UP ਸਰਕਾਰ ਵਲੋਂ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਰੋਕਣਾ ਲੋਕਤੰਤਰ ਦਾ ਘਾਣ : ਸੋਨੀ
Thursday, Oct 07, 2021 - 11:28 PM (IST)
ਜਲੰਧਰ(ਰਮਨਦੀਪ ਸੋਢੀ)– ਪੰਜਾਬ ਦੇ ਉਪ-ਮੁੱਖ ਮੰਤਰੀ ਓ. ਪੀ. ਸੋਨੀ ਨੇ ਕਿਹਾ ਹੈ ਕਿ ਲਖੀਮਪੁਰ ਖੀਰੀ ਕਾਂਡ ਬਹੁਤ ਦੁੱਖਦਾਇਕ ਘਟਨਾ ਹੈ। ਇਸ ਘਟਨਾ ਦੀ ਜਿੰਨੀ ਨਿੰਦਾ ਕੀਤੀ ਜਾਵੇ, ਓਨੀ ਘੱਟ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੈ।
‘ਜਗ ਬਾਣੀ’ ਨਾਲ ਗੱਲਬਾਤ ਕਰਦਿਆਂ ਸੋਨੀ ਨੇ ਕਿਹਾ ਕਿ ਯੂ. ਪੀ. ਸਰਕਾਰ ਦਾ ਰਵੱਈਆ ਬਹੁਤ ਗਲਤ ਹੈ। ਦੇਸ਼ ਵਿਚ ਲੋਕਾਂ ਨੂੰ ਆਪਣੀ ਆਵਾਜ਼ ਉਠਾਉਣ ਤੋਂ ਰੋਕਣਾ ਲੋਕਤੰਤਰ ਦਾ ਘਾਣ ਹੈ। ਜਿਸ ਤਰ੍ਹਾਂ ਪ੍ਰਿਯੰਕਾ ਗਾਂਧੀ ਨੂੰ ਇਕ ਤਰੀਕੇ ਨਾਲ ਬੰਧਕ ਬਣਾ ਕੇ ਰੱਖਿਆ ਗਿਆ, ਉਹ ਸਹੀ ਨਹੀਂ ਸੀ। ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਕਸੂਰਵਾਰਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਸਜ਼ਾ ਦਿਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ।
ਸੋਨੀ ਨੇ ਕਿਹਾ ਕਿ ਭਾਜਪਾ ਵਲੋਂ ਕਸੂਰਵਾਰਾਂ ’ਤੇ ਕਾਰਵਾਈ ਨਹੀਂ ਕੀਤੀ ਜਾ ਰਹੀ, ਇਸੇ ਲਈ ਉਨ੍ਹਾਂ ਦੀ ਪਾਰਟੀ ਵਲੋਂ ਇੰਨੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਘਰ ’ਚ ਫੰਕਸ਼ਨ ਹੋਣ ਦੇ ਬਾਵਜੂਦ ਉਹ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਮਿਲਣ ਲਈ ਪਹੁੰਚੇ ਹੋਏ ਹਨ ਅਤੇ ਦਿਨ-ਰਾਤ ਪੰਜਾਬ ਦੇ ਵਿਕਾਸ ਕਾਰਜਾਂ ਵਿਚ ਜੁਟੇ ਹੋਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਾਢੇ 4 ਸਾਲ ਸੂਬੇ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਹੋਏ ਹਨ। ਸਾਡਾ ਫਰਜ਼ ਬਣਦਾ ਹੈ ਕਿ ਪੰਜਾਬ ਨੂੰ ਤਰੱਕੀ ਵੱਲ ਲੈ ਕੇ ਜਾਈਏ।
