ਮੋਰਨੀ ਹਿੱਲਜ਼ ਦੇ ਸੈਂਚੁਰੀ ਤੇ ਈਕੋ ਸੈਂਸਟਿਵ ਜ਼ੋਨ ’ਚ ਧੜਾਧੜ ਬਣ ਗਏ ਨਾਜਾਇਜ਼ ਰਿਜ਼ਾਰਟ

Tuesday, Jul 24, 2018 - 06:59 AM (IST)

ਮੋਰਨੀ ਹਿੱਲਜ਼ ਦੇ ਸੈਂਚੁਰੀ ਤੇ ਈਕੋ ਸੈਂਸਟਿਵ ਜ਼ੋਨ ’ਚ ਧੜਾਧੜ ਬਣ ਗਏ ਨਾਜਾਇਜ਼ ਰਿਜ਼ਾਰਟ

ਚੰਡੀਗੜ੍ਹ , (ਦਪਿੰਦਰ ਠਾਕੁਰ)- ਮੋਰਨੀ ਹਿੱਲਜ਼ ’ਚ ਨਿਯਮਾਂ ਨੂੰ ਛਿੱਕੇ ਟੰਗ ਕੇ ਪ੍ਰਾਈਵੇਟ ਰਿਜ਼ਾਟਰ ਖੋਲ੍ਹੇ ਜਾ ਰਹੇ ਹਨ। ਸਥਾਨਕ ਅਾਗੂਅਾਂ ਦੀ ਸ਼ਹਿ ’ਤੇ ਵਿਕਸਤ ਹੋ ਰਹੇ ਇਸ ਧੰਦੇ ਨੇ ਖੋਲ-ਹਾਏ-ਰਾਇਤਨ ਵਾਈਲਡ ਲਾਈਫ ਸੈਂਚੁਰੀ ਅੰਦਰ ਵੀ ਪੈਰ  ਰੱਖ ਲਏ ਹਨ। ਪਿਛਲੇ ਕੁਝ ਸਾਲਾਂ ’ਚ ਸੈਂਚੁਰੀ ਤੇ ਇਸਦੇ ਆਸ-ਪਾਸ ਈਕੋ ਸੈਂਸਟਿਵ ਜ਼ੋਨ ਵਿਚ ਇਕ  ਤੋਂ ਬਾਅਦ ਇਕ ਕਈ ਪ੍ਰਾਈਵੇਟ ਰਿਜ਼ਾਰਟ ਖੁੱਲ੍ਹੇ ਹਨ। ਵਾੲੀਲਡ ਲਾਈਫ ਸੈਂਚੁਰੀ ਹੋਣ ਕਾਰਨ ਕਈ ਰਿਜ਼ਾਰਟਸ ਦੇ ਆਸ-ਪਾਸ ਦਾ ਇਲਾਕਾ ਸੰਘਣੇ ਜੰਗਲ ਨਾਲ  ਘਿਰਿਆ ਹੋਇਆ ਹੈ। ਪਿਛਲੇ ਕੁਝ ਸਾਲਾਂ ’ਚ ਇਥੇ ਰੇਪ  ਤੇ  ਕਤਲ ਵਰਗੇ ਜੁਰਮ ਵੀ ਹੋਏ ਹਨ।  ਬਾਵਜੂਦ ਇਸਦੇ ਸਥਾਨਕ ਪ੍ਰਸ਼ਾਸਨ ਤੇ ਵਣ ਜੀਵ ਵਿਭਾਗ ਦੀ ਨੱਕ ਹੇਠ ਇਨ੍ਹਾਂ ਨਾਜਾਇਜ਼ ਪ੍ਰਾਈਵੇਟ ਰਿਜ਼ਾਰਟਸ ਦੀ ਗਿਣਤੀ ਲਗਾਤਾਰ ਵਧ ਰਹੀ ਹੈ। 
ਈਕੋ ਸੈਂਸਟਿਵ ਜ਼ੋਨ ’ਚ ਨਿਰਮਾਣ ’ਤੇ ਹੈ ਰੋਕ
ਮੋਰਨੀ ਹਿੱਲਜ਼ ਦੀ ਖੋਲ-ਹਾਏ-ਰਾਇਤਨ ਵਾਈਲਡ ਲਾਈਫ ਸੈਂਚੁਰੀ ਤੇ ਈਕੋ ਸੈਂਸਟਿਵ ਜ਼ੋਨ ’ਚ 14 ਪਿੰਡ ਆਉਂਦੇ ਹਨ। ਇਨ੍ਹਾਂ ’ਚ ਫਿਰੋਜ਼ਪੁਰ,  ਦੂਧਗਡ਼੍ਹ, ਧਾਦਵਾਲੀ, ਕਾਦਇਨੀ,  ਮਾਨਧਨਾ, ਸੀਸਰਾਮ, ਜਕਾਰੀ, ਚੌਧਰੀ ਬਾਸ, ਥਾਤਾਰ,  ਜਾਲਾ, ਅੰਬਵਾਲ, ਕੋਟੀਆਨ, ਬੁਰਜ ਟਾਂਡਾ ਅਤੇ ਗੁਮਥਾਲਾ ਸ਼ਾਮਲ ਹਨ। ਕੇਂਦਰੀ ਵਾਤਾਵਰਣ ਤੇ  ਜੰਗਲਾਤ ਮੰਤਰਾਲਾ ਨੇ ਇਸ ਦਾਇਰੇ ’ਚ ਹੋਟਲ ਜਾਂ ਰਿਜ਼ਾਰਟ ਦੇ ਨਵੇਂ ਨਿਰਮਾਣ ’ਤੇ ਪੂਰੀ ਤਰ੍ਹਾਂ ਰੋਕ ਲਾਈ ਹੋਈ ਹੈ।
ਮਾਨਧਨਾ ਪਿੰਡ ਦੇ ਆਸ-ਪਾਸ ਦਾ ਖੇਤਰ ਖੋਲ-ਹਾਏ-ਰਾਇਤਨ ਵਾਈਲਡ ਲਾਈਫ ਸੈਂਚੁਰੀ ਦੇ ਦਾਇਰੇ ’ਚ ਆਉਂਦਾ ਹੈ। ਬਾਵਜੂਦ ਇਸਦੇ ਪਿਛਲੇ ਕੁਝ ਸਾਲਾਂ  ਦੌਰਾਨ ਇੱਥੇ ਕਈ ਪ੍ਰਾਈਵੇਟ ਰਿਜ਼ਾਟਰਸ ਖੁੱਲ੍ਹ ਗਏ ਹਨ। ਕਈ ਤਾਂ ਮਾਨਧਨਾ ਪਿੰਡ ਕੋਲ ਸੈਂਚੁਰੀ ’ਚ ਹੀ ਖੋਲ੍ਹ ਦਿੱਤੇ ਗਏ ਹਨ। ਸਥਾਨਕ ਲੋਕਾਂ ਦੀ ਮੰਨੀਏ ਤਾਂ ਪਿੰਡ ਦੇ ਆਸ-ਪਾਸ ਜੰਗਲ ’ਚ ਖੁੱਲ੍ਹੇ  ਪ੍ਰਾਈਵੇਟ ਰਿਜ਼ਾਰਟਸ ਨੂੰ ਕਈ ਰਸੂਖਦਾਰ ਕਾਰੋਬਾਰੀ ਚਲਾ ਰਹੇ ਹਨ। ਇਸ ਸਬੰਧੀ ਉਨ੍ਹਾਂ ਕਈ ਵਾਰ  ਸਥਾਨਕ ਅਧਿਕਾਰੀਆਂ ਤੇ ਵਣ ਜੀਵ ਅਧਿਕਾਰੀਆਂ ਨੂੰ ਵੀ ਸ਼ਿਕਾਇਤ ਕੀਤੀ ਹੈ ਪਰ ਕਿਸੇ ਨੇ ਵੀ ਇਸ ’ਤੇ ਧਿਆਨ ਨਹੀਂ ਦਿੱਤਾ ਹੈ।
ਨੌਜਵਾਨਾਂ ਲਈ ਮੌਜ-ਮਸਤੀ ਦਾ ਅੱਡਾ
ਵਿਭਾਗਾਂ ਦੀ ਆਪਸੀ ਖਿੱਚੋਤਾਣ ਦਾ ਸਭ ਤੋਂ ਜ਼ਿਆਦਾ ਫਾਇਦਾ ਸੈਂਚੁਰੀ ਖੇਤਰ ਤੇ ਆਸ-ਪਾਸ ਇਲਾਕੇ ’ਚ ਖੁੱਲ੍ਹੇ ਰਿਜ਼ਾਟਰਸ ਸੰਚਾਲਕਾਂ ਨੂੰ ਮਿਲ ਰਿਹਾ ਹੈ। ਉਹ ਮਨਮਾਨੇ ਤਰੀਕੇ ਨਾਲ ਗੈਸਟ ਦੀ ਐਂਟਰੀ ਕਰਵਾਉਂਦੇ ਹਨ। ਕਈ ਥਾਵਾਂ ’ਤੇ ਤਾਂ ਘੰਟਿਆਂ ਦੇ ਹਿਸਾਬ ਨਾਲ ਕਮਰੇ ਬੁੱਕ ਕੀਤੇ ਜਾਂਦੇ ਹਨ। ਚੰਡੀਗਡ਼੍ਹ, ਪੰਚਕੂਲਾ, ਮੋਹਾਲੀ ਤੇ ਆਸ-ਪਾਸ ਦੇ ਸ਼ਹਿਰਾਂ ਦੇ ਨੌਜਵਾਨਾਂ ਲਈ ਮੋਰਨੀ ਦੀਆਂ ਪਹਾਡ਼ੀਆਂ ਮੌਜ-ਮਸਤੀ ਦਾ ਵੱਡਾ ਅੱਡਾ ਬਣਦੀਆਂ ਜਾ ਰਹੀਆਂ ਹਨ।
