ਯੂਨਾਈਟਿਡ ਅਕਾਲੀ ਦਲ ਨੇ ਜਾਰੀ ਕੀਤੇ ਵੀਡੀਓ,  ਸੰਗਤਾਂ ''ਤੇ ਲਾਠੀਚਾਰਜ-ਗੋਲੀਬਾਰੀ ਦੇ ਦੋਸ਼

Tuesday, Aug 22, 2017 - 02:48 AM (IST)

ਯੂਨਾਈਟਿਡ ਅਕਾਲੀ ਦਲ ਨੇ ਜਾਰੀ ਕੀਤੇ ਵੀਡੀਓ,  ਸੰਗਤਾਂ ''ਤੇ ਲਾਠੀਚਾਰਜ-ਗੋਲੀਬਾਰੀ ਦੇ ਦੋਸ਼

ਬਠਿੰਡਾ,   (ਸੁਖਵਿੰਦਰ)-  ਬਹਿਬਲ ਕਲਾਂ ਵਿਖੇ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਕੋਟਕਪੂਰਾ ਵਿਖੇ ਸਿੱਖ ਸੰਗਤ 'ਤੇ ਕੀਤੇ ਗਏ ਲਾਠੀਚਾਰਜ ਅਤੇ ਗੋਲੀਬਾਰੀ ਦੇ ਮਾਮਲੇ ਵਿਚ ਯੂਨਾਈਟਿਡ ਅਕਾਲੀ ਦਲ ਨੇ ਪੁਲਸ ਦੀ ਭੂਮਿਕਾ 'ਤੇ ਕਈ ਸਵਾਲ ਉਠਾਏ ਹਨ। ਦਲ ਵੱਲੋਂ ਸਿੱਖਾਂ 'ਤੇ ਕੀਤੇ ਲਾਠੀਚਾਰਜ ਦੇ ਕੁਝ ਵੀਡੀਓ ਜਾਰੀ ਕਰ ਕੇ ਪੁਲਸ ਦੀ ਕਾਰਗੁਜ਼ਾਰੀ ਦੀ ਮੁਕੰਮਲ ਪੜਤਾਲ ਦੇ ਨਾਲ-ਨਾਲ ਪੁਲਸ ਨੂੰ ਲੀਡ ਕਰ ਰਹੇ ਆਈ.ਜੀ. ਪਰਜਰਾਜ ਸਿੰਘ ਉਮਰਾਨੰਗਲ ਦੀ ਕਾਲ ਡਿਟੇਲ ਕਢਵਾਉਣ ਦੀ ਮੰਗ ਕੀਤੀ ਹੈ। 
ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਵੱਲੋਂ ਪ੍ਰੈੱਸ ਕਲੱਬ 'ਚ ਬੇਅਦਬੀ ਤੋਂ ਬਾਅਦ ਕੋਟਕਪੂਰਾ 'ਚ ਲੱਗੇ ਧਰਨੇ ਦੇ ਵੀਡੀਓ ਜਾਰੀ ਕੀਤੇ ਗਏ। ਇਸ ਮੌਕੇ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਨੇ ਕਿਹਾ ਕਿ ਸਿੱਖ ਸੰਗਤ 14 ਅਕਤੂਬਰ 2015 ਨੂੰ ਕੋਟਕਪੂਰਾ ਵਿਖੇ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਸ਼ਾਂਤਮਈ ਧਰਨਾ ਦੇ ਰਹੀ ਸੀ। ਇਸ ਦੌਰਾਨ ਆਈ.ਜੀ.ਪਰਮਰਾਜ ਸਿੰਘ ਉਮਰਾਨੰਗਲ ਦੀ ਅਗਵਾਈ ਹੇਠ ਵੱਡੀ ਗਿਣਤੀ 'ਚ ਪੁਲਸ ਤਾਇਨਾਤ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਪੂਰੀ ਕਾਰਵਾਈ ਦੌਰਾਨ ਸ਼੍ਰੀ ਉਮਰਾਨੰਗਲ ਪੂਰੇ ਧਰਨੇ ਦੌਰਾਨ ਕਿਸੇ ਵਿਅਕਤੀ ਨਾਲ ਫੋਨ 'ਤੇ ਗੱਲਬਾਤ ਕਰ ਰਹੇ ਸਨ ਜੋ ਲਗਭਗ ਪੂਰੀ ਕਾਰਵਾਈ ਦੌਰਾਨ ਚਲਦੀ ਰਹੀ। ਉਨ੍ਹਾਂ ਦੋਸ਼ ਲਾਇਆ ਕਿ ਪੁਲਸ ਵੱਲੋਂ ਹੀ ਜਾਣਬੁੱਝ ਕੇ ਸ਼ਾਂਤਮਈ ਧਰਨਾ ਦੇ ਰਹੇ ਸਿੱਖਾਂ ਨੂੰ ਉਕਸਾਇਆ ਗਿਆ ਪਰ ਫਿਰ ਵੀ ਕਿਸੇ ਸਿੱਖ ਵੱਲੋਂ ਲਾਠੀਚਾਰਜ ਨਹੀਂ ਕੀਤਾ ਗਿਆ ਅਤੇ ਉਹ ਆਪਣਾ ਜਾਪ ਕਰਦੇ ਰਹੇ। ਵੀਡੀਓ ਰਾਹੀਂ ਉਨ੍ਹਾਂ ਦਿਖਾਇਆ ਕਿ ਪਹਿਲਾਂ ਪੁਲਸ ਵੱਲੋਂ ਹੀ ਸਿੱਖਾਂ 'ਤੇ ਪਾਣੀ ਦੀਆਂ ਬੌਛਾਰਾਂ ਛੱਡੀਆਂ ਗਈਆਂ ਤੇ ਲਾਠੀਚਾਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਵੀਡੀਓ ਵਿਚ ਵੀ ਸਾਫ਼ ਦਿਖਾਈ ਦੇ ਰਿਹਾ ਹੈ, ਜਿਸ ਵਿਚ ਕੁਝ ਪੁਲਸ ਮੁਲਾਜ਼ਮ ਹਵਾਈ ਫਾਇਰ ਕਰ ਰਹੇ ਹਨ ਅਤੇ ਜਦਕਿ ਜ਼ਿਆਦਾਤਰ ਪੁਲਸ ਮੁਲਾਜ਼ਮ ਸਿੱਖਾਂ ਦੀ ਕੁੱਟਮਾਰ ਕਰਦੇ ਵੀ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਜਦੋਂ ਸਿੱਖਾਂ ਨੂੰ ਪੁਲਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਬਾਅਦ ਵਿਚ ਪੁਲਸ ਦੇ ਮੁਲਾਜ਼ਮਾਂ ਨੇ ਸੜ ਰਹੇ ਇਕ ਟੈਂਪੂ (ਛੋਟਾ ਹਾਥੀ) ਦੀ ਅੱਗ ਬੁਝਾਉਣ ਦੀ ਕੋਸ਼ਿਸ਼ ਨਹੀਂ ਕੀਤੀ।
ਗੁਰਦੀਪ ਸਿੰਘ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਲੋਕਪਾਲ ਨੂੰ ਸਾਰੇ ਸਬੂਤ ਪੇਸ਼ ਕਰ ਕੇ ਸਿੱਖਾਂ 'ਤੇ ਲਾਠੀਚਾਰਜ ਕਰਨ ਅਤੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਅਫਸਰਾਂ ਅਤੇ ਹੋਰ ਲੋਕਾਂ ਦੇ ਨਾਂ ਜਨਤਕ ਕਰਨ ਦੀ ਮੰਗ ਕਰਨਗੇ ਜਦੋਂ ਕਿ ਆਈ.ਜੀ. ਦੀ ਫੋਨ ਕਾਲ ਡਿਟੇਲ ਵੀ ਕਢਵਾਉਣ ਦੀ ਮੰਗ ਕੀਤੀ ਜਾਵੇਗੀ। ਇਸ ਮੌਕੇ ਬਾਬਾ ਚਮਕੌਰ ਸਿੰਘ, ਸੀਤਾ ਰਾਮ ਦੀਪਕ, ਪ੍ਰਦੀਪ ਸੋਨੀ, ਸੁਖਰਾਜ ਸਿੰਘ ਨਿਆਮੀਵਾਲਾ, ਰਮਨਦੀਪ ਜੀਦਾ, ਬਾਬਾ ਬਲਜੀਤ ਸਿੰਘ ਗਿੱਲਪੱਤੀ ਆਦਿ ਮੌਜੂਦ ਸਨ।


Related News