ਚੰਡੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਰਾਹਤ, ਦੁਕਾਨਾਂ, ਰੇਸਤਰਾਂ ਸਵੇਰੇ 10 ਤੋਂ ਰਾਤ 9 ਵਜੇ ਤੱਕ ਖੁੱਲ੍ਹਣਗੇ

07/02/2020 1:18:21 PM

ਚੰਡੀਗੜ੍ਹ (ਰਾਜਿੰਦਰ) : ਚੰਡੀਗੜ੍ਹ ਪ੍ਰਸ਼ਾਸਨ ਨੇ ਅਨਲਾਕ-2 ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਹੈ। ਸਭ ਤੋਂ ਵੱਡੀ ਰਾਹਤ ਬਾਈਕ ਅਤੇ ਕਾਰ 'ਚ ਸਵਾਰੀਆਂ ਬਿਠਾਉਣ ਨੂੰ ਲੈ ਕੇ ਮਿਲੀ ਹੈ। ਹੁਕਮਾਂ ਤਹਿਤ ਪੰਜਾਬ ਦੀ ਤਰਜ਼ ’ਤੇ ਸਕੂਟਰ, ਮੋਟਰਸਾਈਕਲ ’ਤੇ ਦੋ ਲੋਕ, ਡਰਾਈਵਰ ਦੇ ਨਾਲ ਕਾਰ 'ਚ ਚਾਰ ਲੋਕ ਅਤੇ ਆਟੋ ਰਿਕਸ਼ਾ 'ਚ ਤਿੰਨ ਲੋਕਾਂ ਦੇ ਸਫਰ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ। ਵਾਹਨਾਂ ’ਤੇ ਸਵਾਰੀ ਬਿਠਾਉਣ ਨੂੰ ਲੈ ਕੇ ਪਾਬੰਦੀਆਂ ਕਾਰਣ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਪਹਿਲਾਂ ਬਾਈਕ ’ਤੇ ਇਕ, ਕਾਰ 'ਚ ਡਰਾਈਵਰ ਸਮੇਤ ਤਿੰਨ ਲੋਕਾਂ ਨੂੰ ਸਫਰ ਕਰਨ ਦੀ ਇਜਾਜ਼ਤ ਸੀ। ਹਾਲਾਂਕਿ ਯੂ. ਟੀ. ਨੇ ਨਿਰਦੇਸ਼ ਦਿੱਤੇ ਹਨ ਕਿ ਸਾਰਿਆਂ ਨੂੰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ ਅਤੇ ਵਾਹਨਾਂ ਨੂੰ ਵੀ ਰੈਗੂਲਰ ਰੂਪ ਤੋਂ ਸੈਨੇਟਾਈਜ਼ ਕਰਨਾ ਹੋਵੇਗਾ। ਯੂ. ਟੀ. ਪ੍ਰਸ਼ਾਸਕ ਵੀ. ਪੀ. ਸਿੰਘ ਬਦਨੌਰ ਦੀ ਬਾਰ ਰੂਮ ਦੀ ਪ੍ਰਧਾਨਗੀ 'ਚ ਹੋਈ ਮੀਟਿੰਗ ਤੋਂ ਬਾਅਦ ਇਸ ਸੰਬੰਧ 'ਚ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ ਦੁਕਾਨਾਂ, ਰੈਸਟੋਰੈਂਟ ਦੇ ਖੁੱਲ੍ਹਣ ਦੇ ਸਮੇਂ ਨੂੰ ਵੀ ਵਧਾ ਦਿੱਤਾ ਗਿਆ ਹੈ, ਜੋ ਹੁਣ ਸਵੇਰੇ 10 ਤੋਂ ਲੈ ਕੇ ਰਾਤ 9 ਵਜੇ ਤੱਕ ਖੋਲ੍ਹੇ ਜਾ ਸਕਦੇ ਹਨ।
