ਹਰਗੋਬਿੰਦ ਨਗਰ ਇਲਾਕੇ ''ਚ ਨਾਜਾਇਜ਼ ਕਬਜ਼ੇ ਕਰਕੇ ਬੈਠੇ ਦੁਕਾਨਦਾਰ

04/08/2018 4:23:25 AM

ਫਗਵਾੜਾ, (ਅਭਿਸ਼ੇਕ)- ਫਗਵਾੜਾ ਦੇ ਹਰਗੋਬਿੰਦ ਨਗਰ 'ਚ ਚੌਪਾਟੀ ਦੇ ਕਰੀਬ ਦੁਕਾਨਾਂ ਵੱਲੋਂ ਸਰਕਾਰੀ ਜਗ੍ਹਾ 'ਤੇ ਧੜੱਲੇ ਨਾਲ ਨਾਜਾਇਜ਼ ਕਬਜ਼ੇ ਕਰਕੇ ਨਿਯਮਾਂ ਦੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਈ ਨਾਮੀ ਦੁਕਾਨਦਾਰ ਸਰਕਾਰੀ ਜਗ੍ਹਾ ਨੂੰ ਆਪਣੀ ਹੀ ਜਗੀਰ ਸਮਝ ਕੇ ਨਾਜਾਇਜ਼ ਕਬਜ਼ੇ ਕਰਕੇ ਬੈਠੇ ਹਨ। ਇਹ ਆਲਮ ਕਈ ਸਾਲਾਂ ਤੋਂ ਇਸ ਤਰ੍ਹਾਂ ਹੀ ਚਲਦਾ ਆ ਰਿਹਾ ਹੈ ਪਰ ਪ੍ਰਸ਼ਾਸਨ ਅੱਖਾਂ ਬੰਦ ਕਰਕੇ ਤਮਾਸ਼ਾ ਦੇਖ ਰਿਹਾ ਹੈ। 
ਜ਼ਿਕਰਯੋਗ ਹੈ ਕਿ ਸ਼ਹਿਰ ਦੇ ਇਕ ਮਹੱਤਵਪੂਰਨ ਇਲਾਕੇ 'ਚ ਇਸ ਤਰ੍ਹਾਂ ਨਾਜਾਇਜ਼ ਤਰੀਕੇ ਨਾਲ ਹੋਇਆ ਕਬਜ਼ਾ ਪ੍ਰਸ਼ਾਸਨ ਦੀ ਭਾਰੀ ਨਾਲਾਇਕੀ ਦਾ ਸਬੂਤ ਹੈ। ਇਸਨੂੰ ਦੇਖ ਕੇ ਹੀ ਇਹ ਸਾਫ ਸਾਬਿਤ ਹੁੰਦਾ ਹੈ ਕਿ ਬਿਨਾਂ ਪ੍ਰਸ਼ਾਸਨ ਦੀ ਮਿਲੀਭੁਗਤ ਦੇ ਇਹ ਸਾਰਾ ਖੇਡ ਨਾਮੁਮਕਿਨ ਹੈ ਤੇ ਇਹ ਸ਼ਰੇਆਮ ਹੋ ਰਿਹਾ ਨਾਜਾਇਜ਼ ਕੰਮ ਆਪਣੇ-ਆਪ 'ਚ ਪ੍ਰਸ਼ਨ ਖੜ੍ਹੇ ਕਰਦਾ ਹੈ। 
ਸਰਕਾਰੀ ਰਸਤੇ 'ਤੇ ਹੀ ਖੜ੍ਹੀ ਕਰਕੇ ਰੱਖੀ ਦੁਕਾਨ ਦੀ ਦੀਵਾਰ
ਨਾਜਾਇਜ਼ ਕਬਜ਼ੇ ਦੇ ਮਾਮਲੇ 'ਚ ਹੱਦ ਦੀ ਗੱਲ ਤਾਂ ਉਦੋਂ ਸਾਹਮਣੇ ਆਉਂਦੀ ਹੈ ਜਦੋਂ ਇਕ ਨਾਮੀ ਦੁਕਾਨਦਾਰ ਵਲੋਂ ਸਰਕਾਰੀ ਰਸਤੇ 'ਤੇ ਹੀ ਸ਼ਰੇਆਮ ਦੁਕਾਨ ਦੀ ਦੀਵਾਰ ਖੜ੍ਹੀ ਕੀਤੀ ਗਈ ਦਿਖਾਈ ਦਿੰਦੀ ਹੈ। ਇਸ ਨਾਜਾਇਜ਼ ਕਬਜ਼ੇ ਨੂੰ ਹੋਇਆਂ ਵੀ ਕਈ ਸਾਲ ਬੀਤ ਚੁੱਕੇ ਹਨ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਤੇ ਉਕਤ ਦੁਕਾਨਦਾਰ ਨਿਡਰ ਹੋ ਕੇ ਨਾਜਾਇਜ਼ ਕਬਜ਼ੇ ਕਰਕੇ ਬੈਠਾ ਹੈ ਤੇ ਨਿਯਮ ਕਾਨੂੰਨਾਂ ਨੂੰ ਚੂਨਾ ਲਾ ਰਿਹਾ ਹੈ। 
ਅਫਸਰਾਂ ਨੂੰ ਤੁਰੰਤ ਸਸਪੈਂਡ ਕਰੇ ਸਰਕਾਰ : ਵਿਰਦੀ
ਇਸ ਵਿਸ਼ੇ 'ਤੇ ਵਿਚਾਰ ਰੱਖਦੇ ਹੋਏ ਸਮਾਜ ਸੇਵਕ ਐੱਸ. ਕੇ. ਵਿਰਦੀ ਨੇ ਕਿਹਾ ਕਿ ਇਸ ਤਰ੍ਹਾਂ ਹੋਏ ਨਾਜਾਇਜ਼ ਕਬਜ਼ੇ 'ਤੇ ਪ੍ਰਸ਼ਾਸਨ ਦਾ ਕਾਰਵਾਈ ਨਾ ਕਰਨਾ ਅਫਸਰਾਂ ਦੀ ਭਾਰੀ ਲਾਪ੍ਰਵਾਹੀ ਦਾ ਸਬੂਤ ਹੈ। ਉਨ੍ਹਾਂ ਕਿਹਾ ਕਿ ਅਫਸਰਾਂ ਨੂੰ ਤਾਂ ਜਨਤਾ ਦੀ ਪ੍ਰੇਸ਼ਾਨੀ ਦੀ ਕੋਈ ਪ੍ਰਵਾਹ ਨਹੀਂ ਹੈ ਤੇ ਨਾ ਹੀ ਕੋਈ ਜ਼ਿੰਮੇਵਾਰੀ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਇਸ ਤਰ੍ਹਾਂ ਦੇ ਅਫਸਰਾਂ ਨੂੰ ਜਲਦ ਹੀ ਸਸਪੈਂਡ ਕੀਤਾ ਜਾਵੇ ਤਾਂਕਿ ਪ੍ਰਸ਼ਾਸਨ 'ਚ ਕੋਈ ਸੁਧਾਰ ਹੋ ਸਕੇ।
ਕੀ ਕਹਿੰਦੇ ਹਨ ਕਮਿਸ਼ਨਰ 
ਇਸ ਸਬੰਧੀ ਜਦੋਂ ਫਗਵਾੜਾ ਦੇ ਨਗਰ ਨਿਗਮ ਕਮਿਸ਼ਨਰ ਬਖਤਾਵਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਬਹੁਤ ਹੀ ਸਹਿਜਤਾ ਦੇ ਗੰਭੀਰਤਾ ਨਾਲ ਇਸ ਪੂਰੇ ਮਾਮਲੇ ਨੂੰ ਸੁਣਦੇ ਹੋਏ ਕਿਹਾ ਕਿ ਨਾਜਾਇਜ਼ ਇਕਰੋਚਮੈਂਟ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਜਲਦ ਹੀ ਇਸ 'ਤੇ ਕਾਰਵਾਈ ਕਰਦੇ ਹੋਏ ਨਾਜਾਇਜ਼ ਕਬਜ਼ਾ ਢਾਹ ਦਿੱਤਾ ਜਾਵੇਗਾ।


Related News