ਇਹ ਵੀ ਪੜ੍ਹੋ- ਬੋਗਸ ਬਿਲਿੰਗ ਮਾਮਲੇ 'ਚ ਵਿਭਾਗ ਵੱਲੋਂ ਕਈ ਥਾਵਾਂ 'ਤੇ ਛਾਪੇਮਾਰੀ
ਕਿਉਂ ਲੋੜ ਪਈ ਸੀ. ਐੱਮ. ਬਦਲਣ ਦੀ
ਕੈਪਟਨ ਨੂੰ ਹਟਾਏ ਜਾਣ ਦੇ ਸਵਾਲ ’ਤੇ ਸੋਨੀ ਨੇ ਕਿਹਾ ਕਿ ਇਹ ਸਭ ਹਾਈਕਮਾਨ ਦਾ ਫੈਸਲਾ ਸੀ। ਹੁਣ ਕੈਪਟਨ ਦਾ ਆਪਣਾ ਫੈਸਲਾ ਹੈ, ਉਹ ਜੋ ਮਰਜ਼ੀ ਫੈਸਲਾ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਿਚ ਜਿਸ ਤਰ੍ਹਾਂ ਦੇ ਵੀ ਮੋੜ ਆ ਜਾਣ ਪਰ ਪਾਰਟੀ ਦਾ ਪਲੇਟਫਾਰਮ ਹਮੇਸ਼ਾ ਇਕੋ ਰਹੇਗਾ। ਉਨ੍ਹਾਂ ਕਿਹਾ ਕਿ ਜੇ ਅਸੀਂ ਇਕੱਠੇ ਰਹਾਂਗੇ ਤਾਂ 2022 ਵਿਚ ਕਾਂਗਰਸ ਦੀ ਸਰਕਾਰ ਬਣੇਗੀ ਅਤੇ ਲੋਕ ਸਾਡਾ ਵਿਸ਼ਵਾਸ ਕਰਨਗੇ।
ਉਨ੍ਹਾਂ ਹਾਈਕਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਪੰਜਾਬ ਵਿਚ ਇਕ ਅਨੁਸੂਚਿਤ ਚਿਹਰੇ ਨੂੰ ਮੁੱਖ ਮੰਤਰੀ ਬਣਾਇਆ ਗਿਆ ਹੈ। ਹਾਈਕਮਾਨ ਨੇ ਸੂਬੇ ਵਿਚ ਸਾਰੇ ਵਰਗਾਂ ਦੇ ਨੇਤਾਵਾਂ ਨੂੰ ਬਰਾਬਰ ਹੱਕ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਮੁੱਖ ਮੰਤਰੀ ਚੰਨੀ ਦਾ ਪੂਰਾ ਸਾਥ ਦੇਣਗੇ ਅਤੇ ਜੋ ਜ਼ਿੰਮੇਵਾਰੀ ਹਾਈਕਮਾਨ ਨੇ ਉਨ੍ਹਾਂ ਨੂੰ ਸੌਂਪੀ ਹੈ, ਉਸ ਨੂੰ ਬਾਖੂਬੀ ਨਿਭਾਉਣਗੇ। ਉਨ੍ਹਾਂ ਕੋਲ ਜਿੰਨਾ ਵੀ ਸਮਾਂ 3-4 ਮਹੀਨਿਆਂ ਦਾ ਬਚਿਆ ਹੈ, ਉਹ ਪੂਰੇ ਜ਼ੋਰ-ਸ਼ੋਰ ਨਾਲ ਲੋਕਾਂ ਦੀ ਸੇਵਾ ਕਰਨਗੇ।
ਸਿੱਧੂ-ਚੰਨੀ ਵਿਵਾਦ