 ਵਣ ਜੀਵ ਸੈਂਚੁਰੀ ਤੇ ਈਕੋ ਸੈਂਸਟਿਵ ਜ਼ੋਨ ’ਚ ਹੋਟਲ-ਰਿਜ਼ਾਰਟਸ ਦਾ ਨਿਰਮਾਣ ਕਰਨਾ ਗ਼ੈਰ-ਕਾਨੂੰਨੀ ਹੈ ਜੇਕਰ ਇਸ ਤਰ੍ਹਾਂ ਦੀ ਕੋਈ ਗਤੀਵਿਧੀ ਚੱਲ ਰਹੀ ਹੈ ਤਾਂ ਇਸਦੀ ਪੂਰੀ ਜਾਂਚ ਕਰਵਾਈ ਜਾਵੇਗੀ।  ਛੇਤੀ ਹੀ ਵਿਭਾਗੀ ਅਧਿਕਾਰੀਆਂ ਦੀ ਬੈਠਕ ਬੁਲਾ ਕੇ ਈਕੋ ਸੈਂਸਟਿਵ ਜ਼ੋਨ ਸਬੰਧੀ ਤੈਅ ਸ਼ਰਤਾਂ ਨੂੰ ਸਖਤੀ ਨਾਲ ਲਾਗੂ ਕਰਨ ਦੀ ਪਹਿਲ ਕੀਤੀ ਜਾਵੇਗੀ। 
 -ਸਤਿਆਭਾਨ, ਚੀਫ ਵਾਈਲਡ ਲਾਈਫ ਵਾਰਡਨ  ਹਰਿਆਣਾ 
35 ਕਿਲੋਮੀਟਰ ’ਚ ਖੁੱਲ੍ਹੇ 36 ਰਿਜ਼ਾਰਟਸ
ਪੰਚਕੂਲਾ ਤੋਂ ਮੋਰਨੀ ਪਿੰਡ ਤਕ ਦੀ ਦੂਰੀ 35 ਕਿਲੋਮੀਟਰ ਹੈ। ਦਿਲਚਸਪ ਗੱਲ ਇਹ ਹੈ ਕਿ 35 ਕਿਲੋਮੀਟਰ ’ਚ 36 ਪ੍ਰਾਈਵੇਟ ਰਿਜ਼ਾਰਟਸ ਹਨ। ਇਨ੍ਹਾਂ ’ਚ ਕਈ ਵਾਈਲਡ ਲਾਈਫ ਸੈਂਚੁਰੀ ਤੇ  ਐਲਾਨੇ ਹੋਏ ਈਕੋ ਸੈਂਸਟਿਵ ਜ਼ੋਨ ’ਚ ਆਉਂਦੇ ਹਨ।  ਕਾਫ਼ੀ ਪ੍ਰਾਈਵੇਟ ਰਿਜ਼ਾਰਟਸ 4-5 ਸਾਲ ’ਚ ਹੀ ਖੁੱਲ੍ਹੇ ਹਨ। ਵਣ ਜੀਵ ਮਾਹਰਾਂ ਦੀ ਮੰਨੀਏ ਤਾਂ ਇਹ ਇਕ ਵੱਡੀ ਗਡ਼ਬਡ਼ੀ ਹੋ ਸਕਦੀ ਹੈ, ਜਿਸਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ। ਅਜਿਹਾ ਇਸ ਲਈ ਹੈ ਕਿ ਅਕਤੂਬਰ-2016 ਤੋਂ ਪਹਿਲਾਂ ਵਾਈਲਡ ਲਾਈਫ ਸੈਂਚੁਰੀ ਦੇ ਈਕੋ ਸੈਂਸਟਿਵ ਜ਼ੋਨ ਦਾ ਦਾਇਰਾ ਮੋਰਨੀ ਪਿੰਡ ਤਕ ਸੀ। 
ਸੁਪਰੀਮ ਕੋਰਟ ਦੇ ਹੁਕਮਾਂ  ਅਨੁਸਾਰ ਜਦੋਂ ਤਕ ਵਾਤਾਵਰਣ ਮੰਤਰਾਲਾ ਕਿਸੇ ਵਾਈਲਡ ਲਾਈਫ ਸੈਂਚੁਰੀ ਦੇ ਆਸ-ਪਾਸ ਵਾਲੇ ਇਲਾਕੇ ਨੂੰ ਈਕੋ ਸੈਂਸਟਿਵ ਜ਼ੋਨ ਐਲਾਨ ਨਹੀਂ ਕਰਦਾ ਹੈ,  ਉਦੋਂ ਤਕ ਸੈਂਚੁਰੀ ਦੇ 10 ਕਿਲੋਮੀਟਰ ਦਾ ਦਾਇਰਾ ਈਕੋ ਸੈਂਸਟਿਵ ਜ਼ੋਨ ਮੰਨਿਆ ਜਾਂਦਾ ਹੈ। ਅਕਤੂਬਰ 2016 ’ਚ ਵਾਤਾਵਰਣ ਮੰਤਰਾਲਾ ਨੇ ਸੈਂਚੁਰੀ ਦੇ ਆਸ-ਪਾਸ ਕੁਝ  ਇਲਾਕੇ ਨੂੰ ਈਕੋ ਸੈਂਸਟਿਵ ਜ਼ੋਨ ਐਲਾਨਦੇ ਹੋਏ ਇਸਦਾ ਦਾਇਰਾ 14 ਪਿੰਡਾਂ ਤਕ ਸੀਮਿਤ ਕਰ ਦਿੱਤਾ ਸੀ।  