ਯੂਨੀਵਰਸਿਟੀ ਦੀ ਜਾਅਲੀ ਰਸੀਦ ਬਣਾਉਂਣ ਵਾਲੇ ਪ੍ਰੋਫੈਸਰ ''ਤੇ ਮਾਮਲਾ ਦਰਜ
Tuesday, Sep 12, 2017 - 12:52 PM (IST)
ਤਲਵੰਡੀ ਸਾਬੋ (ਮੁਨੀਸ਼) - ਸਥਾਨਕ ਇਕ ਯੂਨੀਵਰਸਿਟੀ ਦੀਆਂ ਜਾਅਲੀ ਰਸੀਦ ਬੁੱਕਾਂ ਛਪਵਾ ਕੇ ਲੋਕਾਂ ਤੋਂ ਯੂਨੀਵਰਸਿਟੀ ਦੇ ਨਾਮ 'ਤੇ ਫੀਸਾਂ ਵਸੂਲਣ ਵਾਲੇ ਪ੍ਰੋਫੈਸਰ 'ਤੇ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਕਥਿਤ ਮੁਲਜ਼ਮ ਪ੍ਰੋਫੈਸਰ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਤੇ ਦਰਜ ਮਾਮਲੇ ਅਨੁਸਾਰ ਯੂਨੀਵਰਸਿਟੀ ਦੇ ਰਜਿਸਟਰਾਰ ਜਗਤਾਰ ਸਿੰਘ ਧੀਮਾਨ ਵੱਲੋਂ ਤਲਵੰਡੀ ਸਾਬੋ ਪੁਲਸ ਨੂੰ ਦਿੱਤੀ ਗਈ ਇਕ ਦਰਖਾਸਤ 'ਚ ਦੋਸ਼ ਲਾਇਆ ਗਿਆ ਹੈ ਕਿ ਰਮਨ ਕੁਮਾਰ ਪ੍ਰੋਫੈਸਰ ਵਾਸੀ ਅਹਿਮਦਗੜ੍ਹ ਜ਼ਿਲਾ ਸੰਗਰੂਰ ਨੇ ਇਕ ਵਿਦਿਆਰਥਣ ਰੀਤੂ ਰਾਣੀ ਤੋਂ ਐੱਮ.ਫਿਲ ਜਮਾਤ ਦੀ ਡਿਗਰੀ ਦੇਣ ਦੇ ਬਦਲੇ ਉਸ ਤੋਂ ਵੀਹ ਹਜ਼ਾਰ ਰੁਪਏ ਲੈ ਲਏ। ਵਿਦਿਆਰਥਣ ਨੂੰ ਕਥਿਤ ਤੌਰ 'ਤੇ ਯੂਨੀਵਰਸਿਟੀ ਦੀ ਜਾਅਲੀ ਰਸੀਦ ਦੇ ਦਿੱਤੀ, ਜਿਸ ਦਾ ਕਾਫੀ ਸਮੇਂ ਬਾਅਦ ਵਿਦਿਆਰਥਣ ਨੂੰ ਪਤਾ ਲੱਗਿਆ ਤਾਂ ਉਸ ਨੇ ਯੂਨੀਵਰਸਿਟੀ 'ਚ ਇਸ ਸਬੰਧੀ ਸੰਪਰਕ ਕੀਤਾ, ਜਿਸ ਤੋਂ ਉਸ ਨੂੰ ਜਾਣਕਾਰੀ ਮਿਲੀ ਕਿ ਯੂਨੀਵਰਸਿਟੀ ਵਿਚ ਉਸ ਦੀ ਕੋਈ ਵੀ ਫੀਸ ਜਮ੍ਹਾ ਨਹੀਂ ਹੋਈ ਤੇ ਉਸ ਨੂੰ ਦਿੱਤੀ ਗਈ ਰਸੀਦ ਜਾਅਲੀ ਹੈ, ਜਿਸ ਬਾਰੇ ਵਿਦਿਆਰਥਣ ਨੇ ਯੂਨੀਵਰਸਿਟੀ ਦੇ ਅਧਿਕਾਰੀਆਂ ਦੇ ਮਾਮਲਾ ਧਿਆਨ 'ਚ ਲਿਆਂਦਾ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਮਲੇ ਦੀ ਸ਼ਿਕਾਇਤ ਤਲਵੰਡੀ ਸਾਬੋ ਪੁਲਸ ਕੋਲ ਕੀਤੀ।
ਤਲਵੰਡੀ ਸਾਬੋ ਪੁਲਸ ਨੇ ਯੂਨੀਵਰਸਿਟੀ ਦੇ ਰਜਿਸਟਰਾਰ ਜਗਤਾਰ ਸਿੰਘ ਧੀਮਾਨ ਦੇ ਬਿਆਨਾਂ 'ਤੇ ਰਮਨ ਕੁਮਾਰ ਵਾਸੀ ਅਹਿਮਦਗੜ੍ਹ ਜ਼ਿਲਾ ਸੰਗਰੂਰ ਦੇ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮੁਖੀ ਮਨੋਜ ਸ਼ਰਮਾ ਨੇ ਦੱਸਿਆ ਕਿ ਕਥਿਤ ਮੁਲਜ਼ਮ ਰਮਨ ਕੁਮਾਰ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।