ਮਾਰਕਿਟਾਂ 'ਚ ਹੁਣ ਸਾਰੀਆਂ ਦੁਕਾਨਾਂ ਖੁੱਲ੍ਹਣਗੀਆਂ
ਸਿਲੈਕਟਿਡ ਮਾਰਕਿਟ ਅਤੇ ਸਟਰੀਟ ਵੈਂਡਰਾਂ ’ਤੇ ਲਾਇਆ ਗਿਆ ਓਡ-ਈਵਨ ਸਿਸਟਮ ਹਟਾ ਦਿੱਤਾ ਗਿਆ ਹੈ। ਸੈਕਟਰ-22 ਸ਼ਾਸਤਰੀ ਮਾਰਕਿਟ ਅਤੇ ਸੈਕਟਰ-19 ਸਦਰ ਬਾਜ਼ਾਰ, ਸੈਕਟਰ-41 ਸਮੇਤ ਹੋਰ ਮਾਰਕਿਟ ਓਡ-ਈਵਨ ਸਿਸਟਮ ’ਤੇ ਖੁੱਲ੍ਹ ਰਹੀਆਂ ਸਨ, ਜੋ ਹੁਣ ਰੋਜ਼ਾਨਾ ਖੁੱਲ੍ਹਿਆ ਕਰਨਗੀਆਂ। ਦੁਕਾਨਦਾਰ ਕਾਫ਼ੀ ਸਮੇਂ ਤੋਂ ਓਡ-ਈਵਨ ਸਿਸਟਮ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ। ਇਸ ਨੂੰ ਲੈ ਕੇ ਕਈ ਵਾਰ ਉਨ੍ਹਾਂ ਨੇ ਯੂ. ਟੀ. ਐਡਵਾਈਜ਼ਰ ਨਾਲ ਵੀ ਮੁਲਾਕਾਤ ਕੀਤੀ ਸੀ।
ਨਾਈਟ ਸ਼ਿਫਟ ਦੀ ਮਨਜ਼ੂਰੀ ਪਰ ਕਰਫਿਊ ਸਮੇਂ 'ਚ ਬਾਹਰ ਨਹੀਂ ਆ ਸਕਦੇ
ਕਾਲ ਸੈਂਟਰਾਂ ਅਤੇ ਇੰਡਸਟ੍ਰੀਅਲ ਇਸਟੈਬਲਿਸ਼ਮੈਂਟ 'ਚ ਨਾਈਟ ਸ਼ਿਫਟ ਆਪਰੇਟ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ ਪਰ ਰਾਤ 10 ਤੋਂ ਲੈ ਕੇ ਸਵੇਰੇ 5 ਵਜੇ ਤੱਕ ਕਰਫਿਊ ਸਮੇਂ ਦੌਰਾਨ ਮੁਲਾਜ਼ਮਾਂ ਨੂੰ ਦਫ਼ਤਰ, ਫੈਕਟਰੀ ਤੋਂ ਬਾਹਰ ਨਿਕਲਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ ਅਤੇ ਅਥਾਰਿਟੀ ਨੂੰ ਹੀ ਇਸ ਦੀ ਵਿਵਸਥਾ ਕਰਨੀ ਹੋਵੇਗੀ।
ਬਾਰ ਨਹੀਂ ਖੁੱਲ੍ਹਣਗੇ, ਵਿਆਹ ਸਮਾਗਮ ’ਚ ਵੀ ਲਿਕਰ ਸਰਵ ਕਰਨ ਲਈ ਲੈਣੀ ਹੋਵੇਗੀ ਮਨਜ਼ੂਰੀ
ਹਾਲੇ ਫਿਲਹਾਲ ਬਾਰ ਬੰਦ ਰਹਿਣਗੇ ਅਤੇ ਐਕਸਾਈਜ਼ ਮਹਿਕਮੇ ਤੋਂ ਮਨਜ਼ੂਰੀ ਤੋਂ ਬਾਅਦ ਵਿਆਹ ਸਮਾਗਮਾਂ 'ਚ ਅਲਕੋਹਲਿਕ ਡਰਿੰਕਸ ਸਰਵ ਕਰਨ ਦੀ ਮਨਜ਼ੂਰੀ ਮਿਲੇਗੀ।
