ਅਨਟ੍ਰੇਂਡ ਦਾਈ ਦੇ ਘਰ ਛਾਪਾ ਗਰਭਪਾਤ ਕਰਨ ਵਾਲੀਆਂ ਦਵਾਈਆਂ ਤੇ ਔਜ਼ਾਰ ਬਰਾਮਦ
Saturday, Feb 17, 2018 - 05:20 AM (IST)
ਤਰਨਤਾਰਨ, (ਰਮਨ, ਰਾਜੂ)- ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਇਕ ਅਨਟ੍ਰੇਂਡ ਦਾਈ ਦੇ ਘਰ ਛਾਪੇਮਾਰੀ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਦੇ ਹੁਕਮਾਂ 'ਤੇ ਉਨ੍ਹਾਂ ਨੇ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਸੀ, ਜਿਸ 'ਚ ਐੱਸ. ਡੀ. ਐੱਮ. ਅਮਰਦੀਪ ਕੌਰ ਅਤੇ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਸ਼ਾਮਲ ਸਨ ।
ਉਨ੍ਹਾਂ ਦੱਸਿਆ ਕਿ ਇਸ ਟੀਮ ਨੂੰ 'ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ' ਤਹਿਤ ਇਕ ਸ਼ਿਕਾਇਤ ਦੇ ਆਧਾਰ 'ਤੇ ਗਠਿਤ ਕੀਤਾ ਗਿਆ ਸੀ । ਟੀਮ ਵੱਲੋਂ ਸ਼ਹਿਰ ਦੇ ਗੁਰੂ ਕਾ ਖੂਹ ਇਲਾਕੇ 'ਚ ਆਪਣੇ ਘਰ ਵਿਚ ਪ੍ਰੈਕਟਿਸ ਕਰਦੀ ਬਿਨਾਂ ਮਾਨਤਾ ਪ੍ਰਾਪਤ ਦਾਈ ਸਮਿੱਤਰੀ ਦੇਵੀ ਦੇ ਘਰ ਛਾਪੇਮਾਰੀ ਕੀਤੀ ਗਈ ਪਰ ਇਸ ਦਾਈ ਨੂੰ ਪਹਿਲਾਂ ਹੀ ਭਿਣਕ ਲੱਗ ਜਾਣ ਕਾਰਨ ਉਸ ਨੇ ਆਪਣਾ ਸਾਰਾ ਸਾਮਾਨ ਅਤੇ ਦਵਾਈਆਂ ਘਰ ਦੀ ਛੱਤ ਉਪਰ ਰੱਖ ਦਿੱਤੀਆਂ ਸਨ ।
ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਟੀਮ ਵਲੋਂ ਛਾਪੇਮਾਰੀ ਦੌਰਾਨ ਗਰਭਪਾਤ ਕਰਨ ਵਾਲੀਆਂ ਦਵਾਈਆਂ, ਡਲਿਵਰੀ ਕਰਨ ਅਤੇ ਗਰਭਪਾਤ ਕਰਨ ਵਾਲੇ ਔਜ਼ਾਰ ਘਰ ਦੀ ਛੱਤ ਤੋਂ ਬਰਾਮਦ ਕਰ ਲਏ ਗਏ ਹਨ, ਜਿਨ੍ਹਾਂ ਨੂੰ ਥਾਣਾ ਸਿਟੀ ਦੇ ਮੁਖੀ ਦੀ ਹਾਜ਼ਰੀ 'ਚ ਪੁਲਸ ਨੂੰ ਸੌਂਪ ਦਿੱਤੇ ਗਏ ਹਨ ।
ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦਾਈ ਜਿਸ ਦੇ ਕੋਲ ਕੋਈ ਵੀ ਡਿਗਰੀ ਆਦਿ ਨਹੀਂ ਹੈ ਅਤੇ ਉਹ ਆਪਣੇ ਘਰ 'ਚ ਡਲਿਵਰੀਆਂ ਅਤੇ ਗਰਭਪਾਤ ਦਾ ਕਾਰੋਬਾਰ ਮੋਟੇ ਲੈਵਲ 'ਤੇ ਕਰ ਰਹੀ ਸੀ । ਸਿਵਲ ਸਰਜਨ ਡਾ. ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਬੰਧੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਪ੍ਰਦੀਪ ਸਭਰਵਾਲ ਅਤੇ ਵਿਭਾਗ ਦੇ ਉਚ ਅਧਿਕਾਰੀਆਂ ਨੂੰ ਰਿਪੋਰਟ ਭੇਜ ਦਿੱਤੀ ਹੈ ਅਤੇ ਅਗਲੇਰੀ ਕਾਰਵਾਈ ਲਈ ਥਾਣਾ ਸਿਟੀ ਦੇ ਮੁਖੀ ਨੂੰ ਲਿਖਤੀ ਰੂਪ 'ਚ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।
ਇਸ ਮੌਕੇ ਉਨ੍ਹਾਂ ਨਾਲ ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ, ਡੀ. ਐੱਫ. ਪੀ. ਓ. ਡਾ. ਜਗਤਿੰਦਰ ਸਿੰਘ, ਗਗਨਦੀਪ ਕੋਆਰਡੀਨੇਟਰ, ਸੰਜੀਵ ਕੁਮਾਰ, ਸਿਮਰਜੀਤ ਸਿੰਘ, ਪੀ. ਏ. ਹਰਸਿਮਰਤ ਸਿੰਘ, ਗੁਰਦੇਵ ਸਿੰਘ ਆਦਿ ਹਾਜ਼ਰ ਸਨ ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਰਿਪੋਰਟ 'ਤੇ ਮਹਿਲਾ ਦਾਈ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ।
