ਭਾਜਪਾ ਆਗੂਆਂ ਦੀ ਜ਼ਮੀਰ ਜਗਾਉਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਘੇਰਾਂਗੇ ਕੋਠੀ : ਬੈਂਸ

Thursday, Oct 08, 2020 - 01:35 AM (IST)

ਭਾਜਪਾ ਆਗੂਆਂ ਦੀ ਜ਼ਮੀਰ ਜਗਾਉਣ ਲਈ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਘੇਰਾਂਗੇ ਕੋਠੀ : ਬੈਂਸ

ਲੁਧਿਆਣਾ, (ਪਾਲੀ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਿਸਾਨੀ ਮੁੱਦੇ ’ਤੇ ਪੰਜਾਬ ਭਾਜਪਾ ਆਗੂਆਂ ਦੀ ਜ਼ਮੀਰ ਜਗਾਉਣ ਲਈ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦੀ ਫਗਵਾੜਾ ਸਥਿਤ ਕੋਠੀ ਦਾ ਘਿਰਾਓ ਕੀਤਾ ਜਾਵੇਗਾ, ਜਿਸ ਦੀਆਂ ਤਿਆਰੀਆਂ ਮੁਕੰਮਲ ਹਨ।

ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਦੇ ਅਹੁਦੇਦਾਰ 8 ਅਕਤੂਬਰ ਨੂੰ ਸਵੇਰੇ 11 ਵਜੇ ਕਾਲੇ ਚੋਲੇ ਪਾ ਕੇ ਸੋਮ ਪ੍ਰਕਾਸ਼ ਦੀ ਕੋਠੀ ਦੇ ਬਾਹਰ ਭਾਜਪਾ ਆਗੂਆਂ ਦੀ ਜ਼ਮੀਰ ਨੂੰ ਹਲੂਣਾ ਦੇਣਗੇ ਅਤੇ ਦੱਸਣਗੇ ਕਿ ਤੁਸੀਂ ਭਾਜਪਾਈ ਹੋਣ ਤੋਂ ਪਹਿਲਾਂ ਇਕ ਪੰਜਾਬੀ ਹੋ ਅਤੇ ਪੰਜਾਬ ਦੀ ਧਰਤੀ ਤੁਹਾਡੀ ਮਾਂ ਹੈ, ਇਸ ਲਈ ਆਪਣੀ ਮਾਂ ਨਾਲ ਗੱਦਾਰੀ ਕਰਨ ਦੀ ਥਾਂ ਪੰਜਾਬ ਦੀ ਅਸਲੀ ਸਥਿਤੀ ਕੇਂਦਰ ਸਰਕਾਰ ਕੋਲ ਪੇਸ਼ ਕਰੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨਾਲ ਤੋੜ-ਵਿਛੋੜੇ ਕਾਰਨ ਹੁਣ ਪੰਜਾਬ ਦੇ ਮੁੱਦੇ ਕੇਂਦਰ ਸਰਕਾਰ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਭਾਜਪਾ ਆਗੂਆਂ ਦੀ ਬਣਦੀ ਹੈ ਅਤੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜ ਰਹੀ ਹੈ।

ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ’ਤੇ ਟਿੱਪਣੀ ਕਰਦੇ ਹੋਏ ਬੈਂਸ ਨੇ ਕਿਹਾ ਕਿ ਕਰਜ਼ੇ ਦੀ ਦਲਦਲ ’ਚ ਗਲ ਤੱਕ ਡੁੱਬੀ ਕੈਪਟਨ ਸਰਕਾਰ ਨੂੰ ਇਹੋ ਜਿਹੀਆਂ ਸ਼ੋਸ਼ੇਬਾਜ਼ੀਆਂ ਸ਼ੋਭਾ ਨਹੀਂ ਦਿੰਦੀਆਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਅਤੇ ਹੋਰ ਖਰਚੇ ਪੂਰੇ ਕਰਨ ਲਈ 1100 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ ਅਤੇ ਹੁਣ ਪੰਜਾਬ ਸਰਕਾਰ ਦੀ ਡਿੱਗਦੀ ਸਾਖ ਨੂੰ ਬਚਾਉਣ ਲਈ ਆਪ ਦਿੱਲੀ ਜਾਣ ਦੀ ਥਾਂ ਰਾਹੁਲ ਨੂੰ ਪੰਜਾਬ ਬੁਲਾ ਕੇ ਉਸ ਦੀ ਸਕਿਓਰਟੀ ਅਤੇ ਹੋਰ ਪ੍ਰਬੰਧਾਂ ’ਤੇ ਕਰੋੜਾਂ ਰੁਪਏ ਪੰਜਾਬ ਦੇ ਖਜ਼ਾਨੇ ’ਚੋਂ ਖਰਚ ਕਰ ਦਿੱਤੇ ਹਨ।

ਪਟਿਆਲਾ ਪ੍ਰੈੱਸ ਕਾਨਫਰੰਸ ਦੌਰਾਨ ਕੈ. ਅਮਰਿੰਦਰ ਸਿੰਘ ਵੱਲੋਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਨੌਜਵਾਨਾਂ ਨੂੰ 1 ਲੱਖ ਸਰਕਾਰੀ ਨੌਕਰੀਆਂ ਦੇਣ ਦੇ ਐਲਾਨ ਨੂੰ ਹਾਸੋ-ਹੀਣਾ ਕਰਾਰ ਦਿੰਦੇ ਹੋਏ ਬੈਂਸ ਨੇ ਪੁੱਛਿਆ ਕਿ ਪਹਿਲੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਕਰਜ਼ਾ ਲਿਆ ਜਾ ਰਿਹਾ ਹੈ, ਨਵੇਂ ਇਕ ਲੱਖ ਮੁਲਾਜ਼ਮਾਂ ਨੂੰ ਕੈਪਟਨ ਸਾਹਿਬ ਤਨਖਾਹ ਕਿੱਥੋਂ ਦੇਣਗੇ?


author

Bharat Thapa

Content Editor

Related News