ਇੰਟਰਸਟੇਟ ਬੱਸ ਸਰਵਿਸ ਬੰਦ ਰਹੇਗੀ। ਪਹਿਲਾਂ ਪ੍ਰਸ਼ਾਸਨ ਨੇ ਬੱਸ ਸਰਵਿਸ ਸ਼ੁਰੂ ਕਰ ਦਿੱਤੀ ਸੀ, ਜਿਸ ਨੂੰ ਗੁਆਂਢੀ ਰਾਜਾਂ 'ਚ ਕੇਸ ਵਧਣ ਤੋਂ ਬਾਅਦ ਬੰਦ ਕਰ ਦਿੱਤਾ ਸੀ।
ਸਿਨੇਮਾ ਹਾਲ, ਸਵੀਮਿੰਗ ਪੂਲ, ਜਿਮ, ਇੰਟਰਟੇਨਮੈਂਟ ਪਾਰਕ, ਸਪਾ, ਥਿਏਟਰ, ਆਡੀਟੋਰੀਅਮ, ਅਸੈਂਬਲੀ ਹਾਲ ਸਮੇਤ ਹੋਰ ਇਸੇ ਤਰ੍ਹਾਂ ਦੀਆਂ ਥਾਂਵਾਂ ਬੰਦ ਰਹਿਣਗੀਆਂ। ਕਿਸੇ ਵੀ ਤਰ੍ਹਾਂ ਦੇ ਸੋਸ਼ਲ, ਰਾਜਨੀਤਕ, ਸਪੋਟਰਸ, ਇੰਟਰਟੇਨਮੈਂਟ, ਸੱਭਿਆਚਰਕ, ਧਾਰਮਿਕ ਗੈਦਰਿੰਗ ’ਤੇ ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਾਬੰਦੀ ਰਹੇਗੀ।
ਆਪਣੀ ਮੰਡੀ ਅਤੇ ਆਰਗੇਨਿਕ ਮਾਰਕੀਟ ਪਹਿਲਾਂ ਵਾਂਗ ਹੀ ਅਗਲੇ ਹੁਕਮਾਂ ਤੱਕ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ।
ਉਲੰਘਣਾ ’ਤੇ ਲੱਗੇਗਾ ਜੁਰਮਾਨਾ
ਨਿਰਦੇਸ਼ਾਂ 'ਚ ਕਿਹਾ ਗਿਆ ਹੈ ਕਿ ਮਾਸਕ ਅਤੇ ਸਮਾਜਿਕ ਦੂਰੀ ਦੀ ਖਾਸ ਤੌਰ ’ਤੇ ਪਾਲਣਾ ਕੀਤੀ ਜਾਵੇਗੀ ਅਤੇ ਜੇਕਰ ਕੋਈ ਵੀ ਵਿਅਕਤੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ’ਤੇ ਜ਼ੁਰਮਾਨਾ ਲਾਇਆ ਜਾਵੇਗਾ। ਸਲਾਹਕਾਰ ਮਨੋਜ ਪਰਿਦਾ ਨੇ ਕਿਹਾ ਕਿ ਮਿਨਿਸਟਰੀ ਆਫ ਹੋਮ ਅਫੇਅਰਜ਼ ਨੇ ਅਨਲਾਕ-2 ਨੂੰ ਲੈ ਕੇ ਜੋ ਨਿਰਦੇਸ਼ ਜਾਰੀ ਕੀਤੇ ਹਨ, ਉਨ੍ਹਾਂ ਨੂੰ ਹੀ ਯੂ. ਟੀ. ਨੇ ਅਡਾਪਟ ਕੀਤਾ ਹੈ ਅਤੇ ਉਸੇ ਤਹਿਤ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।
 


Babita

Content Editor

Related News