ਅਜਿਹੇ ’ਚ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਅਕਤੂਬਰ 2016 ਤੋਂ ਪਹਿਲਾਂ ਕਿੰਨੇ ਰਿਜ਼ਾਰਟ ਬਣੇ ਤੇ ਇਸ ਤੋਂ ਬਾਅਦ ਇਸ ਰਿਜ਼ਾਰਟ ਮਾਲਕਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ। 
ਪੁਲਸ ਤੇ ਵਣ ਜੀਵ ਵਿਭਾਗ ’ਚ ਤਾਲਮੇਲ ਦੀ ਘਾਟ
ਮੋਰਨੀ ਹਿੱਲਜ਼ ਦਾ ਵੱਡਾ ਹਿੱਸਾ ਵਾਈਲਡ ਲਾਈਫ ਸੈਂਚੁਰੀ ਹੋਣ ਕਾਰਨ ਇੱਥੇ ਵਣ ਜੀਵ ਵਿਭਾਗ ਤੇ ਪੁਲਸ ਵਿਭਾਗ ਆਪਣੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਆਮ ਤੌਰ ’ਤੇ ਇਕ-ਦੂਜੇ ਸਾਹਮਣੇ ਖਡ਼੍ਹੇ ਰਹਿੰਦੇ ਹਨ। ਸੈਂਚੁਰੀ ਹੋਣ ਕਾਰਨ ਪੁਲਸ ਵਾਲਿਆਂ ਦਾ ਕਹਿਣਾ ਹੁੰਦਾ ਹੈ ਕਿ ਸੈਂਚੁਰੀ ਦੀ ਦੇਖ-ਰੇਖ ਦਾ ਪੂਰਾ ਜ਼ਿੰਮਾ ਵਣ ਜੀਵ ਵਿਭਾਗ ਦੇ ਅਧਿਕਾਰੀਆਂ ਦਾ ਹੈ, ਜਦੋਂ ਕਿ ਵਣ ਜੀਵ ਵਿਭਾਗ ਦੇ ਅਧਿਕਾਰੀ ਪੁਲਸ ਵਾਲਿਆਂ ’ਤੇ ਕਾਨੂੰਨ-ਵਿਵਸਥਾ ਦਰੁਸਤ ਰੱਖਣ ਦਾ ਠੀਕਰਾ ਭੰਨਦੇ ਰਹਿੰਦੇ ਹਨ। ਇਸ  ਕਾਰਨ ਸੈਂਚੁਰੀ ਤੇ ਇਸਦੇ ਆਸ-ਪਾਸ ਖੇਤਰ ’ਚ ਸੁਰੱਖਿਆ ਦਾ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਵਣ ਜੀਵ ਵਿਭਾਗ ਕੋਲ ਸਟਾਫ ਦੀ ਘਾਟ ਹੈ ਤਾਂ ਪੁਲਸ ਅਧਿਕਾਰੀ ਸੈਂਚੁਰੀ ਦਾ ਖੇਤਰ ਕਹਿ ਕੇ ਆਪਣੀਅਾਂ ਜ਼ਿੰਮੇਵਾਰੀਆਂ ਤੋਂ ਪੱਲਾ ਝਾਡ਼ ਲੈਂਦੇ ਹਨ।


Related News