ਨਵਜੋਤ ਸਿੱਧੂ ਤੇ ਚਰਨਜੀਤ ਚੰਨੀ ਦਰਮਿਆਨ ਤਬਾਦਲਿਆਂ ਨੂੰ ਲੈ ਕੇ ਵਿਵਾਦ ’ਤੇ ਸੋਨੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ। ਪਾਰਟੀ ਵਿਚ ਸਾਰੇ ਇਕੱਠੇ ਹੋ ਕੇ ਕੰਮ ਕਰ ਰਹੇ ਹਨ। ਲਖੀਮਪੁਰ ਖੀਰੀ ਵਿਚ ਵੀ ਸਿੱਧੂ ਚੰਨੀ ਨਾਲ ਮਿਲ ਕੇ ਉੱਥੋਂ ਦੀ ਸਰਕਾਰ ਨੂੰ ਚੁਣੌਤੀ ਦੇ ਰਹੇ ਹਨ। ਪਾਰਟੀ ਵਿਚ ਸਾਰੇ ਇਕੱਠੇ ਹਨ। ਪੰਜਾਬ ਕਾਂਗਰਸ ਦੇ ਸਾਰੇ ਨੇਤਾ ਮਿਲ ਕੇ 2022 ਦੀ ਚੋਣ ਲੜਨਗੇ।
ਇਹ ਵੀ ਪੜ੍ਹੋ- ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਉਡਣ ਦਸਤੇ ਨੇ ਇਕ ਪਰਮਲ ਝੋਨੇ ਦਾ ਟਰੱਕ ਜ਼ਬਤ ਕਰਵਾਇਆ : ਆਸ਼ੂ
ਕੈਪਟਨ ’ਤੇ ਸਵਾਲ
ਕੈਪਟਨ ਵਲੋਂ ਪਾਰਟੀ ਬਣਾਉਣ ’ਤੇ ਸੋਨੀ ਨੇ ਕਿਹਾ ਕਿ ਉਹ ਬਿਹਤਰ ਇਨਸਾਨ ਹਨ ਅਤੇ ਚੰਗੀ ਸੋਚ ਰੱਖਦੇ ਹਨ। ਉਹ ਕਿਤੇ ਨਹੀਂ ਜਾ ਰਹੇ। ਵੱਖਰੀ ਪਾਰਟੀ ਬਣਾਉਣ ਦੀ ਗੱਲ ’ਤੇ ਸੋਨੀ ਨੇ ਕਿਹਾ ਕਿ ਉਹ ਨਾਰਾਜ਼ ਹੋ ਸਕਦੇ ਹਨ ਪਰ ਕਿਤੇ ਨਹੀਂ ਜਾ ਰਹੇ। ਬਾਕੀ ਉਨ੍ਹਾਂ ਦੀ ਆਪਣੀ ਸੋਚ ਹੈ ਅਤੇ ਉਹ ਸੋਚ-ਸਮਝ ਕੇ ਫੈਸਲਾ ਲੈਣਗੇ।
ਅਨੁਸੂਚਿਤ-ਸਿੱਖ-ਹਿੰਦੂ ਚਿਹਰੇ ਦੀ ਨੀਤੀ ਕੰਮ ਕਰੇਗੀ?
ਪੰਜਾਬ ਵਿਚ ਪਹਿਲੀ ਵਾਰ ਇਕ ਅਨੁਸੂਚਿਤ ਸੀ. ਐੱਮ. ਬਣਿਆ ਹੈ, ਜੋ ਵੱਡੀ ਸੋਚ ਦਾ ਨਤੀਜਾ ਹੈ। ਸੋਨੀ ਨੇ ਕਿਹਾ ਕਿ ਹਿੰਦੂ ਤੇ ਜਾਟ ਸਿੱਖ ਚਿਹਰੇ ਇਕੱਠੇ ਰੱਖੇ ਗਏ ਹਨ, ਜੋ ਸਪਸ਼ਟ ਕਰਦਾ ਹੈ ਕਿ ਕਾਂਗਰਸ ਹਾਈਕਮਾਨ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ’ਤੇ ਕੰਮ ਕਰਦਾ ਹੈ। ਪਾਰਟੀ ਦਿਨ-ਰਾਤ ਇਕ ਕਰ ਕੇ ਪੰਜਾਬ ਦੇ ਵਿਕਾਸ ਲਈ ਕੰਮ ਕਰੇਗੀ। ਗਰੀਬ ਵਰਗ ਲਈ ਬਿਹਤਰ ਫੈਸਲੇ ਲਏ ਜਾਣਗੇ। ਸੀ. ਐੱਮ. ਚੰਨੀ ਨੇ ਅਜਿਹੇ ਫੈਸਲੇ ਲਏ ਹਨ, ਜੋ ਪਹਿਲਾਂ ਕਦੇ ਨਹੀਂ ਲਏ ਗਏ।
3 ਮਹੀਨਿਆਂ ’ਚ ਵਾਅਦੇ ਪੂਰੇ ਕਿਵੇਂ ਹੋਣਗੇ?
