ਹੁਸ਼ਿਆਰਪੁਰ ਦਾ ਇਹ ਵਿਆਹ ਬਣਿਆ ਚਰਚਾ ਦਾ ਵਿਸ਼ਾ, ਲਾਡ਼ਾ ਟਰੈਕਟਰ ’ਤੇ ਘਰ ਲਿਆਇਆ ਲਾੜੀ
Monday, Jan 11, 2021 - 12:30 PM (IST)
ਹੁਸ਼ਿਆਰਪੁਰ (ਅਮਰਿੰਦਰ)-ਡੋਲੀ ਰਵਾਨਾ ਕਰਦੇ ਸਮੇਂ ਦੋਹਾਂ ਪਰਿਵਾਰਾਂ ਦੀ ਨਜ਼ਰ ਡੋਲੀ ਵਾਲੀ ਕਾਰ ’ਤੇ ਰਹਿੰਦੀ ਹੈ, ਉਦੋਂ ਇਸ ਨੂੰ ਫੁੱਲਾਂ ਨਾਲ ਵਿਸ਼ੇਸ਼ ਤੌਰ ’ਤੇ ਸਜਾਇਆ ਜਾਂਦਾ ਹੈ। ਪੰਜਾਬੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ ਸ਼ੌਕ ਲਿਮੋਜ਼ਿਨ ਅਤੇ ਹੈਲੀਕਾਪਟਰ ’ਤੇ ਲਾੜੀ ਨੂੰ ਲੈ ਕੇ ਜਾਣ ਦੇ ਵੀ ਰਹੇ ਹਨ ਪਰ ਹੁਸ਼ਿਆਰਪੁਰ ਦੇ ਪਿੰਡ ਬਿਹਾਲਾ ਦਾ 24 ਸਾਲ ਦਾ ਨੌਜਵਾਨ ਗੁਰਪ੍ਰੀਤ ਸਿੰਘ ਆਪਣੇ ਵਿਆਹ ਵਿਚ ਬਰਾਤੀਆਂ ਨਾਲ ਮਹਿੰਗੀ ਕਾਰ ’ਤੇ ਨਹੀਂ ਸਗੋਂ ਫੁੱਲਾਂ ਨਾਲ ਸਜਾਏ ਟਰੈਕਟਰ ’ਤੇ ਬੈਠ ਕੇ ਵਿਆਹ ਵਾਲੀ ਥਾਂ ’ਤੇ ਪੁੱਜਾ।
ਇਹ ਵੀ ਪੜ੍ਹੋ : ਹਾਦਸੇ ’ਚ ਪਤੀ ਦੇ ਬਚਣ ਦੀ ਉਮੀਦ ਛੱਡ ਚੁੱਕੀ ਪਤਨੀ ਨੇ ਮੌਤ ਨੂੰ ਲਾਇਆ ਗਲੇ
ਇਹੀ ਨਹੀਂ ਵਿਆਹ ਸੰਪੰਨ ਹੋਣ ਦੇ ਬਾਅਦ ਡੋਲੀ ਵਾਲੀ ਕਾਰ ਦਾ ਇੰਤਜ਼ਾਰ ਕਰ ਰਹੇ ਲੜਕੀ ਦੇ ਪਰਿਵਾਰ ਵਾਲੇ ਇਹ ਵੇਖ ਕੇ ਹੈਰਾਨ ਰਹਿ ਗਏ, ਜਦੋਂ ਲਾੜਾ ਗੁਰਪ੍ਰੀਤ ਸਿੰਘ ਅਤੇ ਲਾੜੀ ਹਰਪ੍ਰੀਤ ਕੌਰ ਨੇ ਲਗਜਰੀ ਕਾਰ ਨੂੰ ਛੱਡ ਕੇ ਟਰੈਕਟਰ ’ਤੇ ਹੀ ਬੈਠ ਕੇ ਪਿੰਡ ਪਰਤਣ ਦਾ ਫੈਸਲਾ ਕੀਤਾ ਅਤੇ ਆਪ ਹੀ ਟਰੈਕਟਰ ਚਲਾ ਕੇ ਆਪਣੇ ਪਿੰਡ ਬਿਹਾਲਾ ਪਰਤਿਆ। ਸਾਰੇ ਟਰੈਕਟਰਾਂ ਨੂੰ ਫੁੱਲਾਂ ਨਾਲ ਸ਼ਾਨਦਾਰ ਢੰਗ ਨਾਲ ਸਜਾਇਆ ਗਿਆ ਸੀ।
ਇਹ ਵੀ ਪੜ੍ਹੋ : ਜਲੰਧਰ ਵਿਖੇ ਅਸ਼ਵਨੀ ਕੁਮਾਰ ਸ਼ਰਮਾ ਨੇ ਕੈਪਟਨ ’ਤੇ ਕੀਤੇ ਤਿੱਖੇ ਸ਼ਬਦੀ ਹਮਲੇ (ਵੀਡੀਓ)
