ ਕੇ ਦੇਖ ਰਹੇ ਸਨ ਪਰ ਖਜ਼ਾਨਾ ਮੰਤਰੀ ਦੀ ਕੋਠੀ ਦੇ ਘਿਰਾਓ ਤੋਂ ਬਾਅਦ ਸ਼ਾਇਦ ਮਨਪ੍ਰੀਤ ਦੇ ਤੇਵਰ ਤਿੱਖੇ ਹੋਣਾ ਸੁਭਾਵਕ ਹੀ ਸੀ ਅਤੇ ਅਕਾਲੀ ਵਿਧਾਇਕਾਂ ਵੱਲੋਂ ਕੀਤੇ ਗਏ ਘਿਰਾਓ ਨਾਲ ਵੱਡੇ ਬਾਦਲ ਦਾ ਪ੍ਰੇਸ਼ਾਨ ਅਤੇ ਖਫਾ ਹੋਣਾ ਵੀ ਇਸੇ ਕੜੀ ਨਾਲ ਜੁੜ ਰਿਹਾ ਹੈ, ਜਿਸ ਦੀ ਚਰਚਾ ਅੱਜ ਖੂਬ ਹੋ ਰਹੀ ਸੀ।


Bharat Thapa

Content Editor

Related News