ਮਹਿੰਗੇ ਵਿਆਹਾਂ ਨੂੰ ਮਾਤ ਪਾਉਂਦੈ ਇਹ ਸਾਦਾ ਵਿਆਹ, ਸਕੂਟਰੀ ''ਤੇ ਲਿਆਇਆ ਡੋਲੀ (ਵੀਡੀਓ)
Tuesday, Mar 17, 2020 - 06:29 PM (IST)
ਫਰੀਦਕੋਟ (ਜਗਤਾਰ)— ਜ਼ਿੰਦਗੀ 'ਚ ਵਿਆਹ ਦਾ ਦਿਨ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਅੱਜ ਦੇ ਸਮੇਂ 'ਚ ਹਰ ਕੋਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਕੁਝ ਨਾ ਕੁਝ ਵੱਖਰਾ ਕਰ ਰਿਹਾ ਹੈ।
ਇਕ ਪਾਸੇ ਜਿੱਥੇ ਕਈ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਵੱਖਰੇ ਤਰੀਕੇ ਨਾਲ ਹੈਲੀਕਾਪਟਰ 'ਤੇ ਲਾੜੀ ਨੂੰ ਵਿਆਹੁਣ ਜਾ ਰਹੇ ਹਨ, ਤਾਂ ਉਥੇ ਹੀ ਕਈ ਲੋਕ ਮਹਿੰਗੀਆਂ ਗੱਡੀਆਂ ਦੀਆਂ ਵੀ ਵਰਤੋਂ ਕਰ ਰਹੇ ਹਨ। ਫਰੀਦਕੋਟ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਸਾਦਾ ਵਿਆਹ ਕਰਕੇ ਨਵੀਂ ਮਿਸਾਲ ਪੇਸ਼ ਕੀਤੀ ਹੈ।
ਫਰੀਦਕੋਟ 'ਚ ਲਾੜਾ ਸੁਖਦੇਵ ਸਿੰਘ ਆਪਣੀ ਲਾੜੀ ਦੀ ਡੋਲੀ ਬੜੇ ਵੱਖਰੇ ਹੀ ਅੰਦਾਜ਼ 'ਚ ਲੈ ਕੇ ਸਕੂਟਰੀ 'ਤੇ ਲੈ ਕੇ ਆਇਆ। ਆਪਣੀ ਵਹੁਟੀ ਨੂੰ ਸਕੂਟਰੀ ਦੀ ਬੈਕ ਸੀਟ 'ਤੇ ਬਿਠਾ ਕੇ ਇਥੋਂ ਦੇ ਸੁਖਦੇਵ ਸਿੰਘ ਨੇ ਸਾਧਾਰਨ ਵਿਆਹ ਦੀ ਮਿਸਾਲ ਪੇਸ਼ ਕੀਤੀ। ਸੁਖਦੇਵ ਨੇ ਵਿਆਹ 'ਚ ਕੋਈ ਵੀ ਫਜ਼ੂਲ ਖਰਚਾ ਨਹੀਂ ਕੀਤਾ।
ਦਿੱਤਾ ਇਹ ਖਾਸ ਸੰਦੇਸ਼
ਸੁਖਦੇਵ ਆਪਣੀ ਲਾੜੀ ਨੂੰ ਵਿਆਹਉਣ ਲਈ ਪਰਿਵਾਰ ਦੇ ਸਿਰਫ 5 ਜੀਅ ਹੀ ਨਾਲ ਲੈ ਕੇ ਗਿਆ। ਵਿਆਹ 'ਚ ਨਾ ਕੋਈ ਢੋਲ-ਧਮਾਕਾ,ਨਾ ਘੋੜੀ ਅਤੇ ਨਾ ਮੈਰੇਜ ਪੈਲੇਸ ਕੀਤਾ ਗਿਆ। ਸੁਖਦੇਵ ਸਿੰਘ ਆਪਣੀ ਲਾੜੀ ਨੂੰ ਵਿਆਹੁਣ ਲਈ ਐਕਟਿਵਾ 'ਤੇ ਸਵਾਰ ਹੋ ਕੇ ਗਿਆ, ਉਥੇ ਹੀ ਹੋਰ ਬਾਰਾਤ ਵੀ ਸਕੂਟਰਾਂ 'ਤੇ ਗਈ। ਖਾਸ ਗੱਲ ਇਹ ਰਹੀ ਕਿ ਲਾੜੇ ਨੇ ਆਪਣੀ ਸਕੂਟੀ 'ਤੇ 'ਸਾਦੇ ਵਿਆਹ, ਸਾਦੇ ਭੋਗ..ਨਾ ਕਰਜਾ ਨਾ ਰੋਗ' ਲਿਖਵਾਇਆ ਅਤੇ ਦੂਜਿਆਂ ਨੂੰ ਸੁਨੇਹਾ ਵੀ ਦਿੱਤਾ। ਸੁਖਦੇਵ ਦਾ ਮੰਨਨਾ ਹੈ ਕਿ ਸਾਦਾ ਵਿਆਹ ਕਰਨ ਨਾਲ ਬੇਫਜ਼ੂਲ ਖਰਚੇ ਤੋਂ ਬਚਤ ਹੁੰਦੀ ਹੈ ਅਤੇ ਕਰਜ਼ੇ ਦਾ ਡਰ ਵੀ ਨਹੀਂ ਹੁੰਦਾ। ਸੁਖਦੇਵ ਦੀ ਪਤਨੀ ਵੀ ਆਪਣੇ ਪਤੀ ਦੇ ਇਸ ਫੈਸਲੇ ਤੋਂ ਖੁਸ਼ ਨਜ਼ਰ ਆਈ।
ਸੁਖਦੇਵ ਨੇ ਦੱਸਿਆ ਕਿ ਅਸੀਂ ਆਪਣੀ ਗੁਜ਼ਾਇਸ਼ ਤੋਂ ਵੱਧ ਕੇ ਵਿਆਹਾਂ 'ਚ ਖਰਚਾ ਕਰਦੇ ਹਨ, ਜਿਸ ਦੇ ਲਈ ਅਸੀਂ ਕਰਜ਼ ਵੀ ਚੁੱਕਦੇ ਹਾਂ ਅਤੇ ਵਿਆਹਾਂ 'ਚ ਬੇਫਜ਼ੂਲ ਖਰਚ ਕਰਕੇ ਆਰਥਿਕ ਤੌਰ 'ਤੇ ਮੁਸ਼ਕਿਲ 'ਚ ਆ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਸਮਾਜ ਦੀ ਗੱਲ ਕੀਤੀ ਜਾਵੇ ਤਾਂ ਲੋਕ ਕਦੇ ਵੀ ਖੁਸ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੈਂ ਕਦੇ ਕਿਸੇ ਦੀ ਪਰਵਾਹ ਨਹੀਂ ਕੀਤੀ ਅਤੇ ਜੋ ਮੇਰੇ ਮਨ ਨੇ ਕਿਹਾ ਉਹ ਮੈਂ ਕੀਤਾ ਅਤੇ ਮੇਰੀ ਜੋ ਬਚਤ ਹੋਵੇਗੀ, ਉਸ ਨਾਲ ਮੇਰੀ ਪਤਨੀ ਦੀ ਪੜ੍ਹਾਈ ਪੂਰੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਮੈਂ ਸੋਚ ਕੇ ਰੱਖਿਆ ਸੀ ਕਿ ਆਪਣੇ ਵਿਆਹ 'ਚ 10 ਹਜ਼ਾਰ ਤੋਂ ਵੱਧ ਖਰਚਾ ਨਹੀਂ ਕਰਾਂਗਾ।