ਵਿਆਹ ਤੋਂ ਪਹਿਲਾਂ ਹੀ ਲਾੜਾ-ਲਾੜੀ ਨੇ ਆਪਸ ਵਿਚ ਲਿਆ ਸੀ ਫੈਸਲਾ
ਹੁਸ਼ਿਆਰਪੁਰ ਦੇ ਚੱਬੇਵਾਲ ਕਸਬੇ ਤੋਂ 5 ਕਿਲੋਮੀਟਰ ਦੂਰ ਬਿਹਾਲਾ ਪਿੰਡ ਦਾ ਰਹਿਣ ਵਾਲਾ 24 ਸਾਲਾ ਗੁਰਪ੍ਰੀਤ ਸਿੰਘ ਅਤੇ ਪੱਟੀ ਪਿੰਡ ਦੀ ਰਹਿਣ ਵਾਲੀ ਹਰਪ੍ਰੀਤ ਕੌਰ ਆਪਸ ਵਿਚ ਪਿਆਰ ਕਰਦੇ ਸਨ। ਪਰਿਵਾਰਾਂ ਦੀ ਸਹਿਮਤੀ ਦੇ ਬਾਅਦ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਵਿਆਹ ਤੋਂ ਪਹਿਲਾਂ ਹੀ ਦਿੱਲੀ ਵਿਚ ਕੇਂਦਰ ਸਰਕਾਰ ਦੇ ਤਿੰਨਾਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਚਲ ਰਹੇ ਸੰਘਰਸ਼ ਨੂੰ ਸਮਰਥਨ ਦੇਣ ਲਈ ਆਪਣੇ ਵਿਆਹ ਵਿਚ ਲਗਜਰੀ ਕਾਰ ਦੀ ਬਜਾਏ ਟਰੈਕਟਰਾਂ ’ਤੇ ਸਵਾਰ ਬਰਾਤ ਅਤੇ ਵਿਆਹ ਦੇ ਬਾਅਦ ਫੁੱਲਾਂ ਨਾਲ ਸਜੀ ਲਗਜਰੀ ਕਾਰ ਵਾਲੀ ਡੋਲੀ ਦੀ ਬਜਾਏ ਟਰੈਕਟਰ ਉੱਤੇ ਸਵਾਰ ਹੋ ਕੇ ਬਿਹਾਲਾ ਪਿੰਡ ਪਰਤਣ ਦਾ ਫ਼ੈਸਲਾ ਲਿਆ ਸੀ।
ਇਹ ਵੀ ਪੜ੍ਹੋ : ਹੁਣ ਆਦਮਪੁਰ ਤੋਂ ਮੁੰਬਈ ਦੀ ਫਲਾਈਟ ਨਹੀਂ ਭਰੇਗੀ ਉਡਾਣ, ਜਾਣੋ ਕਿਉਂ
ਬਰਾਤੀਆਂ ਨੇ ਕਿਹਾ, ਕੇਂਦਰ ਸਰਕਾਰ ਆਪਣੇ ਤਿੰਨਾਂ ਕਾਨੂੰਨਾਂ ਨੂੰ ਲਵੇ ਵਾਪਸ
ਵਿਆਹ ਵਾਲੀ ਥਾਂ ’ਤੇ ਲਾੜਾ ਅਤੇ ਲਾੜੀ ਦੇ ਪਰਿਵਾਰ ਨੇ ਮੀਡੀਆ ਨੂੰ ਕਿਹਾ ਕਿ ਕੇਂਦਰ ਸਰਕਾਰ ਦੇ ਤਿੰਨਾਂ ਹੀ ਕਾਲੇ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਪਿਛਲੇ ਕਾਫ਼ੀ ਦਿਨਾਂ ਤੋਂ ਇਸ ਕੜਾਕੇ ਦੀ ਠੰਡ ਵਿਚ ਨਾ ਸਿਰਫ਼ ਸ਼ਾਂਤੀਪੂਰਵਕ ਧਰਨੇ ’ਤੇ ਬੈਠੇ ਸਗੋਂ 70 ਤੋਂ ਵੀ ਵਧੇਰੇ ਕਿਸਾਨਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਹਨ। ਕਿਸਾਨਾਂ ਦੇ ਸਮਰਥਨ ਵਿਚ ਜਦੋਂ ਬੱਚਿਆਂ ਨੇ ਟਰੈਕਟਰਾਂ ’ਤੇ ਬਰਾਤ ਅਤੇ ਟਰੈਕਟਰ ਨੂੰ ਹੀ ਡੋਲੀ ਬਣਾਉਣ ਦੀ ਇੱਛਾ ਜਤਾਈ ਤਾਂ ਇਸ ਕਾਰਜ ਵਿਚ ਪਿੰਡ ਦੇ ਸਾਰੇ ਲੋਕਾਂ ਅਤੇ ਰਿਸ਼ਤੇਦਾਰਾਂ ਨੇ ਵੀ ਆਪਣਾ ਯੋਗਦਾਨ ਪਾਇਆ ਅਤੇ ਸਾਰੇ ਆਪਣੇ-ਆਪਣੇ ਟਰੈਕਟਰ ਲੈ ਕੇ ਬਰਾਤ ਵਿਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਚੌਲਾਂਗ ਟੋਲ ਪਲਾਜ਼ਾ ’ਤੇ ਅਸ਼ਵਨੀ ਸ਼ਰਮਾ ਦਾ ਵਿਰੋਧ, ਵਿਖਾਈਆਂ ਕਾਲੀਆਂ ਝੰਡੀਆਂ
ਲਾੜਾ-ਲਾੜੀ 26 ਨੂੰ ਦਿੱਲੀ ਦੀ ਟਰੈਕਟਰ ਰੈਲੀ ਵਿਚ ਹੋਣਗੇ ਸ਼ਾਮਲ
ਬਿਹਾਲਾ ਪਿੰਡ ਵਿਚ ਨਵ-ਵਿਆਹੇ ਜੋੜੇ ਗੁਰਪ੍ਰੀਤ ਸਿੰਘ ਅਤੇ ਹਰਪ੍ਰੀਤ ਕੌਰ ਨੇ ਕਿਹਾ ਕਿ ਜ਼ਮੀਨ ਸਾਡੀ ਮਾਂ ਬਰਾਬਰ ਹੈ। ਕੇਂਦਰ ਸਰਕਾਰ ਦੇ ਕਾਨੂੰਨ ਕਿਸਾਨਾਂ ਲਈ ਮਾਰੂ ਹਨ। ਇਨ੍ਹਾਂ ਕਾਨੂੰਨਾਂ ਨਾਲ ਦੇਸ਼ ਦੇ ਪੂੰਜੀਪਤੀਆਂ ਨੂੰ ਹੀ ਲਾਭ ਹੋਵੇਗਾ, ਉਥੇ ਹੀ ਇਨ੍ਹਾਂ ਤਿੰਨਾਂ ਕਾਨੂੰਨਾਂ ਨਾਲ ਕਿਸਾਨ ਬਰਬਾਦ ਹੋ ਜਾਵੇਗਾ। ਕਿਸਾਨਾਂ ਦੇ ਸੰਘਰਸ਼ ਵਿਚ ਸ਼ਾਮਲ ਹੋਣ ਲਈ ਅਸੀਂ ਦੋਵੇਂ ਆਪਣੇ ਟਰੈਕਟਰ ’ਤੇ ਸਵਾਰ ਹੋ ਕੇ ਦਿੱਲੀ ਜਾਵਾਂਗੇ ਅਤੇ 26 ਜਨਵਰੀ ਨੂੰ ਹੋ ਰਹੀ ਟਰੈਕਟਰ ਰੈਲੀ ਵਿਚ ਅਸੀਂ ਦੋਵੇਂ ਸ਼ਾਮਲ ਹੋਵਾਂਗੇ ਅਤੇ ਹਰਪ੍ਰੀਤ ਕੌਰ ਹੀ ਟਰੈਕਟਰ ਚਲਾਵੇਗੀ।
ਇਹ ਵੀ ਪੜ੍ਹੋ : ਇਕਲੌਤੇ ਪੁੱਤ ਦਾ ਵਿਛੋੜਾ ਨਾ ਸਹਾਰ ਸਕੀ ਮਾਂ, ਮੌਤ ਦੇ ਦੋ ਦਿਨਾਂ ਬਾਅਦ ਹੀ ਸਦਮੇ ’ਚ ਤੋੜਿਆ ਦਮ
ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