ਪੰਜਾਬ ਵਿਚ ਕੈਪਟਨ ਦੇ ਸੀ. ਐੱਮ. ਰਹਿੰਦੇ ਹੋਏ ਕੰਮ ਹੋਏ ਹਨ। ਬੇਰੋਜ਼ਗਾਰੀ, ਡਰੱਗਜ਼ ਨੂੰ ਲੈ ਕੇ ਕੰਮ ਹੋਏ। 80 ਫੀਸਦੀ ਵਾਅਦੇ ਪੂਰੇ ਹੋਏ। ਜੋ ਵਾਅਦੇ ਰਹਿ ਗਏ ਹਨ, ਉਹ ਪੂਰੇ ਕੀਤੇ ਜਾ ਰਹੇ ਹਨ। ਜਲਦੀ ਹੀ ਵੱਡੇ ਫੈਸਲੇ ਲਏ ਜਾਣਗੇ।
ਇਹ ਵੀ ਪੜ੍ਹੋ- ਕਾਲੇ ਖੇਤੀ ਕਾਨੂੰਨ ਰੱਦ ਨਾ ਕਰ ਕੇ ਮੋਦੀ ਸਰਕਾਰ ਨੇ ਤਾਨਾਸ਼ਾਹੀ ਰਾਜ ਦਾ ਸਬੂਤ ਦਿੱਤਾ : ਸੋਨੀ
ਏ. ਜੀ. ਤੇ ਡੀ. ਜੀ. ਪੀ. ’ਤੇ ਵਿਵਾਦ
ਸਰਕਾਰ ਦਾ ਕੰਮ ਹੈ ਫੈਸਲੇ ਲੈਣਾ ਅਤੇ ਪਾਰਟੀ ਦਾ ਕੰਮ ਹੈ ਸੰਗਠਨ ਚਲਾਉਣਾ। ਕੁਝ ਅਧਿਕਾਰ ਸੀ. ਐੱਮ. ਦੇ ਹੱਥਾਂ ਵਿਚ ਹੁੰਦੇ ਹਨ। ਚੰਨੀ ਸੋਚ-ਸਮਝ ਕੇ ਫੈਸਲੇ ਲੈ ਰਹੇ ਹਨ। ਇਸ ਵਿਚ ਕਿਸੇ ਤਰ੍ਹਾਂ ਦੀ ਨਾਰਾਜ਼ਗੀ ਨਹੀਂ ਹੋਣੀ ਚਾਹੀਦੀ।
ਕਿਸੇ ਦਾ ਕੋਈ ਲਿਹਾਜ਼ ਨਹੀਂ
ਓ. ਪੀ. ਸੋਨੀ ਨੇ ਕਿਹਾ ਕਿ ਸੂਬੇ ਵਿਚ ਐਜੂਕੇਸ਼ਨ ਦੇ ਸਰਵੇ ਵਿਚ ਪੰਜਾਬ ਪਹਿਲੇ ਨੰਬਰ ’ਤੇ ਹੈ। ਸਕੂਲਾਂ ਦੀ ਰਿਜ਼ਲਟ ਰੇਟਿੰਗ ਵਿਚ ਪਹਿਲਾਂ ਨਾਲੋਂ ਕਾਫੀ ਸੁਧਾਰ ਹੋਇਆ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ’ਚ ਵੀ ਚੰਗੀ ਲੜਾਈ ਲੜੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੀ ਤਾਰੀਫ ਕੀਤੀ ਹੈ। ਸੂਬੇ ਦੇ ਸਾਰੇ ਹਸਪਤਾਲਾਂ ਵਿਚ ਨਵੀਆਂ ਲੈਬਸ ਬਣਾਈਆਂ ਗਈਆਂ ਹਨ ਅਤੇ ਰੋਜ਼ਾਨਾ 50 ਹਜ਼ਾਰ ਟੈਸਟ ਕੀਤੇ ਜਾਂਦੇ ਰਹੇ ਹਨ। ਸੋਨੀ ਨੇ ਕਿਹਾ ਕਿ ਕੁਝ ਦੇਰ ਉਡੀਕ ਕਰੋ, ਸਰਕਾਰ ਕੰਮ ਕਰ ਰਹੀ ਹੈ। ਹਸਪਤਾਲਾਂ ਦੀ ਹਾਲਤ ਸੁਧਾਰਨ ਤੋਂ ਲੈ ਕੇ ਨਿੱਜੀ ਪ੍ਰੈਕਟਿਸ ਕਰਨ ਵਾਲੇ ਸਰਕਾਰੀ ਡਾਕਟਰਾਂ ’ਤੇ ਐਕਸ਼ਨ ਲਿਆ ਜਾਵੇਗਾ।